ਆਸ਼ੂਤੋਸ਼ ਦੀ ‘ਅਖੌਤੀ ਸਮਾਧੀ ਸਿਰਫ ਡਰਾਮਾ: ਤਰਕਸ਼ੀਲ

ਖਰੜ, 8 ਦਸੰਬਰ (ਕੁਲਵਿੰਦਰ ਨਗਾਰੀ): ਸਾਰੀ ਦੁਨੀਆਂ ਵਾਸਤੇ ਇੱਕੀਵੀਂ ਸਦੀ ਵਿਗਿਆਨ ਦੀ ਸਦੀ ਹੈ ਪਰ ਸਾਡੇ ਦੇਸ ਦੇ ਲੋਕਾਂ ਦੇ ਦਿਲੋ-ਦਿਮਾਗ ਉੱਤੇ ਅੰਧ-ਵਿਸ਼ਵਾਸ ਅੱਜ ਵੀ ਇਸ ਕਦਰ ਹਾਵੀ ਹਨ ਕਿ ਉਹ ਅੱਖਾਂ ਬੰਦ ਕਰਕੇ ਆਸਥਾ ਦੇ ਨਾਂ ਉੱਤੇ ਕੁਝ ਵੀ ਕਰ ਗਾਜਰਨ ਨੂੰ ਤਿਆਰ ਹੋ ਜਾਂਦੇ ਹਨ. ਅਖੌਤੀ ਸਾਧਾਂ-ਸੰਤਾਂ

ਵੱਲੋਂ ਭੋਲ਼ੇ ਭਾਲ਼ੇ ਸ਼ਰਧਾਲੂਆਂ ਦੀਆਂ ਅੱਖਾਂ ਉੱਤੇ ਸ਼ਰਧਾ ਦੀ ਪੱਟੀ ਬੰਨ ਕੇ ਉਨਾਂ ਦੀ ਦੇਖਣ-ਸੁਣਨ ਅਤੇ ਸੋਚਣ-ਸਮਝਣ ਦੀ ਤਾਕਤ ਖਤਮ ਕਰ ਦਿੱਤੀ ਜਾਂਦੀ ਹੈ. ਹਾਲਾਤ ਦੇ ਨਿਘਾਰ ਦਾ ਅੰਦਾਜਾ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਤਕਰੀਬਨ ਹਰ ਰੋਜ਼ ਹੀ ਅਖਬਾਰਾਂ ਦੀਆਂ ਸੁਰਖੀਆਂ ਕਿਸੇ ਨਾ ਕਿਸੇ ਅਖੌਤੀ ਬਾਬੇ ਦੇ ਕਾਲ਼ੇ ਕਾਰਨਾਮਿਆਂ ਦੀਆਂ ਗਵਾਹ ਬਣਦੀਆਂ ਹਨ. ਅਜੋਕੀ ਸਥਿਤੀ ਦਾ ਚਿੰਤਾਜਨਕ ਪਹਿਲੂ ਇਹ ਹੈ ਕਿ ਪਿਛਲਾ ਮਾਮਲਾ ਹਾਲੇ ਠੰਢਾ ਵੀ ਨਹੀਂ ਪਿਆ ਹੁੰਦਾ ਕਿ ਕੋਈ ਨਾ ਕੋਈ ਡੇਰਾ ਜਾਂ ਆਸ਼ਰਮ ਆਪਣੀ ਗੈਰ-ਕਾਨੂੰਨੀ ਅਤੇ ਗੈਰ-ਵਿਗਿਆਨਿਕ ਗਤੀਵਿਧਿੀਆਂ ਕਰਕੇ ਚਰਚਾ ਵਿੱਚ ਆ ਜਾਂਦਾ ਹੈ. ਇਹ ਗੱਲ ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਦੀ ਮੀਟਿੰਗ ਦੌਰਾਨ ਤਰਕਸ਼ੀਲਾਂ ਨੇ ਵਿਚਾਰ ਚਰਚਾ ਕਰਦਿਆਂ ਕਹੀ.

ਉਨਾਂ ਕਿਹਾ ਕਿ ਹਰਿਆਣਾ ਦੇ ਅਖੌਤੀ ਸੰਤ ਰਾਮਪਾਲ ਦਾ ਮੁੱਦਾ ਹਾਲੇ ਠੰਢਾ ਵੀ ਨਹੀਂ ਸੀ ਪਿਆ ਪਰ ਹੁਣ ਪੰਜਾਬ ਵਿੱਚ ਵੀ ਆਸ਼ੂਤੋਸ ਦੇ ਡੇਰੇ ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਨੂਰਮਹਿਲ ਵਿੱਚ ਬਰਵਾਲਾ ਦੇ ਸਤਲੋਕ ਆਸ਼ਰਮ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ. ਤਰਕਸ਼ੀਲਾਂ ਨੇ ਹਾਈਕੋਰਟ ਦੇ ਹੁਕਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ  ਨੂਰ ਮਹਿਲ ਡੇਰੇ ਦੇ ਪ੍ਰਬੰਧਕਾਂ ਵੱਲੋਂ ਆਪਣੇ ਮੁਖੀ ਆਸ਼ੂਤੋਸ਼ ਦੀ ਮੌਤ ਨੂੰ ‘ਸਮਾਧੀ ਦਾ ਨਾਂ ਦੇਕੇ, ਆਪਣੇ ਸਰਧਾਲੂਆਂ ਅਤੇ ਪ੍ਰਸ਼ਾਸਨ ਸਾਹਮਣੇ ਜੋ ਡਰਾਮਾ ਰਚਿਆ ਜਾ ਰਿਹਾ ਸੀ  ਹਾਈਕੋਰਟ ਦੇ ਹੁਕਮਾਂ ਕਾਰਨ ਲਗਦਾ ਹੈ ਕਿ ਹੁਣ ਬਿੱਲੀ ਥੈਲੇ ਤੋਂ ਬਾਹਰ ਆ ਜਾਵੇਗੀ. ਉਨਾਂ ਕਿਹਾ ਕਿ ਜੇਕਰ ਆਸ਼ੂਤੋਸ ਸੱਚਮੁੱਚ ਕਿਸੇ ਅਖੌਤੀ ਸਮਾਧੀ ਵਿੱਚ ਲੀਨ ਹੈ ਤਾਂ ਡੇਰੇ ਦੇ ਪ੍ਰਬੰਧਕਾਂ ਵੱਲੋਂ ਕਿਸੇ ਨੂੰ ਉਸਦੇ ਪਾਸ ਜਾਣ ਤੋਂ ਰੋਕਣ ਦੀ ਬਜਾਇ ਡਾਕਟਰਾਂ ਦੀ ਟੀਮ ਨੂੰ ੳਸਦੇ ਸਰੀਰ ਦੀ ਜਾਂਚ  ਕਰਨ ਦੀ ਖੁੱਲ ਦੇ ਦੇਣੀ ਚਾਹੀਦੀ ਹੈ ਤਾਂਕਿ ‘‘ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ’ਵਾਲ਼ੀ ਕਹਾਵਤ ਲੋਕਾਂ ਦੀ ਕਚਹਿਰੀ ਵਿੱਚ ਸੱਚੀ ਸਾਬਤ ਹੋ ਸਕੇ. ਡੇਰਾ ਪ੍ਰਬੰਧਕਾਂ ਦੇ ਗੁੰਮਰਾਹਕੁਨ ਵਤੀਰੇ ਉੱਤੇ ਤਰਕਸ਼ੀਲਾਂ ਨੇ ਹੈਰਾਨੀ ਜਾਹਰ ਕੀਤੀ ਕਿ ਸਮਾਧੀ ਦਾ ਰੋਜਾਨਾ ਹੀ ਬੜੇ ਜੋਰ-ਸ਼ੋਰ ਨਾਲ਼ ਪ੍ਰਚਾਰ ਕਰਨ ਵਾਲੇ ਸਾਧੂਆਂ ਨੂੰ ਆਪਣੇ ਹੀ ਡੇਰਾ ਮੁਖੀ ਦੇ ਮ੍ਰਿਤਕ-ਸਰੀਰ ਅਤੇ ‘ਅਖੌਤੀ ਸਮਾਧੀਵਿੱਚਲਾ ਫਰਕ ਨਜ਼ਰ ਨਹੀਂ ਆ ਰਿਹਾ. ਉਨਾਂ ਕਿਹਾ ਕਿ ਆਸ਼ੂਤੋਸ ਤੋਂ ਬਾਅਦ ਡੇਰਾ ਮੁਖੀ ਦੀ ਗੱਦੀ ਦਾ ਕੋਈ ਪੱਕਾ ਦਾਅਵੇਦਾਰ ਨਾ ਹੋਣ ਕਾਰਨ ਆਸ਼ੂਤੋਸ ਦੀ ਮੌਤ ਨੂੰ ਮਜਬੂਰੀ ਵੱਸ ‘‘ਸਮਾਧੀ’ ਦੀ ਰੰਗਤ ਦਿੱਤੀ ਜਾ ਰਹੀ ਹੈ.

ਇਸ ਮੌਕੇ ਜੋਨ ਮੁਖੀ ਲੈਕਚਰਾਰ ਗੁਰਮੀਤ ਖਰੜ, ਇਕਾਈ ਮੁਖੀ ਕਰਮਜੀਤ ਸਕਰੁੱਲਾਂਪੁਰੀ, ਮੀਡੀਆ ਮੁਖੀ ਕੁਲਵਿੰਦਰ ਨਗਾਰੀ, ਵਿੱਤ ਮੁਖੀ ਬਿਕਰਮਜੀਤ ਸੋਨੀ, ਸੁਜਾਨ ਬਡਾਲ਼ਾ ਆਦਿ ਮੈਂਬਰ ਹਾਜਰ ਸਨ.