ਮਾਘੀ ਮੇਲੇ ਮੌਕੇ ਦਾਊਂ ਵਿਖੇ ਤਰਕਸ਼ੀਲ ਪੁਸਤਕ ਪ੍ਰਦਰਸਨੀ ਲਗਾਈ
ਖਰੜ, 14 ਜਨਵਰੀ (ਕੁਲਵਿੰਦਰ ਨਗਾਰੀ): ਮੇਲੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ. ਲੋਕ-ਹਿਤੁ ਸੱਭਿਆਚਾਰ ਦੀ ਸਿਰਜਣਾ ਅਤੇ ਲੋਕ ਪੱਖੀ ਲਹਿਰਾਂ ਦੇ ੳਥਾਨ ਵਾਸਤੇ ਮੇਲੇ ਬਹੁਤ ਵਧੀਆ ਪਲੇਟਫਾਰਮ ਸਾਬਤ ਹੋ ਸਕਦੇ ਹਨ. ਇਸੇ ਮਿਸ਼ਨ ਤਹਿਤ ਤਰਕਸ਼ੀਲ ਸੁਸਾਇਟੀ ਲੋਕਾਂ ਦੀ ਸੋਚ ਨੂੰ ਸਮੇਂ ਦੇ ਹਾਣ ਦੀ ਬਣਾੳਣ ਲਈ
ਮੇਲਿਆਂ ਮੌਕੇ ਵੱਧ ਤੋਂ ਵੱਧ ਸਾਹਿਤ ਲੋਕਾਂ ਤੱਕ ਪੁੱਜਦਾ ਕਰਨ ਲਈ ਯਤਨਸ਼ੀਲ ਹੈ. ਇਹ ਗੱਲ ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਦੇ ਆਗੂਆਂ ਵੱਲੋਂ ਮਾਘੀ ਮੇਲੇ ਮੌਕੇ ਪਿੰਡ ਦਾਊਂ ਵਿਖੇ ਲਗਾਈ ‘ਤਰਕਸ਼ੀਲ ਪੁਸਤਕ ਪ੍ਰਦਰਸਨੀ’ ਦੌਰਾਨ ਕਹੀ.
ਇਸ ਸਮੇਂ ਜੋਨ ਮੁਖੀ ਲੈਕਚਰਾਰ ਗੁਰਮੀਤ ਖਰੜ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਲੋਕਾਂ ਤੋਂ ਅੱਜ ਦੇ ਵਿਗਿਆਨਿਕ ਯੁੱਗ ਵਿੱਚ ਇਹ ਉਮੀਦ ਕਰਦੀ ਹੈ ਕਿ ਆਪਣੀ ਪੁਰਾਣੀਆਂ ਧਾਰਨਾਵਾਂ ਨੂੰ ਪਾਸੇ ਰੱਖ ਕੇ ਨਿਰਪੱਖ ਹੋਕੇ ਸੋਚੋ-ਵਿਚਾਰੋ, ਗਲਤ ਸਿੱਧ ਹੋ ਚੁਕੇ ਵਿਚਾਰਾਂ ਨੂੰ ਛੱਡੋ ਅਤੇ ਸਹੀ ਸਿੱਧ ਹੋ ਰਹੇ ਵਿਚਾਰਾਂ ਨੂੰ ਅਪਣਾੳਣ ਤੋਂ ਕੋਈ ਗੁਰੇਜ ਨਾ ਕਰੋ. ਉਨਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਮੇਲਿਆਂ ਨੂੰ ਸਿਰਫ ਵਪਾਰ ਅਤੇ ਮਨੋਰੰਜਨ ਦੇ ਨਜ਼ਰੀਏ ਤੋਂ ਉੱਪਰ ਉਠ ਕੇ ਸਮਾਜ ਨੂੰ ਸੋਹਣਾ ਬਣਾੳਣ ਦੇ ਮੌਕਿਆਂ ਦੇ ਤੌਰ ਤੇ ਵੀ ਦੇਖਣਾ ਚਾਹੀਦਾ ਹੈ.
ਕਰਮਜੀਤ ਸਕਰੁੱਲਾਂਪੁਰੀ ਨੇ ਕਿਹਾ ਕਿ ਮਨੁੱਖੀ ਸੋਚ ਨੂੰ ਤਬਦੀਲ ਕਰਨ ਵਿੱਚ ਸਾਹਿਤ ਨੇ ਹਮੇਸਾ ਨਿੱਗਰ ਰੋਲ ਨਿਭਾਇਆ ਹੈ. ਅੱਜ ਵੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ਼ ਜੂਝ ਰਹੇ ਮਨੁੱਖ ਵਾਸਤੇ ਉਸਾਰੂ ਸਾਹਿਤ ਚਾਨਣ-ਮੁਨਾਰਾ ਬਣ ਸਕਦਾ ਹੈ. ਇਸ ਲਈ ਮੇਲਿਆਂ ਤੋਂ ਹੋਰ ਸਮੱਗਰੀ ਖਰੀਦਣ ਦੇ ਨਾਲ਼ ਕੋਈ ਨਾ ਕੋਈ ਸਹੀ ਸੇਧ ਦੇਣ ਵਾਲ਼ੀ ਕਿਤਾਬ ਵੀ ਘਰ ਨੂੰ ਜਰੂਰ ਲੈਕੇ ਜਾਈ ਜਾਵੇ. ਇਸ ਸਮੇਂ ਹਾਜਰ ਲੋਕਾਂ ਨੇ ਤਰਕਸੀਲ ਕਿਤਾਬਾਂ ਖਰੀਦਣ ਵਿੱਚ ਚੰਗੀ ਦਿਲਚਸ਼ਪੀ ਦਿਖਾਈ.
ਇਸ ਮੌਕੇ ਜੋਨ ਮੁਖੀ ਲੈਕਚਰਾਰ ਗੁਰਮੀਤ ਖਰੜ, ਕਰਮਜੀਤ ਸਕਰੁੱਲਾਂਪੁਰੀ, ਕੁਲਵਿੰਦਰ ਨਗਾਰੀ, ਬਿਕਰਮਜੀਤ ਸੋਨੀ, ਸੁਜਾਨ ਬਡਾਲ਼ਾ, ਭੁਪਿੰਦਰ ਮਦਨਹੇੜੀ, ਅਵਤਾਰ ਸਹੌੜਾਂ, ਰਾਜੇਸ਼ ਸਹੌੜਾਂ, ਜਸ਼ਪਾਲ ਬਡਾਲ਼ਾ, ਜਗਵਿੰਦਰ ਜੱਗੀ, ਸੁਰਿੰਦਰ ਸਿੰਬਲ਼ਮਾਜਰਾ, ਚਰਨਜੀਤ ਨੇ ਸਰਗਰਮ ਭੂਮਿਕਾ ਨਿਭਾਈ.