ਉੱਤਰੀ ਭਾਰਤ ਦੀਆਂ ਤਰਕਸ਼ੀਲ ਸੰਸਥਾਵਾਂ ਦੀ ਸਿਖਲਾਈ ਵਰਕਸ਼ਾਪ ਬਰਨਾਲਾ ਵਿਖੇ ਹੋਈ
ਸੁਮੀਤ ਅੰਮ੍ਰਿਤਸਰ
ਉੱਤਰੀ ਭਾਰਤ ਦੇ ਸੂਬਿਆਂ ਵਿੱਚ ਅੰਧ ਵਿਸ਼ਵਾਸ਼ਾਂ, ਅਖੌਤੀ ਚਮਤਕਾਰਾਂ, ਪਾਖੰਡੀ ਬਾਬਿਆਂ, ਜੋਤਸ਼ੀਆਂ, ਡੇਰਿਆਂ, ਫਿਰਕੂ ਅਤੇ ਗ਼ੈਰ ਵਿਗਿਆਨਕ ਵਰਤਾਰਿਆਂ ਵਿਰੁੱਧ ਵਿਗਿਆਨਕ ਚੇਤਨਾ ਮੁਹਿੰਮ ਤੇਜ਼ ਕਰਨ ਅਤੇ ਉਥੇ ਕੰਮ ਕਰਦੀਆਂ ਵੱਖ ਵੱਖ ਤਰਕਸ਼ੀਲ ਸੰਸਥਾਵਾਂ ਵਿੱਚ ਆਪਸੀ ਤਾਲਮੇਲ ਵਧਾਉਣ ਦੇ ਮਕਸਦ ਨੂੰ ਲੈ ਕੇ ਤਰਕਸ਼ੀਲ
ਸੁਸਾਇਟੀ ਪੰਜਾਬ ਦੇ ਸੱਦੇ ‘ਤੇ ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ, ਹਿਮਾਚਲ, ਰਾਜਸਥਾਨ, ਉਤਰਾਖੰਡ, ਝਾਰਖੰਡ ਸੂਬਿਆਂ ਦੀਆਂ ਤਰਕਸ਼ੀਲ ਸੰਸਥਾਵਾਂ ਅਤੇ ਪ੍ਰਗਤੀਸ਼ੀਲ ਕਾਰਕੁਨਾਂ ਦੀ ਦੋ ਰੋਜ਼ਾ ਸਿਖਲਾਈ ਵਰਕਸ਼ਾਪ 7-8 ਦਸੰਬਰ ਨੂੰ ਸੁਸਾਇਟੀ ਦੇ ਮੁੱਖ ਦਫਤਰ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਜਿਸ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ, ਤਰਕਸ਼ੀਲ ਸੁਸਾਇਟੀ ਹਰਿਆਣਾ, ਮਾਨਵਤਾਵਾਦੀ ਐਸੋਸੀਏਸ਼ਨ ਚੰਡੀਗੜ੍ਹ, ਸਾਇੰਸ ਫਾਰ ਸੁਸਾਇਟੀ ਉਤਰਾਖੰਡ, ਤਰਕਸ਼ੀਲ ਸੁਸਾਇਟੀ ਰਾਜਸਥਾਨ, ਨੌਜਵਾਨ ਭਾਰਤ ਸਭਾ ਦਿੱਲੀ, ਸਾਇੰਸ ਫਾਰ ਸੁਸਾਇਟੀ ਝਾਰਖੰਡ, ਗਿਆਨ ਵਿਗਿਆਨ ਸੰਮਤੀ ਹਰਿਆਣਾ, ਤਰਕਸ਼ੀਲ ਸੁਸਾਇਟੀ ਜੰਮੂ, ਤਰਕਸ਼ੀਲ ਸੁਸਾਇਟੀ ਭਾਰਤ, ਭਾਰਤੀ ਨਾਗਰਿਕ ਸਮਾਜਿਕ ਬਲ ਰਾਜਸਥਾਨ ਅਤੇ ਤਰਕਸ਼ੀਲ ਸੁਸਾਇਟੀ ਕੈਨੇਡਾ ਤੋਂ ਡੈਲੀਗੇਟ ਸ਼ਾਮਿਲ ਹੋਏ.
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕੌਮੀ ਤੇ ਕੌਮਾਂਤਰੀ ਤਾਲਮੇਲ ਵਿਭਾਗ ਦੇ ਸੂਬਾਈ ਮੁਖੀ ਜਸਵੰਤ ਮੁਹਾਲੀ ਨੇ ਸਿਖਲਾਈ ਵਰਕਸ਼ਾਪ ਦੇ ਮਕਸਦ ਬਾਰੇ ਚਾਨਣਾ ਪਾਉਂਦੇ ਹੋਏ ਸਾਰੇ ਡੈਲੀਗੇਟਾਂ ਨੂੰ ਜੀ ਆਇਆਂ ਕਿਹਾ. ਵਰਕਸ਼ਾਪ ਦੇ ਪਹਿਲੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਉਪਰੋਕਤ ਸੰਸਥਾਵਾਂ ਦੇ ਆਗੂਆਂ ਅਤੇ ਡੈਲੀਗੇਟਾਂ ਨੇ ਜਿੱਥੇ ਸਟੇਜ ਉਤੇ ਆਪਣੀ ਜਾਣ ਪਹਿਚਾਣ ਕਰਵਾਈ ਉਥੇ ਹੀ ਆਪਣੀ ਸੰਸਥਾ ਵੱਲੋਂ ਅੰਧ ਵਿਸ਼ਵਾਸ਼ਾਂ, ਪਾਖੰਡੀ ਬਾਬਿਆਂ, ਡੇਰਿਆਂ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਵਿਗਿਆਨਕ ਚੇਤਨਾ ਦੇ ਪ੍ਰਚਾਰ ਪ੍ਰਸਾਰ ਦੇ ਢੰਗ ਤਰੀਕਿਆਂ, ਸਮੱਸਿਆਵਾਂ, ਤਜਰਬਿਆਂ, ਸਰਗਰਮੀਆਂ ਅਤੇ ਤਰਕਸ਼ੀਲ ਸਾਹਿਤ ਬਾਰੇ ਜਾਣਕਾਰੀ ਸਾਂਝੀ ਕੀਤੀ.
ਦੂਜੇ ਸੈਸ਼ਨ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੀਨੀਅਰ ਆਗੂ ਭੂਰਾ ਸਿੰਘ ਮਹਿਮਾ ਸਰਜਾ ਨੇ ਸਮਾਜ ਵਿੱਚ ਅੰਧ ਵਿਸ਼ਵਾਸ਼, ਅੰਧ ਸ਼ਰਧਾ ਅਤੇ ਫਿਰਕਾਪ੍ਰਸਤੀ ਵਧਣ ਲਈ ਜ਼ਿੰਮੇਵਾਰ ਕਾਰਨਾਂ ਅਤੇ ਹਕੂਮਤਾਂ ਦੀ ਫ਼ਿਰਕੂ ਸਿਆਸਤ ਬਾਰੇ ਦੱਸਦਿਆਂ ਕਿਹਾ ਕਿ ਸਿਰਫ ਵਿਗਿਆਨਕ ਸੋਚ ਹੀ ਮਨੁੱਖ ਨੂੰ ਇਤਿਹਾਸ, ਸਮਾਜ, ਸਭਿਆਚਾਰ, ਆਰਥਿਕਤਾ, ਵਿਗਿਆਨ, ਸਿਆਸਤ ਅਤੇ ਰਾਜ ਪ੍ਰਬੰਧ ਨੂੰ ਸਮਝਣ, ਪਰਖਣ ਅਤੇ ਜਿੰਦਗੀ ਵਿੱਚ ਸਹੀ ਢੰਗ ਨਾਲ ਅਮਲ ਕਰਨ ਦੀ ਸੋਝੀ ਦਿੰਦੀ ਹੈ. ਉਨ੍ਹਾਂ ਕਿਹਾ ਕਿ ਸਾਨੂੰ ਧਰਮ ਅਤੇ ਫਿਰਕਾਪ੍ਰਸਤੀ ਵਿਚਲੇ ਫਰਕ ਨੂੰ ਸਮਝਣਾ ਚਾਹੀਦਾ ਹੈ. ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਪੰਜਾਬ ਦੀ ਤਰਕਸ਼ੀਲ ਲਹਿਰ ਦੇ ਚਾਰ ਦਹਾਕੇ ਦੇ ਵਿਕਾਸ ਅਤੇ ਸੂਬਾਈ ਜੋਨ ਅਤੇ ਇਕਾਈ ਪੱਧਰ ਤੇ ਕੰਮ ਕਰਦੇ ਵੱਖ ਵੱਖ ਵਿਭਾਗਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ.
ਤੀਜੇ ਸੈਸ਼ਨ ਵਿੱਚ ਤਰਕਸ਼ੀਲ ਲਹਿਰ ਵਿੱਚ ਨੌਜਵਾਨਾਂ, ਵਿਦਿਆਰਥੀਆਂ ਅਤੇ ਔਰਤਾਂ ਦੀ ਸ਼ਮੂਲੀਅਤ ਵਧਾਉਣ ਦੇ ਢੰਗ ਤਰੀਕਿਆਂ ਬਾਰੇ ਹਿਮਾਚਲ ਦੇ ਨੌਜਵਾਨ ਆਗੂ ਅਮਨਦੀਪ ਸਿੰਘ ਲੂਥਰਾ ਨੇ ਪਰਚਾ ਪੜ੍ਹਿਆ. ਉਸਨੇ ਕਿਹਾ ਕਿ ਸਾਨੂੰ ਵਿਦਿਆਰਥੀਆਂ ਵਿੱਚ ਹਰ ਘਟਨਾ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਸਮਝਣ ਦੀ ਮਾਨਸਿਕਤਾ ਪ੍ਰਫੁੱਲਿਤ ਕਰਨੀ ਚਾਹੀਦੀ ਹੈ ਅਤੇ ਵਿਦਿਆਰਥੀਆਂ ਦੇ ਪੱਧਰ ਦਾ ਤਰਕਸ਼ੀਲ ਸਾਹਿਤ ਵੱਧ ਤੋਂ ਵੱਧ ਲਿਖ ਕੇ ਵਿਦਿਆਰਥੀਆਂ ਤਕ ਪਹੁੰਚਾਉਣਾ ਚਾਹੀਦਾ ਹੈ. ਤਰਕਸ਼ੀਲ ਪਰਿਵਾਰਕ ਮਿਲਣੀਆਂ ਅਤੇ ਸੈਮੀਨਾਰਾਂ ਵਿੱਚ ਨੌਜਵਾਨਾਂ ਅਤੇ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਦੇ ਇਲਾਵਾ ਉਨ੍ਹਾਂ ਦੇ ਵਿਚਾਰ ਸੁਣਨੇ ਚਾਹੀਦੇ ਹਨ ਅਤੇ ਸਮੇਂ ਸਮੇਂ ਤੇ ਕਿਸੇ ਨਾ ਕਿਸੇ ਤਰਕਸ਼ੀਲ ਕਿਤਾਬ ਉੱਤੇ ਵਿਦਿਆਰਥੀਆਂ ਦੇ ਭਾਸ਼ਣ ਕਰਵਾਉਣੇ ਚਾਹੀਦੇ ਹਨ.
ਆਖਰੀ ਸੈਸ਼ਨ ਵਿੱਚ ਸੂਬਾਈ ਆਗੂ ਰਾਜਪਾਲ ਬਠਿੰਡਾ ਨੇ ਵਿਗਿਆਨਕ ਚੇਤਨਾ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਤਰਕਸ਼ੀਲ ਮੈਗਜ਼ੀਨ ਅਤੇ ਤਰਕਸ਼ੀਲ ਸਾਹਿਤ ਦੇ ਮਹੱਤਵ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਨੂੰ ਆਪਣਾ ਸਾਹਿਤ ਹਿੰਦੀ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਹਿੰਦੀ ਭਾਸ਼ੀ ਸੂਬਿਆਂ ਦੀਆਂ ਤਰਕਸ਼ੀਲ ਸੰਸਥਾਵਾਂ ਤੱਕ ਪਹੁੰਚਾਉਣਾ ਚਾਹੀਦਾ ਹੈ ਅਤੇ ਦੂਜੀਆਂ ਸੰਸਥਾਵਾਂ ਦੇ ਸਾਹਿਤ ਦਾ ਪੰਜਾਬੀ ਵਿੱਚ ਅਨੁਵਾਦ ਕਰਨਾ ਚਾਹੀਦਾ ਹੈ. ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਆਗੂ ਜੋਗਿੰਦਰ ਕੁੱਲੇਵਾਲ ਅਤੇ ਕਰਤਾਰ ਸਿੰਘ ਜਗਰਾਓਂ ਨੇ ਇਨਕਲਾਬੀ ਗੀਤ ਪੇਸ਼ ਕੀਤੇ ਜਦਕਿ ਜੋਨ ਪਟਿਆਲਾ ਦੇ ਆਗੂ ਰਾਮ ਕੁਮਾਰ ਵੱਲੋਂ ਪਾਖੰਡੀ ਬਾਬਿਆਂ ਦਾ ਪਰਦਾਫਾਸ਼ ਕਰਦੇ ਹੱਥ ਦੀ ਸਫਾਈ ਦੇ ਟਰਿੱਕ ਵਿਖਾ ਕੇ ਸਿੱਖਿਅਤ ਕੀਤਾ ਗਿਆ.
ਸਿਖਲਾਈ ਵਰਕਸ਼ਾਪ ਦੇ ਦੂਜੇ ਦਿਨ ਦੇ ਪਹਿਲੇ ਸੈਸ਼ਨ ਵਿੱਚ ਫ਼ਿਰਕੂ ਤਾਕਤਾਂ ਵੱਲੋਂ ਵਿਗਿਆਨਕ ਸੋਚ ਉੱਤੇ ਕੀਤੇ ਜਾ ਰਹੇ ਹਮਲਿਆਂ ਦਾ ਟਾਕਰਾ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ. ਤਰਕਸ਼ੀਲ ਆਗੂ ਭੂਰਾ ਸਿੰਘ ਮਹਿਮਾ ਸਰਜਾ ਨੇ ਮੋਦੀ ਹਕੂਮਤ ਵੱਲੋਂ ਹਿੰਦੂਤਵੀ ਏਜੰਡੇ ਹੇਠ ਸਮਾਜ ਵਿੱਚ ਫਿਰਕੂ ਨਫ਼ਰਤ ਫੈਲਾਉਣ, ਸਿੱਖਿਆ ਦੇ ਭਗਵਾਂਕਰਨ, ਵਪਾਰੀਕਰਨ ਅਤੇ ਸਦੀਆਂ ਤੋਂ ਤਰਕਸ਼ੀਲ ਵਿਚਾਰਧਾਰਾ ਉਤੇ ਕੀਤੇ ਜਾ ਰਹੇ ਫਿਰਕੂ ਫਾਸ਼ੀਵਾਦੀ ਹਮਲਿਆਂ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਸਮੁੱਚੀ ਤਰਕਸ਼ੀਲ ਲਹਿਰ ਨੂੰ ਜੱਥੇਬੰਦਕ, ਵਿਗਿਆਨਕ, ਸਮਾਜਿਕ, ਸਾਹਿਤਕ, ਸਭਿਆਚਾਰਕ, ਕਾਨੂੰਨੀ ਅਤੇ ਜਮਾਤੀ ਪੱਧਰ ਤੇ ਹੋਰ ਵਧ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾ ਕੇ ਫਿਰਕਾਪ੍ਰਸਤ ਤਾਕਤਾਂ ਦਾ ਇਕਜੁੱਟਤਾ ਨਾਲ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ.
ਦੂਜੇ ਸੈਸ਼ਨ ਵਿੱਚ ਵਿਗਿਆਨਕ ਚੇਤਨਾ ਦੇ ਪ੍ਰਸਾਰ ਵਿੱਚ ਸੋਸ਼ਲ ਮੀਡੀਆ ਦੇ ਮਹੱਤਵ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ. ਬੁਲਾਰਿਆਂ ਨੇ ਕਿਹਾ ਕਿ ਸੋਸ਼ਲ ਮੀਡੀਆ ਅੱਜ ਦੇ ਵਿਗਿਆਨਕ ਯੁੱਗ ਵਿੱਚ ਇੱਕ ਪ੍ਰਭਾਵਸ਼ਾਲੀ ਹਥਿਆਰ ਬਣ ਚੁੱਕਾ ਹੈ ਜਿਸ ਦੀਆਂ ਆਧੁਨਿਕ ਤਕਨੀਕਾਂ ਇਸਤੇਮਾਲ ਕਰਕੇ ਤਰਕਸ਼ੀਲ ਵਿਚਾਰਧਾਰਾ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾ ਸਕਦਾ ਹੈ. ਦੂਜੇ ਸੂਬਿਆਂ ਵਿੱਚ ਵਿਗਿਆਨਕ ਚੇਤਨਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਤਰਕਸ਼ੀਲ ਸਾਹਿਤ, ਤਰਕਸ਼ੀਲ ਮੈਗਜ਼ੀਨ ਅਤੇ ਸੋਸ਼ਲ ਮੀਡੀਆ ਮੁਹਿੰਮ ਨੂੰ ਹੋਰ ਸਰਗਰਮ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ.ਇਸ ਮੌਕੇ ਸਮੂਹ ਆਗੂਆਂ ਵੱਲੋਂ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਅਨੁਵਾਦਿਤ ਵਿਦਿਆਰਥੀ ਚੇਤਨਾ ਪ੍ਰੀਖਿਆ ਦੇ ਹਿੰਦੀ ਐਡੀਸ਼ਨ ਦੀ ਕਿਤਾਬ ‘ਵਿਗਿਆਨਕ ਚੇਤਨਾ’ ਰਿਲੀਜ਼ ਕੀਤੀ ਗਈ ਜਿਸਦੀਆਂ ਵੱਖ ਵੱਖ ਸੰਸਥਾਵਾਂ ਵੱਲੋਂ 400 ਕਾਪੀਆਂ ਹੱਥੋ ਹੱਥ ਖਰੀਦ ਲਈਆਂ ਗਈਆਂ.
ਤੀਜੇ ਸੈਸ਼ਨ ਵਿੱਚ ਅਖੌਤੀ ਭੂਤਾਂ ਪਰੇਤਾਂ, ਆਤਮਾਵਾਂ ਅਤੇ ਮਾਨਸਿਕ ਸਮੱਸਿਆਵਾਂ ਦੇ ਕੇਸ ਹੱਲ ਕਰਨ ਲਈ ਤਰਕਸ਼ੀਲ ਅਤੇ ਮਨੋਵਿਗਿਆਨਕ ਸਾਹਿਤ ਦਾ ਡੂੰਘਾਈ ਨਾਲ ਅਧਿਐਨ ਕਰਨ ਉੱਤੇ ਜ਼ੋਰ ਦਿੱਤਾ ਗਿਆ. ਇਸਦੇ ਇਲਾਵਾ ਪਾਖੰਡੀ ਬਾਬਿਆਂ, ਡੇਰਿਆਂ, ਜੋਤਸ਼ੀਆਂ, ਅੱਖਾਂ ਉਤੇ ਪੱਟੀ ਬੰਨ ਕੇ, ਸੁੰਘ ਕੇ ਪੜ੍ਹਨ ਵਾਲਿਆਂ ਅਤੇ ਸਮੇਂ ਸਮੇਂ ਤੇ ਵਾਪਰਦੀਆਂ ਗ਼ੈਰ ਵਿਗਿਆਨਕ ਘਟਨਾਵਾਂ ਵਿਰੁੱਧ ਆਮ ਲੋਕਾਂ ਨੂੰ ਹਰ ਪੱਧਰ ਤੇ ਜਾਗਰੂਕ ਕਰਨ ਅਤੇ ਪੂਰੇ ਮੁਲਕ ਵਿੱਚ ਇਕਸਾਰ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਬਣਾ ਕੇ ਲਾਗੂ ਕਰਨ ਲਈ ਹਰ ਪੱਧਰ ਤੇ ਆਪਣੇ ਯਤਨ ਤੇਜ਼ ਕੀਤੇ ਜਾਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ.
ਇਸ ਮੌਕੇ ਵੱਖ ਵੱਖ ਤਰਕਸ਼ੀਲ ਸੰਸਥਾਵਾਂ ਦੇ ਆਗੂਆਂ ਨੇ ਸਿਖਲਾਈ ਵਰਕਸ਼ਾਪ ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਵਿਗਿਆਨਕ ਚੇਤਨਾ ਅਤੇ ਲੋਕ ਪੱਖੀ ਸਮਾਜਿਕ ਅਤੇ ਸਭਿਆਚਾਰਕ ਤਬਦੀਲੀ ਦੇ ਖੇਤਰ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਅਤੇ ਤਰਕਸ਼ੀਲ ਸਾਹਿਤ ਵੈਨ ਸਮੇਤ ਸਮੇਂ ਸਮੇਂ ਤੇ ਕੀਤੇ ਜਾਂਦੇ ਵਿਸ਼ੇਸ਼ ਕਾਰਜਾਂ ਅਤੇ ਪ੍ਰੋਗਰਾਮਾਂ ਦੀ ਵਿਉਂਤਬੰਦੀ ਅਤੇ ਤਜਰਬੇ ਤੋਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜਿਸਨੂੰ ਉਹ ਆਪਣੇ ਸੂਬਿਆਂ ਵਿੱਚ ਵੀ ਲਾਗੂ ਕਰਨ ਦੇ ਉਪਰਾਲੇ ਕਰਨਗੇ.
ਵਰਕਸ਼ਾਪ ਦੇ ਆਖਰੀ ਸੈਸ਼ਨ ਵਿੱਚ ਸਮੂਹ ਸੰਸਥਾਵਾਂ ਦੇ ਆਗੂਆਂ ਵੱਲੋਂ ਤਰਕਸ਼ੀਲ ਸਾਹਿਤ, ਮੈਗਜ਼ੀਨ ਅਤੇ ਸੋਸ਼ਲ ਮੀਡੀਆ ਸਮੇਤ ਹੋਰਨਾਂ ਖੇਤਰਾਂ ਵਿੱਚ ਆਪਸੀ ਤਾਲਮੇਲ ਅਤੇ ਰਣਨੀਤੀ ਹੋਰ ਮਜ਼ਬੂਤ ਕਰਨ ਲਈ ਇਕ ਸਾਂਝੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਨੌਜਵਾਨ ਭਾਰਤ ਸਭਾ ਦਿੱਲੀ ਦੇ ਅਮਿਤ ਬੇਰਾ, ਤਰਕਸ਼ੀਲ ਸੁਸਾਇਟੀ ਹਰਿਆਣਾ ਦੇ ਫਰਿਆਦ ਸਿੰਘ, ਤਰਕਸ਼ੀਲ ਸੁਸਾਇਟੀ ਭਾਰਤ ਦੇ ਰਾਜਾ ਰਾਮ ਹੰਡਿਆਇਆ, ਮਾਨਵਤਾਵਾਦੀ ਐਸੋਸੀਏਸ਼ਨ ਚੰਡੀਗੜ੍ਹ ਦੇ ਦੀਪਕ ਕਨੌਜੀਆ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਅਜਾਇਬ ਜਲਾਲਆਣਾ, ਸਾਇੰਸ ਫਾਰ ਸੁਸਾਇਟੀ ਝਾਰਖੰਡ ਦੇ ਵਿਕਾਸ ਕੁਮਾਰ, ਤਰਕਸ਼ੀਲ ਸੁਸਾਇਟੀ ਰਾਜਸਥਾਨ ਦੇ ਰਾਮ ਮੂਰਤੀ, ਸਾਇੰਸ ਫਾਰ ਸੁਸਾਇਟੀ ਉਤਰਾਖੰਡ ਦੇ ਗਿਰੀਸ਼ ਚੰਦਰ, ਗਿਆਨ ਵਿਗਿਆਨ ਸੰਮਤੀ ਹਰਿਆਣਾ ਦੇ ਸੁਰੇਸ਼ ਕੁਮਾਰ, ਭਾਰਤੀ ਨਾਗਰਿਕ ਸਮਾਜਿਕ ਬਲ ਰਾਜਸਥਾਨ ਦੇ ਜਗਦੀਸ਼ ਪ੍ਰਸਾਦ, ਤਰਕਸ਼ੀਲ ਸੁਸਾਇਟੀ ਹਰਿਆਣਾ ਦੇ ਬਲਵਾਨ ਸਿੰਘ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਸਵੰਤ ਮੁਹਾਲੀ ਨੂੰ ਪੂਰਨ ਸਹਿਮਤੀ ਨਾਲ ਨਾਮਜ਼ਦ ਕੀਤਾ ਗਿਆ.
ਵੱਖ ਵੱਖ ਸੈਸ਼ਨਾਂ ਦੌਰਾਨ ਹੋਏ ਵਿਚਾਰ ਵਟਾਂਦਰੇ ਵਿੱਚ ਉਪਰੋਕ ਦੇ ਇਲਾਵਾ ਅਨੁਪਮ, ਹੇਮ ਰਾਜ ਸਟੈਨੋਂ, ਰਾਮ ਮੂਰਤੀ, ਗਿਰੀਸ਼ ਚੰਦਰ, ਸੁਭਾਸ਼ ਤਿਤਰਮ, ਪਰੀਜਾਤ, ਗੁਰਪ੍ਰੀਤ ਸ਼ਹਿਣਾ, ਰਾਜੇਸ਼ ਪੇਗਾ, ਪ੍ਰਿੰਸੀਪਲ ਹਰਿੰਦਰ ਕੌਰ, ਸੁਰੇਸ਼ ਕੁਮਾਰ, ਵਿਕਾਸ, ਪ੍ਰਸ਼ਾਂਤ, ਸਮਰੱਥ, ਰਾਮ ਸਵਰਨ ਲੱਖੇਵਾਲੀ, ਸੁਮੀਤ ਅੰਮ੍ਰਿਤਸਰ, ਮਨੋਜ ਮਲਿਕ, ਅਭਿਨਵ ਜੰਮੂ, ਵੀਰ ਸਿੰਘ, ਰਾਜੇਸ਼ ਅਕਲੀਆ, ਮਦਨ ਸਿੰਘ, ਸੰਦੀਪ ਧਾਰੀਵਾਲ ਭੋਜਾਂ, ਭੁਪਿੰਦਰ ਸਿੰਘ, ਵਿਕਰਮ ਸਿੰਘ, ਮੈਡਮ ਮੰਜੂ ਸਵਾਮੀ, ਮੰਜੂ ਹਨੂੰਮਾਨਗੜ੍ਹ, ਵਿਕਾਸ, ਬਲਵਾਨ ਸਿੰਘ, ਚਾਂਦੀ ਰਾਮ, ਸੰਦੀਪ ਕੁਮਾਰ ਤੋਂ ਇਲਾਵਾ ਤਰਕਸ਼ੀਲ ਸੁਸਾਇਟੀ ਦੇ ਆਗੂ ਅਜਾਇਬ ਜਲਾਲਆਣਾ, ਹਰਚੰਦ ਭਿੰਡਰ, ਰਾਮ ਕੁਮਾਰ ਪਟਿਆਲਾ, ਸਤਪਾਲ ਸਲੋਹ ਨਵਾਂ ਸ਼ਹਿਰ, ਡਾ.ਮਜ਼ੀਦ ਆਜ਼ਾਦ, ਗਗਨ ਰਾਮਪੁਰਾ, ਜਗਦੇਵ ਰਾਮਪੁਰਾ, ਮੋਹਨ ਬਡਲਾ ਆਦਿ ਨੇ ਭਾਗ ਲਿਆ. ਤਰਕਸ਼ੀਲ ਸੁਸਾਇਟੀ ਕੈਨੇਡਾ ਤੋਂ ਬਲਵਿੰਦਰ ਬਰਨਾਲਾ ਅਤੇ ਬੀਰਬਲ ਭਦੌੜ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ.
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਆਏ ਹੋਏ ਡੈਲੀਗੇਟਾਂ ਦਾ ਧੰਨਵਾਦ ਕੀਤਾ. ਇਸ ਮੌਕੇ ਵੱਖ ਵੱਖ ਤਰਕਸ਼ੀਲ ਸੰਸਥਾਵਾਂ ਵੱਲੋਂ ਆਪਣੇ ਤਰਕਸ਼ੀਲ ਸਾਹਿਤ ਦੀ ਪ੍ਰਦਰਸ਼ਨੀ ਵੀ ਲਗਾਈ ਗਈ. ਇਸ ਦੋ ਰੋਜ਼ਾ ਸਮਾਗਮ ਦੇ ਸਮੁੱਚੇ ਪ੍ਰਬੰਧਾਂ ਅਤੇ ਰਜਿਸਟਰੇਸ਼ਨ ਦੀ ਜ਼ਿੰਮੇਵਾਰੀ ਸੂਬਾਈ ਵਿੱਤ ਮੁਖੀ ਰਾਜੇਸ਼ ਅਕਲੀਆ ਭੀਮ ਰਾਜ ਅਤੇ ਬਿੰਦਰ ਧਨੌਲਾ ਨੇ ਬਾਖੂਬੀ ਨਿਭਾਈ.