ਤਰਕਸ਼ੀਲ ਕਾਰਕੁੰਨ ਘਰ-ਘਰ ਜਾ ਕੇ ਲੋਕਾਂ ਨੂੰ ‘ਨਜ਼ਰਬੱਟੂ’ ਉਤਾਰਨ ਲਈ ਪ੍ਰੇਰਿਤ ਕਰਨਗੇ

ਇਕਾਈ ਪੱਧਰ 'ਤੇ ਚੱਲੇਗੀ ਮੁਹਿੰਮ, ਲੋਕਾਂ ਨਾਲ ਹੋਵੇਗਾ ਸਿੱਧਾ ਸੰਵਾਦ

ਖਰੜ, 24 ਮਈ (ਜਰਨੈਲ ਕ੍ਰਾਂਤੀ): ਲੋਕਾਂ ਨੂੰ ਅੰਧਵਿਸ਼ਵਾਸਾਂ ਵਿਰੁੱਧ ਜਾਗਰੂਕ ਕਰ ਰਹੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਰਕੁੰਨ ਹੁਣ ਘਰ-ਘਰ ਜਾ ਕੇ ਲੋਕਾਂ ਨੂੰ ‘ਨਜ਼ਰਬੱਟੂ’ ਉਤਾਰਨ ਲਈ ਪ੍ਰੇਰਿਤ ਕਰਨਗੇ ਤੇ ਉਹਨਾਂ ਨੂੰ ਇਸ ਅੰਧਵਿਸ਼ਵਾਸ ਪ੍ਰਤੀ ਜਾਗਰੂਕ ਕਰਨਗੇ. ਪਹਿਲਾਂ ਪਹਿਲ ਇਹ ਉਪਰਾਲਾ ਜੋਨ ਚੰਡੀਗੜ ਦੀਆਂ

ਇਕਾਈਆਂ ਦੇ ਕਾਰਕੁੰਨ ਆਪੋ-ਆਪਣੇ ਪੱਧਰ ਤੇ ਕਰਨਗੇ ਤੇ ਇਸ ਸੰਬੰਧੀ ਇਕਾਈਆਂ ਨੂੰ ਪੂਰਾ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ. ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਚੰਡੀਗੜ ਦੇ ਜੱਥੇਬੰਦਕ ਮੁਖੀ ਲੈਕਚਰਾਰ ਗੁਰਮੀਤ ਖਰੜ ਨੇ ਦੱਸਿਆ ਕਿ ਜੋਨ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਕਾਰਕੁੰਨਾਂ ਵੱਲੋਂ ਇਹ ਤਜਵੀਜ ਰੱਖੀ ਗਈ ਸੀ. ਉਹਨਾਂ ਦਾਅਵਾ ਕੀਤਾ ਕਿ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿੱਚ ਵੀ ਪੜੇ ਲਿਖੇ ਲੋਕਾਂ ਨੇ ਲੱਖਾਂ ਰੁਪਏ ਮਕਾਨਾਂ 'ਤੇ ਲਾ ਕੇ ‘'ਨਜ਼ਰ ਲੱਗਣ' ਤੋਂ ਬਚਾਉਣ ਲਈ ‘ਨਜ਼ਰਬੱਟੂ’ ਟੰਗਿਆ ਹੁੰਦਾ ਹੈ. ਉਹਨਾਂ ਕਿਹਾ ਕਿ ਇਹ ਇੱਕ ਅੰਧਵਿਸ਼ਵਾਸ ਹੈ. ਲੋਕਾਂ ਨੂੰ ਵਹਿਮ ਹੈ ਕਿ ਇਹ ‘ਨਜ਼ਰਬੱਟੂ’ ਉਹਨਾਂ ਦੇ ਮਕਾਨ ਦੀ ਉਹਨਾਂ ਦੇ ਵਿਰੋਧੀਆਂ ਦੀਆਂ ‘ਮਾੜੀਆਂ ਨਜ਼ਰਾਂ’ ਤੋਂ ਬਚਾਅ ਕਰੇਗਾ. ਉਹਨਾਂ ਕਿਹਾ ਕਿ ਆਮ ਤੌਰ ਤੇ ਪੜੇ ਲਿਖੇ ਜਿਆਦਾਤਰ ਲੋਕਾਂ ਨੂੰ ਇਹ ਲਗਦਾ ਹੈ ਕਿ ਅੱਖਾਂ ਚੋਂ ਕੁੱਝ ‘ਮਾੜੀਆਂ ਕਿਰਨਾਂ’ ਨਿੱਕਲਦੀਆਂ ਹਨ ਜੋ ਉਹਨਾਂ ਦੇ ਘਰ ਲਈ ਹਾਨੀਕਾਰਕ ਹਨ ਤੇ ਨਜਰਬੱਟੂ ਇਹਨਾਂ ‘'ਮਾੜੀਆਂ ਕਿਰਨਾਂ' ਤੋਂ ਉਹਨਾਂ ਦਾ ਬਚਾਅ ਕਰੇਗਾ.

ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਦਾਅਵਾ ਕੀਤਾ ਕਿ ਦੇਖਣ ਵੇਲੇ ਅੱਖਾਂ ਚੋਂ ਅਜਿਹੀਆਂ ਕਿਸੇ ਪ੍ਰਕਾਰ ਦੀਆਂ ਕਿਰਨਾਂ ਹੀ ਨਹੀਂ ਨਿੱਕਲਦੀਆਂ ਸਗੋਂ ਰੌਸ਼ਨੀ ਪਹਿਲਾਂ ਦਿਸਣ ਵਾਲੀ ਚੀਜ ਤੇ ਪੈਂਦੀ ਹੈ, ਉਸ ਤੋਂ ਬਾਅਦ ਇਸ ਦਾ ਅੱਖਾਂ 'ਚ ਦ੍ਰਿਸ਼ ਬਣਦਾ ਹੈ ਜਿਸ ਕਾਰਨ ਸਾਨੂੰ ਦਿਸਦਾ ਹੈ, ਇਸ ਲਈ ਨਜਰਬੱਟੂ ਟੰਗਣਾ ਜਾਂ ਨਜ਼ਰ ਲੱਗਣਾ ਸਿਰਫ ਇੱਕ ਅੰਧਵਿਸ਼ਵਾਸ ਹੈ. ਇਸ ਮੁਹਿੰਮ ਰਾਹੀ ਤਰਕਸ਼ੀਲ ਘਰ-ਘਰ ਜਾ ਕੇ ਲੋਕਾਂ ਨਾਲ ਸਿੱਧਾ ਸੰਵਾਦ ਰਚਾਉਣਗੇ ਅਤੇ ਉਹਨਾਂ ਨੂੰ ਵਿਗਿਆਨਿਕ ਸੋਚ ਨੂੰ ਪ੍ਰਫੁੱਲਤ ਕਰਦਾ ਸਾਹਿਤ ਵੰਡਣ ਦੇ ਨਾਲ-ਨਾਲ ਹੋਰ ਅੰਧਵਿਸ਼ਾਵਾਸਾਂ ਬਾਰੇ ਵੀ ਜਾਗਰੂਕ ਕਰਨਗੇ. ਮੀਟਿੰਗ ਵਿੱਚ ਸਾਰੀਆਂ ਇਕਾਈਆਂ ਨੂੰ ਘੱਟੋ ਘੱਟ ਸਾਂਝਾ ਪ੍ਰੋਗਰਾਮ ਜਾਰੀ ਕੀਤਾ ਗਿਆ ਜਿਸ ਤਹਿਤ ਇਕਾਈਆਂ ਪੂਰੇ ਸਾਲ ਦਾ ਕੰਮਕਾਰ ਉਲੀਕਣਗੀਆਂ. ਮੀਟਿੰਗ ਵਿੱਚ ਜੋਨ ਦੇ ਵਿੱਤ ਮੁਖੀ ਅਜੀਤ ਪ੍ਰਦੇਸੀ, ਮਾਨਸਿਕ ਸਿਹਤ ਚੇਤਨਾ ਮਸ਼ਵਰਾ ਵਿਭਾਗ ਦੇ ਮੁਖੀ ਸਤਨਾਮ ਦਾਉਂ, ਇਕਾਈ ਮੋਹਾਲੀ ਤੋਂ ਲੈਕਚਰਾਰ ਸੁਰਜੀਤ, ਹਰਪ੍ਰੀਤ, ਇਕਾਈ ਰੋਪੜ ਤੋਂ ਗਿਆਨਚੰਦ, ਇਕਾਈ ਨੰਗਲ ਤੋਂ ਹਰਨੇਕ ਸਿੰਘ, ਚੰਡੀਗੜ ਇਕਾਈ ਤੋਂ ਜੋਗਾ ਸਿੰਘ, ਖਰੜ ਇਕਾਈ ਤੋਂ ਵਿਕਰਮਜੀਤ ਸੋਨੀ ਅਤੇ ਸੁਜਾਨ ਸਿੰਘ, ਸਰਹੰਦ ਇਕਾਈ ਤੋਂ ਮਾਸਟਰ ਹਰਜੀਤ ਸਿੰਘ ਅਤੇ ਬਸੀ ਇਕਾਈ ਤੋਂ  ਆਦਿ ਹਾਜਰ ਸਨ.