ਤਰਕਸ਼ੀਲ ਸਾਹਿਤ ਵੈਨ ਦਾ ਦੂਜੇ ਗੇੜ ਦਾ ਸਫਰ 15 ਦਸੰਬਰ ਨੂੰ ਰੁਪਾਣਾ ਤੋਂ ਸ਼ੁਰੂ

ਗੁਰਚਰਨ ਨੂਰਪੁਰ ਹੋਣਗੇ ਵਿਦਿਆਰਥੀਆਂ ਦੇ ਰੂਬਰੂ

ਮੁਕਤਸਰ ਸਾਹਿਬ, 13 ਦਸੰਬਰ (ਕੇ. ਸੀ. ਰੁਪਾਣਾ): ਤਰਕਸ਼ੀਲ ਸਾਹਿਤ ਵੈਨ ਦਾ ਇਕ ਸਾਲ ਦਾ ਸਫਰ ਪੂਰਾ ਹੋਣ ਉਪਰੰਤ ਦੂਸਰੇ ਗੇੜ ਦੀ ਸ਼ੁਰੂਆਤ 15 ਦਸੰਬਰ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ (ਲੜਕੇ) ਤੋਂ ਕੀਤੀ ਜਾ ਰਹੀ ਹੈ. ਜਿਸ ਵਿੱਚ ਨਾਮਵਰ ਲੇਖਕ ਤੇ ਤਰਕਸ਼ੀਲ ਚਿੰਤਕ ਗੁਰਚਰਨ ਨੂਰਪੁਰ ਮੁੱਖ ਮਹਿਮਾਨ

ਹੋਣਗੇ. ਇਹ ਜਾਣਕਾਰੀ ਦਿੰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੇ ਸੂਬਾ ਮੀਡੀਆ ਮੁਖੀ ਰਾਮ ਸਵਰਨ ਲੱਖੇਵਾਲੀ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਗੁਰਚਰਨ ਨੂਰਪੁਰ ਵਿਦਿਆਰਥੀਆਂ ਦੇ ਰੂਬਰੂ ਹੋਣਗੇ ਤੇ ਸੁਸਾਇਟੀ ਦੇ ਸੂਬਾਈ ਮੁਖੀ ਰਾਜਿੰਦਰ ਭਦੌੜ ਪੰਜਾਬ ਰਾਜ 'ਚ ਤਰਕਸ਼ੀਲ ਸਾਹਿਤ ਵੈਨ ਦੇ ਇਕ ਸਾਲ ਦੇ ਸਫਰ ਸਬੰਧੀ ਆਪਣੇ ਤਜ਼ਰਬੇ ਸਾਂਝੇ ਕਰਨਗੇ. ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਵਹਿਮਾ-ਭਰਮਾਂ ਅਤੇ ਅੰਧ-ਵਿਸ਼ਵਾਸਾਂ ਤੋਂ ਸੁਚੇਤ ਕਰਨ ਲਈ ਜਾਦੂ ਦੇ ਖੇਲ ਵੀ ਵਿਖਾਏ ਜਾਣਗੇ. ਤਰਕਸ਼ੀਲ ਆਗੂ ਨੇ ਦੱਸਿਆ ਕਿ ਸਾਹਿਤ ਵੈਨ 15 ਦਸੰਬਰ ਤੋਂ ਇਕ ਹਫਤੇ ਲਈ ਇਸ ਖੇਤਰ ਦੇ ਵੱਖ-ਵੱਖ ਸਕੂਲਾਂ, ਜਨਤਕ ਥਾਵਾਂ ਤੇ ਪਿੰਡਾਂ ਵਿੱਚ ਸਮਾਜ ਨੂੰ ਭਰਮ ਮੁਕਤ ਕਰਨ ਤੇ ਪੁਸਤਕ ਸੱਭਿਆਚਾਰ ਰਾਹੀਂ ਲੋਕ ਮਨਾਂ ਨੂੰ ਰੁਸ਼ਨਾਉਣ ਦਾ ਕਾਰਜ ਕਰੇਗੀ.