ਕ੍ਰਿਸ਼ਨ ਬਰਗਾੜੀ ਯਾਦਗਾਰੀ ਸਨਮਾਨ ਇਤਿਹਾਸਕਾਰ ਸੁਭਾਸ਼ ਪਰਿਹਾਰ ਨੂੰ

 ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਹੋਣਗੇ ਸਮਾਗਮ ਦੇ ਮੁੱਖ ਬੁਲਾਰੇ

 ਬਰਨਾਲਾ, 28 ਜਨਵਰੀ 2025 (ਸੁਮੀਤ ਅੰਮ੍ਰਿਤਸਰ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੁਸਾਇਟੀ ਦੇ ਮੁੱਖ ਦਫਤਰ ਤਰਕਸ਼ੀਲ ਭਵਨ, ਬਰਨਾਲਾ ਵਿਖੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 23 ਫਰਵਰੀ ਐਤਵਾਰ ਨੂੰ ਕ੍ਰਿਸ਼ਨ ਬਰਗਾੜੀ

ਯਾਦਗਾਰੀ ਸਾਲਾਨਾ ਸਮਾਗਮ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ,

ਹੇਮ ਰਾਜ ਸਟੈਨੋਂ, ਬਲਬੀਰ ਲੌਂਗੋਵਾਲ ਅਤੇ ਸੁਮੀਤ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਉੱਘੇ ਪ੍ਰਗਤੀਵਾਦੀ ਇਤਿਹਾਸਕਾਰ ਸੁਭਾਸ਼ ਪਰਿਹਾਰ ਨੂੰ ਕ੍ਰਿਸ਼ਨ ਬਰਗਾੜੀ ਯਾਦਗਾਰੀ ਸਨਮਾਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਜਦਕਿ ਇਸ ਮੌਕੇ ਇਨਕਲਾਬੀ ਲਹਿਰ ਦੇ ਨਾਮਵਰ ਆਗੂ ਅਤੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਮੌਜੂਦਾ ਸਮਿਆਂ ਵਿੱਚ ਵਿਗਿਆਨਕ ਵਿਚਾਰਧਾਰਾ ਨੂੰ 'ਫ਼ਿਰਕੂ ਫਾਸ਼ੀਵਾਦ ਦੀਆਂ ਚੁਣੌਤੀਆਂ' ਵਿਸ਼ੇ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਨਗੇ।

 ਇਸ ਮੌਕੇ ਸੂਬਾ ਕਮੇਟੀ ਆਗੂਆਂ ਰਾਜੇਸ਼ ਅਕਲੀਆ, ਰਾਮ ਸਵਰਨ ਲੱਖੇਵਾਲੀ, ਜੋਗਿੰਦਰ ਕੁੱਲੇਵਾਲ, ਅਜੀਤ ਪ੍ਰਦੇਸੀ ਅਤੇ ਗੁਰਪ੍ਰੀਤ ਸ਼ਹਿਣਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਪੰਜਾਬ ਦੀਆਂ ਸਮੂਹ ਤਰਕਸ਼ੀਲ ਇਕਾਈਆਂ ਅਤੇ ਜੋਨਾਂ ਦੇ ਸੈਂਕੜੇ ਕਾਰਕੁਨਾਂ ਤੋਂ ਇਲਾਵਾ ਹੋਰਨਾਂ ਅਗਾਂਹਵਧੂ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਦੇ ਆਗੂ ਅਤੇ ਕਾਰਕੁਨ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਮੀਟਿੰਗ ਦੌਰਾਨ ਵੱਖ ਵੱਖ ਜੋਨਾਂ ਦੇ ਜਥੇਬੰਦਕ ਆਗੂਆਂ ਮਾਸਟਰ ਪਰਮਵੇਦ ਸੰਗਰੂਰ, ਸੁਖਵਿੰਦਰ ਗੋਗਾ ਨਵਾਂ ਸ਼ਹਿਰ, ਪ੍ਰਿੰਸੀਪਲ ਗੁਰਮੀਤ ਖਰੜ ਚੰਡੀਗੜ੍ਹ, ਬਲਰਾਜ ਮੌੜ ਬਠਿੰਡਾ, ਪ੍ਰਵੀਨ ਜੰਡਵਾਲਾ, ਮਾਸਟਰ ਲੱਖਾ ਸਿੰਘ ਮਾਨਸਾ, ਰਾਮ ਕੁਮਾਰ ਪਟਿਆਲਾ, ਧਰਮਪਾਲ ਸਿੰਘ ਲੁਧਿਆਣਾ ਅਤੇ ਭੂਰਾ ਸਿੰਘ ਮਹਿਮਾ ਸਰਜਾ ਵੱਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ-2025 ਦਾ ਘੇਰਾ ਹੋਰ ਵਿਸ਼ਾਲ ਕਰਨ ਅਤੇ ਪੰਜਾਬੀ ਅਤੇ ਹਿੰਦੀ ਦੇ ਤਰਕਸ਼ੀਲ ਮੈਗਜ਼ੀਨ ਦੇ ਪਾਠਕਾਂ ਦੀ ਗਿਣਤੀ ਵਧਾਉਣ ਲਈ ਵਿਸ਼ੇਸ਼ ਗੰਭੀਰ ਯਤਨ ਕਰਨ ਦੇ ਇਲਾਵਾ ਤਰਕਸ਼ੀਲ ਸਾਹਿਤ ਵੈਨ ਦਾ ਸਫ਼ਰ ਲਗਾਤਾਰ ਜਾਰੀ ਰੱਖਣ ਅਤੇ ਲੋਕ ਪੱਖੀ ਸੱਭਿਆਚਾਰਕ ਬਦਲ ਪੇਸ਼ ਕਰਨ ਸਬੰਧੀ ਜੋਨ ਅਤੇ ਇਕਾਈ ਪੱਧਰ ਤੇ ਪਰਿਵਾਰਕ ਮਿਲਣੀਆਂ ਦਾ ਪ੍ਰੋਗਰਾਮ ਜਲਦੀ ਨੇਪਰੇ ਚਾੜਨ ਸੰਬੰਧੀ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ।

ਮੀਟਿੰਗ ਵਿੱਚ ਫਿਰਕੂ ਤਾਕਤਾਂ ਵੱਲੋਂ ਅੰਮ੍ਰਿਤਸਰ ਵਿਖੇ ਬੀ ਆਰ ਅੰਬੇਦਕਰ ਦਾ ਬੁੱਤ ਤੋੜਨ ਦੀ ਸਾਜ਼ਿਸ਼ ਹੇਠ ਪੰਜਾਬ ਵਿੱਚ ਫਿਰਕੂ ਨਫ਼ਰਤ ਦਾ ਮਾਹੌਲ ਪੈਦਾ ਕਰਨ, ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਹਕੂਮਤੀ ਜ਼ਬਰ ਹੇਠ ਬਠਿੰਡਾ ਜ਼ਿਲ੍ਹੇ ਦੇ ਜਿਉਂਦ ਪਿੰਡ ਦੇ ਅਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰਦਸਤੀ ਖੋਹਣ ਦੇ ਕਾਰਪੋਰੇਟ ਪੱਖੀ ਹਮਲਿਆਂ ਦਾ ਸਖ਼ਤ ਵਿਰੋਧ ਕੀਤਾ ਗਿਆ। ਇਸਦੇ ਇਲਾਵਾ ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਲਾਗੂ ਕਰਵਾਉਣ ਲਈ ਜਥੇਬੰਦਕ ਸੰਘਰਸ਼ ਹੋਰ ਤੇਜ਼ ਕਰਨ ਦਾ ਵੀ ਫੈਸਲਾ ਕੀਤਾ ਗਿਆ।