ਸੈਮੂਅਲ ਮਸੀਹ ਦੀ ਭੂਤ ਪ੍ਰੇਤ ਕੱਢਣ ਨਾਂ ’ਤੇ ਹੱਤਿਆ ਕਰਨ ਵਾਲੇ ਤਾਂਤਰਿਕ ਪਾਦਰੀ ਸਮੇਤ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ – ਤਰਕਸ਼ੀਲ ਸੁਸਾਇਟੀ

-ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਪਾਸ ਕਰਨ ਦੀ ਵੀ ਕੀਤੀ ਮੰਗ-

ਬਰਨਾਲਾ, 25 ਅਗਸਤ 2024 (ਸੁਮੀਤ ਸਿੰਘ); ਤਰਕਸ਼ੀਲ ਸੁਸਾਇਟੀ ਪੰਜਾਬ ਨੇ ਜ਼ਿਲਾ ਗੁਰਦਾਸਪੁਰ ਅਧੀਨ ਥਾਣਾ ਧਾਰੀਵਾਲ ਦੇ ਪਿੰਡ ਸਿੰਘਪੁਰਾ ਦੇ ਨੌਜਵਾਨ ਸੈਮੂਅਲ ਮਸੀਹ ਨੂੰ ਅਖੌਤੀ ਭੂਤ ਪ੍ਰੇਤ ਕੱਢਣ ਦੀ ਆੜ ਹੇਠ ਕੁੱਟ ਕੁੱਟ ਕੇ ਜਾਨੋਂ ਮਾਰਨ ਦੀ ਵਹਿਸ਼ੀ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਪਾਦਰੀ ਸਮੇਤ ਸਾਰੇ

ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਸੁਸਾਇਟੀ ਨੇ ਪੰਜਾਬ ਵਿਚ ਪਾਖੰਡੀ ਬਾਬਿਆਂ, ਤਾਂਤਰਿਕਾਂ ਵੱਲੋਂ ਧਾਰਮਿਕ ਆਸਥਾ ਹੇਠ ਅਖੌਤੀ ਭੂਤ ਪ੍ਰੇਤ ਕੱਢਣ ਦੀਆਂ ਗ਼ੈਰ ਕਾਨੂੰਨੀ ਗਤੀਵਿਧੀਆਂ ਉਤੇ ਸਖਤ ਪਾਬੰਦੀ ਲਾਉਣ ਲਈ ਪੰਜਾਬ ਸਰਕਾਰ ਤੋਂ ਪੰਜਾਬ ਵਿਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਲਾਗੂ ਕਰਨ ਦੀ ਵੀ ਜ਼ੋਰਦਾਰ ਮੰਗ ਕੀਤੀ ਹੈ।

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਕਮੇਟੀ ਆਗੂਆਂ ਮਾਸਟਰ ਰਾਜਿੰਦਰ ਭਦੌੜ, ਸੁਮੀਤ ਅੰਮ੍ਰਿਤਸਰ, ਜੋਗਿੰਦਰ ਕੁੱਲੇਵਾਲ ਅਤੇ ਜਸਵਿੰਦਰ ਫਗਵਾੜਾ ਨੇ ਇਕ  ਪ੍ਰੈਸ ਬਿਆਨ ਰਾਹੀਂ ਕਿਹਾ ਕਿ ਦੁਨੀਆਂ ਵਿੱਚ ਕਿਸੇ ਕੋਲ ਅਜਿਹੀ ਕੋਈ, ਦੈਵੀ,ਤਾਂਤਰਿਕ ਸ਼ਕਤੀ ਨਹੀਂ ਹੈ ਜਿਸ ਨਾਲ ਕਿਸੇ ਬਿਮਾਰੀ ਦਾ ਧਾਰਮਿਕ ਪਾਠ ਪੂਜਾ ਰਾਹੀਂ ਕੋਈ ਇਲਾਜ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਸਿਰਫ ਵਿਗਿਆਨਕ ਸੋਚ ਅਤੇ ਡਾਕਟਰੀ ਇਲਾਜ ਪ੍ਰਣਾਲੀ ਉਤੇ ਭਰੋਸਾ ਕਰਕੇ ਅਜਿਹੇ ਪਾਖੰਡੀਆਂ ਦੀ ਲੁੱਟ ਤੋਂ ਬਚਣਾ ਚਾਹੀਦਾ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵਿਚ ਪਾਖੰਡੀ ਬਾਬਿਆਂ, ਤਾਂਤਰਿਕਾਂ, ਸਿਆਣਿਆਂ ਵੱਲੋਂ ਪਿੰਡ ਭਿੰਡਰ ਕਲਾਂ (ਮੋਗਾ), ਪਿੰਡ ਕੋਟ ਫੱਤਾ (ਬਠਿੰਡਾ), ਪਿੰਡ ਮੂਧਲ (ਅੰਮ੍ਰਿਤਸਰ) ਅਤੇ ਖੰਨਾ (ਲੁਧਿਆਣਾ) ਵਿਖੇ ਮਾਸੂਮ ਬੱਚਿਆਂ ਦੀ ਬਲੀ ਦੇਣ ਅਤੇ ਅਖੌਤੀ ਭੂਤ ਪ੍ਰੇਤ ਕੱਢਣ ਦੇ ਬਹਾਨੇ ਹੋਰ ਕਈ ਤਰਾਂ ਦੀਆਂ ਦਿਲ ਕੰਬਾਊ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਨੇ ਅਜਿਹੇ ਅਣਮਨੁੱਖੀ ਅਤੇ ਗੈਰ ਕਾਨੂੰਨੀ ਧੰਦੇ ਨੂੰ ਬੰਦ ਕਰਵਾਉਣ ਲਈ ਕੋਈ ਠੋਸ ਅੰਧ ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਦੀ ਸੰਵਿਧਾਨਕ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਪਾਖੰਡੀਆਂ ਦੀਆਂ ਕਾਰਵਾਈਆਂ ਅਤੇ ਮੀਡੀਏ ਵਿੱਚ ਝੂਠੀ ਤੇ ਗੈਰ ਕਾਨੂੰਨੀ ਇਸ਼ਤਿਹਾਰਬਾਜ਼ੀ ਡਰੱਗਜ਼ ਤੇ ਮੈਜਿਕ ਰੈਮਡੀਜ਼ ਇਤਰਾਜ਼ਯੋਗ ਇਸ਼ਤਿਹਾਰਬਾਜ਼ੀ ਐਕਟ 1954, ਕੇਬਲ ਟੈਲੀਵਿਜ਼ਨ ਰੈਗੂਲੇਸ਼ਨ ਐਕਟ 1994 ਅਤੇ ਖਾਸ ਕਰਕੇ ਮੈਡੀਕਲ ਰਜਿਸਟ੍ਰੇਸ਼ਨ ਐਕਟ ਦੀ ਸਖਤ ਉਲੰਘਣਾ ਹੈ ਪਰ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਇਨ੍ਹਾਂ ਬਾਬਿਆਂ ਅਤੇ ਮੀਡੀਏ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਤਰਕਸ਼ੀਲ ਆਗੂਆਂ ਨੇ ਦੱਸਿਆ ਕਿ ਇਸ ਸਾਲ ਫਰਵਰੀ ਮਹੀਨੇ ਵਿਚ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੂਹ ਮੰਤਰੀਆਂ,ਵਿਧਾਇਕਾਂ ਸਮੇਤ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਨੂੰ ਪੰਜਾਬ ਕਾਲਾ ਜਾਦੂ ਮੰਤਰ ਅਤੇ ਅੰਧ ਵਿਸ਼ਵਾਸ ਵਿਰੋਧੀ ਕਾਨੂੰਨ ਦੇ ਖਰੜੇ ਸਮੇਤ ਮੰਗ ਪੱਤਰ ਦਿੱਤੇ ਗਏ ਸਨ ਪਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਹੈ ਕਿ ਪਾਖੰਡੀ ਬਾਬਿਆਂ, ਤਾਂਤਰਿਕਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਉੱਤੇ ਪਾਬੰਦੀ ਲਾਉਣ ਲਈ ਬਿਨਾਂ ਕਿਸੇ ਦੇਰੀ ਦੇ ਪੰਜਾਬ ਵਿੱਚ ਅੰਧ ਵਿਸ਼ਵਾਸ ਰੋਕੂ ਕਾਨੂੰਨ ਪਾਸ ਕਰਕੇ ਲਾਗੂ ਕੀਤਾ ਜਾਵੇ।