ਬਰਨਾਲਾ ਵਿਖੇ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਨੂੰ

ਸਮਾਜ ਵਿੱਚ ਉਸਾਰੂ ਸਾਹਿਤ, ਸਿਹਤਮੰਦ ਸਭਿਆਚਾਰ ਅਤੇ ਵਿਗਿਆਨਕ ਚੇਤਨਾ ਨੂੰ ਵਿਕਸਤ ਕਰਨ ਦੇ ਮੰਤਵ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਨਾਮਵਰ ਤਰਕਸ਼ੀਲ ਬੁੱਧੀਜੀਵੀ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲਾ ਤਰਕਸ਼ੀਲ ਭਵਨ ਬਰਨਾਲਾ ਵਿਖੇ 21 ਤੋਂ 23 ਅਗਸਤ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। ਇਸ ਮੇਲੇ ਦੀ ਵਧੇਰੇ ਜਾਣਕਾਰੀ ਤੇ ਮੇਲੇ ਦੀ ਥਾਂ ਬਾਰੇ →ਇਥੋਂ ਸੱਦਾ ਪੱਤਰ ਡਾਉਨਲੋਡ ਕਰੋ।

ਵੱਲੋਂ- ਤਰਕਸ਼ੀਲ ਸੁਸਾਇਟੀ ਪੰਜਾਬ

ਮਨੁੱਖਤਾ ਦੀ ਖੁਸ਼ਹਾਲੀ ਲਈ ਮਨੁੱਖੀ-ਸਮਾਜ ਦਾ ਨਰੋਆ ਹੋਣਾ ਬੇ-ਹੱਦ ਜਰੂਰੀ: ਜਰਨੈਲ ਕ੍ਰਾਂਤੀ

ਇਕਾਈ ਖਰੜ ਦੀ ਨਵੀਂ ਚੋਣ ਹੋਈ

ਖਰੜ, 7 ਮਾਰਚ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਦੋ ਸਾਲਾ ਟਰਮ ਸਾਲ 2015-2016 ਵਾਸਤੇ ਨਵੀਂ ਬਾਡੀ ਦੀ ਚੋਣ ਕਰਨ ਲਈ ਵਿਸ਼ੇਸ ਮੀਟਿੰਗ ਜੋਨਲ ਆਗੂ ਜਰਨੈਲ ਕ੍ਰਾਂਤੀ ਦੀ ਪ੍ਰਧਾਨਗੀ ਹੇਠ ਹੋਈ. ਮੀਟਿੰਗ ਵਿੱਚ ਸਭ ਤੋਂ ਪਹਿਲਾਂ  ਮੈਂਬਰਾਂ ਨੇ ਆਪਣੇ ਪ੍ਰਣ-ਪੱਤਰ ਭਰ ਕੇ

ਤਰਕਸ਼ੀਲ ਵਿਚਾਰਾਂ ਉੱਤੇ ਪਹਿਰਾ ਦੇਣ ਦਾ ਅਹਿਦ ਲਿਆ. ਬਾਅਦ ਵਿੱਚ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ਼ ਵਾਸਤੇ ਇਕਾਈ ਮੁਖੀ ਕਰਮਜੀਤ ਸਕਰੁਲਾਂਪੁਰੀ, ਮੀਡੀਆ ਮੁਖੀ ਕੁਲਵਿੰਦਰ ਨਗਾਰੀ, ਵਿੱਤ ਮੁਖੀ ਬਿਕਰਮਜੀਤ ਸੋਨੀ ਅਤੇ ਸਹਾਇਕ ਰਾਜੇਸ਼, ਸੱਭਿਆਚਾਰਕ ਵਿਭਾਗ ਮੁਖੀ ਸੁਜਾਨ ਬਡਾਲ਼ਾ ਅਤੇ ਸਹਾਇਕ ਸੁਰਿੰਦਰ ਸਿੰਬਲ਼ਮਾਜਰਾ, ਮਾਨਸਿਕ ਸਿਹਤ ਚੇਤਨਾ ਵਿਭਾਗ ਮੁਖੀ ਜਗਵਿੰਦਰ ਜੱਗੀ ਅਤੇ ਸਹਾਇਕ ਭੁਪਿੰਦਰ ਮਦਨਹੇੜੀ ਦੀ ਚੋਣ ਕੀਤੀ ਗਈ.

ਇਸ ਮੌਕੇ ਇਕਾਈ ਮੁਖੀ ਕਰਮਜੀਤ ਸਕਰੁੱਲਾਂਪੁਰੀ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਵੱਲੋਂ ਪਿਛਲੇ ਤੀਹ ਵਰਿਆਂ ਤੋਂ ਗੈਰ-ਵਿਗਿਆਨਿਕ ਵਰਤਾਰਿਆਂ ਖਿਲਾਫ ਵਿੱਢੇ ਹੋਏ ਸੰਘਰਸ ਨੂੰ ਨਵੀਂ ਚੁਣੀ ਹੋਈ ਟੀਮ ਹੋਰ ਤਿੱਖਾ ਕਰਨ ਲਈ ਵੱਧ ਤੋ ਵੱਧ ਯਤਨ ਕਰੇਗੀ. ਨਵੀਂ ਬਣੀ ਟੀਮ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਜਿਵੇਂ ਪੱਤਿਆਂ ਦੀ ਹਰਿਆਲੀ ਰੁੱਖ ਦੀ ਸਿਹਤਮੰਦੀ ਉੱਤੇ ਨਿਰਭਰ ਕਰਦੀ ਹੈ ਬਿਲਕੁਲ ਉਸੇ ਤਰਾਂ ਮਨੁੱਖਤਾ ਦੀ ਖੁਸ਼ਹਾਲੀ ਲਈ ਵੀ ਮਨੁੱਖੀ-ਸਮਾਜ ਦਾ ਨਰੋਆ ਹੋਣਾ ਬੇ-ਹੱਦ ਜਰੂਰੀ ਹੈ. ਉਨਾਂ ਕਿਹਾ ਕਿ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ, ਜਾਤ-ਪਾਤ ‘ਤੇ ਅਧਾਰਿਤ ਨਾ-ਬਰਾਬਰੀ ਵਾਲੇ ਸਮਾਜ ਦੀ ਜਗ੍ਹਾ, ਵਿਤਕਰੇ ਰਹਿਤ ਨਰੋਏ ਸਮਾਜ ਦੀ ਸਿਰਜਣਾ ਵੱਲ ਵਧਣਾ ਸਾਡੀ ਪਹਿਲ ਹੋਵੇਗੀ.

ਇਸ ਮੌਕੇ ਜੋਨਲ ਆਗੂ ਲੈਕਚਰਾਰ ਗੁਰਮੀਤ ਖਰੜ ਨੇ ਕਿਹਾ ਕਿ ਕੋਈ ਵੀ ਜਿੰਮੇਵਾਰ ਮਨੁੱਖ ਨਿੱਜੀ ਜਾਂ ਪਰਿਵਾਰਕ ਫਿਕਰਾਂ ਦੇ ਨਾਲ਼-ਨਾਲ਼ ਆਪਣੇ ਆਲ਼ੇ-ਦੁਆਲੇ ਵਿੱਚ ਵਾਪਰ ਰਹੀਆਂ ਚੰਗੀਆਂ-ਮਾੜੀਆਂ ਘਟਨਾਵਾਂ ਤੋਂ ਬੇਮੁੱਖ ਨਹੀਂ ਹੋ ਸਕਦਾ. ਸਾਡੇ ਸਮਕਾਲੀ ਸਮਾਜ ਵਿੱਚ ਵਾਪਰ ਰਹੇ ਵਰਤਾਰਿਆਂ ਅਤੇ ਵਿਰਸੇ ਵਿੱਚ ਸਾਨੂੰ ਜੋ ਕੁਝ ਵੀ ਮਿਲਦਾ ਹੈ ਉਸ ਵਿਚੋਂ ਮਾੜੇ ਨੂੰ ਛੱਡਣਾ ਅਤੇ ਚੰਗੇ ਨੂੰ ਅਪਣਾਕੇ ਹੋਰ ਚੰਗਾ ਬਨਾਉਣ ਲਈ ਆਣ ਵਾਲ਼ੀਆਂ ਪੀੜ੍ਹੀਆਂ ਦੇ ਸਪੁਰਦ ਕਰਨਾ ਹੀ ਸਹੀ ਅਰਥਾਂ ਵਿੱਚ ਤਰਕਸ਼ੀਲ ਨਜ਼ਰੀਆ ਹੈ.

ਇਸ ਮੌਕੇ ਜੋਨਲ ਆਗੂ ਜਰਨੈਲ ਕਰਾਂਤੀ ਨੇ ਨਵੀਂ ਟੀਮ ਨੂੰ ਵਧਾਈ ਦੇਣ ਦੇ ਨਾਲ਼-ਨਾਲ਼ ਭਵਿੱਖ ਦੀਆਂ ਚੁਣੌਤੀਆਂ ਪ੍ਰਤੀ ਵੀ ਸੁਚੇਤ ਕਰਦਿਆਂ ਕਿਹਾ ਕਿ ਅੱਜ ਪਿੰਡਾਂ-ਸਹਿਰਾਂ ਦੇ ਗਲ਼ੀ-ਮੁਹੱਲੇ ਤੁਹਾਨੂੰ ਉਡੀਕ ਰਹੇ ਹਨ, ਲੋੜ ਉਨਾਂ ਤੱਕ ਆਪਣਾ ਸੰਦੇਸ਼ ਪੁਚਾਣ ਦੀ ਹੈ. ਉਹਨਾਂ ਕਿਹਾ ਕਿ ਤਰਕਸ਼ੀਲ ਕਾਰਕੁੰਨ ਹੋਣ ਦਾ ਮਤਲਬ ਸਵੈ-ਹਿਤ ਨੂੰ ਜਨ-ਹਿਤ ਨਾਲ਼ ਇਕਸੁਰ ਕਰਕੇ ਆਪਣੇ-ਆਪ ਨੂੰ ਸੰਘਰਸ਼ ਲਈ ਸਮਰਪਿਤ ਕਰਨਾ ਹੁੰਦਾ ਹੈ. ਇਸ ਮੀਟਿੰਗ ਉਪ੍ਰੋਕਤ ਦੇ ਇਲਾਵਾ ਅਵਤਾਰ ਸਹੌੜਾਂ, ਗੁਰਮੀਤ ਸਹੌੜਾਂ, ਚਰਨਜੀਤ, ਕਾਮਰੇਡ ਹਰਭਜਨ ਸਿੰਘ ਹਾਜਰ ਆਦਿ ਵੀ ਸਨ.

powered by social2s