ਵਿਦਿਆਰਥੀਆਂ ਨੂੰ ਜਾਦੂ ਦੇ ਟਰਿੱਕਾਂ ਰਾਹੀਂ ਅੰਧਵਿਸ਼ਵਾਸਾਂ ਪ੍ਰਤੀ ਕੀਤਾ ਸੁਚੇਤ

ਵਿਦਿਆਰਥੀਆਂ ਨੂੰ ਜਾਦੂ ਦੇ ਟਰਿੱਕਾਂ ਰਾਹੀਂ ਅੰਧਵਿਸ਼ਵਾਸਾਂ ਪ੍ਰਤੀ ਕੀਤਾ ਸੁਚੇਤ

ਮੋਹਾਲੀ, 18 ਮਈ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ ਵੱਲੋਂ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ ਤੋਂ ਸੁਚੇਤ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ. ਸੁਸਾਇਟੀ ਵੱਲੋਂ ਪਿਡਾਂ ਵਿੱਚ ਤਾਂ ਪ੍ਰੋਗਰਾਮ ਕੀਤੇ ਹੀ ਜਾ ਰਹੇ ਹਨ ਸਗੋਂ ਇਸ ਦੇ ਨਾਲ-ਨਾਲ ਨੌਜਵਾਨ ਪੀੜੀ ਦੀ ਸੋਚ ਵਿਗਿਆਨਿਕ ਬਣਾਉਣ ਲਈ ਖਾਸ ਉਪਰਾਲੇ ਕੀਤੇ ਜਾ ਰਹੇ ਹਨ. ਇਸੇ

ਮੁਹਿੰਮ ਤਹਿਤ ਅੱਜ ਮੋਹਾਲੀ ਨੇੜਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਸਿਆਲਬਾ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ ਗਿਆ. ਇਸ ਦੌਰਾਨ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਦੇ ਕਾਰਕੁੰਨਾਂ ਨੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ ਤੇ ਦਲੀਲਾਂ ਨਾਲ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਨੂੰ ਅੰਧਵਿਸ਼ਵਾਸਾਂ ਚੋਂ ਕੱਢਿਆ. ਇਸ ਮੌਕੇ ਤਰਕਸ਼ੀਲਾਂ ਜਾਦੂ ਦੇ ਟਰਿੱਕਾਂ ਰਾਹੀਂ ਪ੍ਰੋਗਰਾਮ ਨੂੰ ਰੌਚਕ ਬਣਾ ਦਿੱਤਾ. ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਵਿੱਦਿਆ ਦਾ ਪਹਿਲਾ ਕੰਮ ਇਨਸਾਨ ਦਾ ਹਰ ਪੱਖੋਂ ਵਿਕਾਸ ਕਰਨਾ ਹੈ, ਭਾਵ ਉਸ ਦੀ ਸੋਚ ਦਾ ਵਿਕਾਸ ਕਰਨਾ ਹੈ. ਉਹਨਾਂ ਕਿਹਾ ਕਿ ਅੱਜਕੱਲ ਪੜਾਈ ਸਿਰਫ ਨੌਕਰੀਆਂ ਹਾਸਲ ਕਰਨ ਲਈ ਕੀਤੀ ਤੇ ਕਰਵਾਈ ਜਾ ਰਹੀ ਹੈ ਜੋ ਕਿ ਗਲਤ ਹੈ. ਉਹਨਾਂ ਕਿਹਾ ਸਮਾਜ ਵਿੱਚੋਂ ਅੰਧਵਿਸ਼ਵਾਸ ਇਸੇ ਲਈ ਖਤਮ ਨਹੀਂ ਹੋ ਰਿਹਾ ਕਿਉਂਕਿ ਵਿਦਿਆਰਥੀਆਂ ਦਾ ਦ੍ਰਿਸ਼ਟੀਕੋਣ ਵਿਗਿਆਨਿਕ ਨਹੀਂ ਬਣਾਇਆ ਜਾ ਰਿਹਾ ਹਾਲਾਂਕਿ ਉਹ ਵਿਗਿਆਨ ਪੜ੍ਹ ਰਿਹਾ ਹੈ. ਉੱਧਰ ਇਕਾਈ ਮੋਹਾਲੀ ਦੇ ਮੁਖੀ ਲੈਕਚਰਾਰ ਸੁਰਜੀਤ ਨੇ ਕਿਹਾ ਕਿ ਵਿਦਿਆਰਥੀ ਪੜਾਈ ਨੂੰ ਆਪਣੀ ਜਿੰਦਗੀ ਵਿੱਚ ਵੀ ਲਾਗੂ ਕਰਨ. ਤਰਕਸ਼ੀਲ ਮੈਗਜੀਨ ਦੇ ਸਹਿ ਸੰਪਾਦਕ ਜਸਵੰਤ ਮੋਹਾਲੀ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਦੀ ਸੋਚ ਨੂੰ ਵਿਗਿਆਨਿਕ ਬਣਾਉਣ ਲਈ ਉਪਰਾਲੇ ਕਰਨ. ਉਹਨਾਂ ਕਿਹਾ ਕਿ ਵਿਦਿਆਰਥੀ ਪੁਰਾਣੀਆਂ ਚਲਦੀਆਂ ਆ ਰਹੀਆਂ ਰਸਮਾਂ-ਰਿਵਾਜਾਂ ਨੂੰ ਤਰਕ ਦੀ ਸਾਣ ਤੇ ਲਾਉਣ ਅਤੇ ਪਰਖਣ ਕਿ ਉਹਨਾਂ ਦਾ ਅੱਜ ਕੋਈ ਮਹੱਤਵ ਹੈ ਕਿ ਨਹੀਂ. ਉਹਨਾਂ ਕਿਹਾ ਕਿ ਬਹੁਤ ਸਾਰੀਆਂ ਰਸਮਾਂ ਤੇ ਧਾਰਮਿਕ ਕੰਮ ਅਸੀਂ ਇਸੇ ਕਰਕੇ ਹੀ ਕਰੀ ਜਾ ਰਹੇ ਹਾਂ ਕਿਉਂਕਿ ਉਹਨਾਂ ਨੂੰ ਜਾਂ ਤਾਂ ਸਾਡੇ ਮਾਪੇ ਕਰਦੇ ਹਨ ਜਾਂ ਇਹ ਸਾਡੇ ਧਰਮ ਚ ਹੁੰਦੀਆਂ ਹਨ. ਪ੍ਰੋਗਰਾਮ ਦੌਰਾਨ ਸਕੂਲ ਦੇ ਸਟਾਫ ਦਾ ਭਰਪੂਰ ਸਹਿਯੋਗ ਰਿਹਾ ਤੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ. ਪ੍ਰਿੰਸੀਪਲ ਗੁਰਸ਼ੇਰ ਸਿੰਘ ਵੱਲੋਂ ਅਧਿਆਪਕ ਹਾਕਮ ਸਿੰਘ ਨੇ ਤਰਕਸ਼ੀਲ ਸੁਸਾਇਟੀ ਦਾ ਪ੍ਰੋਗਰਾਮ ਲਈ ਧੰਨਵਾਦ ਕੀਤਾ. ਇਸ ਦੌਰਾਨ ਸਾਇੰਸ ਅਧਿਆਪਿਕਾ ਪਰਮਜੀਤ ਕੌਰ, ਅਧਿਆਪਕ ਹਰਮੇਲ ਸਿੰਘ, ਅਧਿਆਪਕ ਦਿਨੇਸ਼ ਕੁਮਾਰ, ਗੋਰਾ ਹੁਸ਼ਿਆਰਪੁਰੀ, ਸਤਨਾਮ ਦਾਉਂ, ਜਸਵਿੰਦਰ ਸਿੰਘ ਆਦਿ ਹਾਜਰ ਸਨ. 

ਵਿਦਿਆਰਥੀਆਂ ਨੇ ਸਿੱਖਿਆ ਜਾਦੂ

ਤਰਕਸ਼ੀਲ ਪ੍ਰੋਗਰਾਮ ਦੌਰਾਨ ਤਰਕਸ਼ੀਲਾਂ ਨੇ ਵਿਦਿਆਰਥੀਆਂ ਨੂੰ ਪਹਿਲਾਂ ਜਾਦੂ ਕਰ ਕੇ ਦਿਖਾਇਆ ਅਤੇ ਬਾਅਦ ਵਿੱਚ ਵਿਦਿਆਰਥੀਆਂ ਨੂੰ ਇਸ ਪਿੱਛੇ ਕੰਮ ਕਰਦੇ ਕਾਰਨਾਂ ਬਾਰੇ ਵੀ ਦੱਸਿਆ. ਤਰਕਸ਼ੀਲਾਂ ਨੇ ਉਦਾਹਰਨਾਂ ਰਾਹੀਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਜਾਦੂ ਕਿਸੇ ਗੈਬੀ ਸ਼ਕਤੀ ਨਾਲ ਨਹੀਂ ਕੀਤਾ ਜਾਂਦਾ ਬਲਕਿ ਇਹ ਇੱਕ ਕਲਾ ਹੈ ਜਿਹੜੀ ਕਿ ਯੋਗ ਸਿਖਲਾਈ ਰਾਹੀਂ ਹਰ ਕੋਈ ਸਿੱਕ ਸਕਦਾ ਹੈ. ਪ੍ਰੋਗਰਾਮ ਦੌਰਾਨ ਕਈ ਵਿਦਿਆਰਥੀਆਂ ਨੇ ਜਾਦੂ ਦੀਆਂ ਆਈਟਮਾਂ ਕਰਨੀਆਂ ਵੀ ਸਿੱਖੀਆਂ.