ਗੁਰਮੀਤ ਖਰੜ ਨੇ ਨੌ-ਜੁਆਨਾਂ ਨੂੰ ਤਰਕਸ਼ੀਲ ਲਹਿਰ ਦਾ ਹਿੱਸਾ ਬਣਨ ਦੀ ਕੀਤੀ ਅਪੀਲ

ਕਿਹਾ ਕੀ? ਕਿੱਥੇ? ਕਦੋਂ? ਕਿਵੇਂ? ਤੇ ਕਿਉਂ? ਤਰਕਸ਼ੀਲਾਂ ਦੇ ਔਜ਼ਾਰ

ਖਰੜ 28 ਫਰਵਰੀ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਵਿਸ਼ੇਸ ਮੀਟਿੰਗ ਵਿਚ ਸਾਲ 2015-2016 ਦੀ ਦੋ ਸਾਲਾ ਟਰਮ ਵਾਸਤੇ 7 ਮਾਰਚ ਨੂੰ ਹੋਣ ਵਾਲ਼ੀ ਚੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ. ਇਸ ਮੌਕੇ ਜ਼ੋਨਲ ਆਗੂ ਗੁਰਮੀਤ ਖਰੜ ਨੇ ਨੌ-ਜੁਆਨਾਂ ਨੂੰ ਤਰਕਸ਼ੀਲ ਸੁਸਾਇਟੀ ਦਾ

ਮੈਂਬਰ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਦੀ ਸੋਚ ਨੂੰ ਸਮੇਂ ਦੀ ਹਾਣ ਦਾ ਬਣਾਉਣ ਲਈ ਤਰਕਸ਼ੀਲ ਸੁਸਾਇਟੀ ਨੂੰ ਨੌ-ਜੁਆਨਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ ਕਿਉਂਕਿ ਕਿ ਸਾਡੇ ਸਮਾਜ ਨੂੰ ਜਿਨਾਂ ਸਮੱਸਿਆਵਾਂ ਨਾਲ਼ ਜੂਝਣਾ ਪੈ ਰਿਹਾ ਹੈ ਉਨਾਂ ਦਾ ਹੱਲ ਨਵੀਂ ਸੋਚ ਅਪਣਾ ਕੇ ਹੀ ਕੀਤਾ ਜਾ ਸਕਦਾ ਹੈ.

ਉਨਾਂ ਕਿਹਾ ਕਿ ਸਦੀਆਂ ਤੋਂ ਮਨੁੱਖ  ਨੂੰ ਕਿਸਮਤ ਦੇ ਭਰੋਸੇ ਦਿਨ-ਕਟੀ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਰਹੀ. ਪਰ ਅੱਜ ਸਾਨੂੰ ਉਸ ਫਲਸਫੇ ਦੀ ਲੋੜ ਹੈ ਜੋ ਸਮਾਜ ਨੂੰ ਭਵਿੱਖ ਦੀ ਚੁਣੌਤੀਆਂ ਦੇ ਨਾਲ਼ ਦੋ-ਹੱਥ ਹੋਣਾ ਸਿਖਾਉਂਦਾ ਹੋਵੇ. ਹੁਣ ਵਰਤਮਾਨ ਅਤੇ ਭਵਿੱਖ ਵਿਗਿਆਨ ਦਾ ਹੈ ਇਸ ਲਈ ਅਜੋਕਾ ਮਨੁੱਖ ਗਿਆਨ-ਵਿਗਿਆਨ ਦੇ ਖੇਤਰ ਵਿੱਚ ਨਿੱਤ ਨਵੀਂਆਂ ਪ੍ਰਾਪਤੀਆਂ ਕਰ ਰਿਹਾ ਹੈ. ਇਸ ਸਮੇਂ ਤਰਕਸ਼ੀਲ ਆਗੂਆਂ ਨੇ ਕਿਹਾ ਕਿ ਮਨੁੱਖ ਨੇ ਮੌਤ ਤੋਂ ਬਾਅਦ ਮਿਲਣ ਵਾਲ਼ੇ ਝੂਠੇ ਸਵਰਗ ਦੀ ਲਾਲਸਾ ਵੱਸ ਇਸ ਧਰਤੀ ਨੂੰ ਨਰਕ ਬਣਾ ਦਿੱਤਾ ਹੈ. ਜਦਕਿ ਅਸਲੀਅਤ ਇਹ ਹੈ ਕਿ ਜਿੰਨੀ ਮਿਹਨਤ ਅਸੀਂ ਨਰਕ ਜਾਣ ਤੋਂ ਬਚਣ ਲਈ ਕਰਦੇ ਹਾਂ ਉਸ ਤੋਂ ਕਿਤੇ ਘੱਟ ਮਿਹਨਤ ਨਾਲ਼ ਇਸੇ ਧਰਤੀ ਨੂੰ ਅਖੌਤੀ ਸਵਰਗ ਨਾਲੋਂ ਕਈ ਗੁਣਾ ਵਧੀਆ ਬਣਾਇਆ ਜਾ ਸਕਦਾ ਹੈ. ਇਸ ਵਾਸਤੇ ਲੋੜ ਸਿਰਫ ਸਹੀ ਦਿਸ਼ਾ ਵਿੱਚ ਕੰਮ ਕਰਨ ਦੀ ਹੈ.

ਇਸ ਮੌਕੇ ਤਰਕਸ਼ੀਲਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਵਾਸਤੇ ਉਨਾਂ ਨੂੰ ਤਰਕਸ਼ੀਲ ਸੁਸਾਇਟੀ ਦਾ ਮੈਂਬਰ ਬਣਨ ਲਈ ਪ੍ਰੇਰਿਆ ਜਾਵੇ. ਉਹਨਾਂ ਕਿਹਾ ਕਿ ਤਰਕ ਕਰਨ ਦਾ ਮਤਲਬ ਦਲੀਲ ਦੁਆਰਾ ਸਹੀ ਅਤੇ ਗਲਤ ਦੀ ਪਛਾਣ ਕਰਨਾ ਹੁੰਦਾ ਹੈ. ਤਰਕਸ਼ੀਲ ਬਣਨ ਲਈ ਕਿਸੇ ਯੂਨੀਵਰਸਿਟੀ ਦੀ ਡਿਗਰੀ ਦੀ ਲੋੜ ਨਹੀਂ ਹੁੰਦੀ, ਕੀ? ਕਿੱਥੇ? ਕਦੋਂ? ਕਿਵੇਂ? ਤੇ ਕਿਉਂ? ਉਹ ਟੂਲਜ਼ ਹਨ ਜਿਹਨਾਂ ਦੀ ਵਰਤੋਂ ਕਰਨ ਨਾਲ਼ ਕੋਈ ਵੀ ਸਧਾਰਨ ਮਨੁੱਖ ਤਰਕਸ਼ੀਲ ਬਣ ਸਕਦਾ ਹੈ. ਤਰਕਸ਼ੀਲ ਸੁਸਾਇਟੀ ਦਾ ਮੈਂਬਰ ਬਣਨ ਦਾ ਚਾਹਵਾਨ ਕੋਈ ਵੀ ਵਿਅਕਤੀ ਤਰਕਸ਼ੀਲ ਸੁਸਾਇਟੀ ਦੇ ਖਰੜ ਵਿਚਲੇ ਦਫਤਰ ਲੌਗੀਆਂ ਟਰੈਕਟਰਜ਼ ਲਾਂਡਰਾਂ ਰੋਡ ਖਰੜ ਤੋਂ  ੳਮੀਦਵਾਰੀ ਫਾਰਮ ਲੈ ਸਕਦਾ ਹੈ. ਇਸ ਮੀਟਿੰਗ ਦੌਰਾਨ ਜ਼ੋਨਲ ਆਗੂ ਲੈਕਚਰਾਰ ਗੁਰਮੀਤ ਖਰੜ, ਕਰਮਜੀਤ ਸਕਰੁਲਾਂਪੁਰੀ, ਕੁਲਵਿੰਦਰ ਨਗਾਰੀ, ਬਿਕਰਮਜੀਤ ਸੋਨੀ, ਭੁਪਿੰਦਰ ਮਦਨਹੇੜੀ, ਹਾਜਰ ਸਨ.