ਕੁੱਖ ’ਚ ਕੁੜੀਆਂ ਨੂੰ ਮਾਰਨਾ ਆਪਣੀ ਜੜਾਂ ਆਪ ਕੱਟਣ ਵਾਲ਼ੀ ਗੱਲ: ਤਰਕਸ਼ੀਲ

ਖਰੜ, 17 ਜਨਵਰੀ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਦੇ ਸਹਿਯੋਗ ਨਾਲ ਨਹਿਰੂ ਯੁਵਾ ਕੇਂਦਰ ਵੱਲੋਂ ਸਰਕਾਰੀ ਹਾਈ ਸਕੂਲ ਗੀਗੇ ਮਾਜਰਾ ਵਿਖੇ ਵਿਦਿਆਰਥੀਆਂ ਨੂੰ ਸਮਾਜਿਕ ਕੁਰੀਤੀਆਂ ਦੇ ਖਿਲਾਫ ਲਾਮਬੰਦੀ ਦਾ ਹੋਕਾ ਦੇਂਦਾ ਪ੍ਰੋਗਰਾਮ ਕਰਵਾਇਆ ਗਿਆ. ਪ੍ਰੋਗਰਾਮ ਦੀ ਸੁਰੂਆਤ ਕਰਦਿਆਂ

ਤਰਕਸ਼ੀਲ ਬੁਲਾਰੇ ਨੇ ਸੁਚੇਤ ਕੀਤਾ ਗਿਆ ਕਿ ਪੰਜ ਦਰਿਆਵਾਂ ਦੁਆਰਾ ਮਿਲ ਕੇ ਸੈਂਕੜੇ ਸਾਲਾਂ ਵਿੱਚ ਖੁਸ਼ਹਾਲ ਕੀਤੇ ਪੰਜਾਬ ਨੂੰ ਨਸ਼ਿਆਂ ਦੇ ਛੇਵੇਂ ਦਰਿਆ ਨੇ ਕੁਛ ਹੀ ਦਿਨਾਂ ਵਿੱਚ ਤਬਾਹੀ ਦੇ ਕੰਢੇ ਖੜਾ ਕਰ ਦਿੱਤਾ ਹੈ. ਅੱਜ ਨਸ਼ਿਆਂ ਦੇ ਜੰਜਾਲ਼ ਵਿੱਚ ਫਸਿਆ ਪੰਜਾਬ ਦਾ ਬਚਪਨਾ ਜਵਾਨੀ ਤੋਂ ਬਾਈਪਾਸ ਹੋਕੇ ਸਿੱਧਾ ਬੁਢਾਪੇ ਵਿੱਚ ਦਾਖਲ ਹੋ ਰਿਹਾ ਹੈ.

ਨਾਟਕਾਂ ਰਾਹੀਂ ਪੰਜਾਬ ਵਿੱਚ ਨਸ਼ਿਆਂ ਅਤੇ ਮੁੰਡੇ-ਕੁੜੀ ਦੇ ਜਨਮ ਅਨੁਪਾਤ ਵਿੱਚ ਵੱਡੇ ਪਾੜੇ ੳੱਤੇ ਫਿਕਰਮੰਦੀ ਜ਼ਾਹਿਰ ਕੀਤੀ ਗਈ. ਨਾਟਕ ‘ਧੀ ਪੁੱਤ ਇੱਕ ਬਰਾਬਰ’ਰਾਹੀਂ ਸੁਚੇਤ ਕੀਤਾ ਗਿਆ ਕਿ ਜੇਕਰ ਕੁੜੀਆਂ ਨੂੰ ਕੁੱਖ ਵਿੱਚ ਹੀ ਮਾਰਨਾ ਬੰਦ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਮੁੰਡਿਆਂ ਦੀ ਇੱਕ ਤਿਹਾਈ ਆਬਾਦੀ ਨੂੰ ਮਜਬੂਰਨ ਛੜੇ ਰਹਿਣਾ ਪਵੇਗਾ. ਅੱਜ ਕੁੱਖ ਵਿੱਚ ਧੀਆਂ ਨੂੰ ਮਾਰਨ ਦਾ ਸਿੱਧਾ ਜਿਹਾ ਮਤਲਬ ਭਵਿੱਖ ਵਿੱਚ ਮਨੁੱਖ ਜਾਤੀ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਕਤਲ ਕਰਨਾ ਬਣਦਾ. ਜੋਕਿ ਆਪਣੀ ਜੜਾਂ ਆਪ ਕੱਟਣ ਵਾਲ਼ੀ ਗੱਲ ਹੈ.

ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਮਾਜਰੀ ਅਤੇ ਖਰੜ ਦੇ ਬਲਾਕ ਇੰਚਾਰਜ ਗੁਰਵਿੰਦਰ ਸਿੰਘ ਮੁੰਧੋ ਨੇ ਦੱਸਿਆ ਕਿ ਭਰੂਣ ਹੱਤਿਆ ਖਿਲਾਫ ਵਿੱਢੀ ਮੁਹਿੰਮ ਦੀ ਲੋਕਾਂ ਵੱਲੋਂ ਬਹੁਤ ਤਾਰੀਫ ਕੀਤੀ ਜਾ ਰਹੀ ਹੈ. ਪ੍ਰੋਗਰਾਮ ਦੇ ਅਖੀਰ ਵਿੱਚ ਸਕੂਲ ਮੁਖੀ ਸ੍ਰੀ ਸਤਿੰਦਰ ਕੁਮਾਰ ਵੱਲੋਂ ਨਾਟਕ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਦੀ ਸੋਚ ਨੂੰ ਬਦਲਣ ਵਾਸਤੇ ਇਸ ਤਰਾਂ ਦੇ ਨਾਟਕ ਸਾਰਥਕ ਰੋਲ ਨਿਭਾਅ ਸਕਦੇ ਹਨ. ਇਸ ਪ੍ਰੋਗਰਾਮ ਨੂੰ ਨੇਪਰੇ ਚੜਾਉਣ ਵਾਸਤੇ ਸਕੂਲ ਦੇ ਸਮੂਹ ਸਟਾਫ ਦੁਆਰਾ ਭਰਪੂਰ ਸਹਿਯੋਗ ਦਿੱਤਾ ਗਿਆ. ਇਸ ਮੌਕੇ ਪਿੰਡ ਗੀਗੇ ਮਾਜਰਾ ਤੋਂ ਕੁਲਵੰਤ ਸਿੰਘ ਫੌਜੀ ਅਤੇ ਹੋਰ ਵਸਨੀਕ ਵੀ ਹਾਜਰ ਸਨ. ਤਰਕਸ਼ੀਲ ਯੂਨਿਟ ਖਰੜ ਦੇ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਲੋਕਾਂ ਨੂੰ ਸਮਾਜਿਕ ਸਮੱਸਿਆਵਾਂ ਦੇ ਕਾਰਨ ਅਤੇ ਹੱਲ ਸੁਝਾਉਣ ਵਾਸਤੇ ਪਿਛਲੇ ਤੀਹ ਸਾਲਾਂ ਤੋਂ ਯਤਨਸ਼ੀਲ ਹੈ. ਅੱਜ ਦਾ ਪ੍ਰੋਗਰਾਮ ਵੀ ਇਸੇ ਲੜੀ ਦਾ ਹਿੱਸਾ ਸੀ.