ਅੰਧਵਿਸ਼ਵਾਸੀ ਵਰਤਾਰੇ ਨੂੰ ਠੱਲ ਪਾਉਣ ਲਈ ਤਰਕਸ਼ੀਲਾਂ ਨੇ ਨਹਿਰੂ ਕੇਂਦਰ ਵੱਲੋਂ ਲਾਏ ਕੈਂਪਾਂ ਵਿੱਚ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤੇ
ਪਟਿਆਲਾ, 29 ਨਵੰਬਰ (ਹਰਚੰਦ ਭਿੰਡਰ): ਦੇਸ਼ ਵਿੱਚ ਵਧ ਰਹੇ ਅੰਧਵਿਸ਼ਵਾਸੀ ਵਰਤਾਰੇ ਨੂੰ ਠੱਲ ਪਾਉਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਪਟਿਆਲਾ ਵਲੋਂ ਯੂਥ ਹੋਸਟਲ ਪਟਿਆਲਾ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਘਨੌਰ, ਸਰਕਾਰੀ ਹਾਈ ਸਕੂਲ ਮੁਗਲ ਸਰਾਏ ਅਤੇ ਨਹਿਰੂ ਯੂਥ ਕੇਂਦਰ ਸਰਹਿੰਦ ਵਿਖੇ ਤਰਕਸ਼ੀਲ
ਪ੍ਰੋਗਰਾਮ ਕੀਤੇ ਗਏ. ਜਿਸ ਵਿੱਚ ਬੱਚਿਆਂ ਨੂੰ ਜਾਦੂ ਦੇ ਟਰਿਕ ਦਿਖਾ ਕੇ ਜਾਦੂ ਬਾਰੇ ਲੋਕਾਂ ਵਿੱਚ ਪਾਏ ਜਾਂਦੇ ਵਹਿਮਾ ਭਰਮਾਂ ਚੋਂ ਨਿਕਲਣ ਲਈ ਪ੍ਰੇਰਿਆ ਗਿਆ. ਇਹਨਾਂ ਪ੍ਰੋਗਰਾਮਾਂ ਵਿੱਚ ਪ੍ਰੋ. ਪੂਰਨ ਸਿੰਘ ਅਤੇ ਰਾਮ ਕੁਮਾਰ ਅਤੇ ਰਾਕੇਸ਼ ਨੇ ਬੱਚਿਆਂ ਨੂੰ ਵਿਗਿਆਨਕ ਪਹੁੰਚ ਅਪਨਾਉਣ ਅਤੇ ਧਰਮ ਦੇ ਪਰਦੇ ਹੇਠ ਵਪਾਰ ਚਲਾ ਰਹੇ ਅਖੌਤੀ ਬਾਬਿਆਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ. ਉਨਾਂ ਕਿਹਾ ਕਿ ਜਿਹੜੇ ਬਾਬੇ ਵਿਗਿਆਨ ਦੀ ਹਰ ਸਹੂਲਤ ਮਾਣਦੇ ਹਨ ਪਰੰਤੂ ਲੋਕਾਂ ਨੂੰ ਵਿਗਿਆਨ ਦੇ ਵਿਰੁੱਧ ਦਲੀਲਾਂ ਦੇ ਕੇ ਉਹਨਾਂ ਵਿੱਚ ਅੰਧ ਵਿਸ਼ਵਾਸ ਫੈਲਾਉਂਦੇ ਹਨ. ਉਹਨਾਂ ਕਿਹਾ ਕਿ ਇਹ ਅਖੋਤੀ ਸੰਤ ਲੋਕਾਂ ਨੂੰ ਕਿਸਮਤ ਵਿੱਚ ਵਿਸ਼ਵਾਸ ਕਰਨ ਦੀ ਸਿੱਖਿਆ ਦਿੰਦੇ ਹਨ ਜਿਸ ਨਾਲ ਲੋਕ ਮਿਹਨਤ ਤੋਂ ਪਾਸਾ ਵੱਟਕੇ ਕਿਸਮਤ ਤੇ ਭਰੋਸਾ ਕਰਨ ਲਗ ਜਾਂਦੇ ਹਨ. ਉਹਨਾਂ ਕਿਹਾ ਕਿ ਅਸੀਂ ਸਮਾਜ ਦੀ ਤਰੱਕੀ ਲਈ ਰੂੜੀਵਾਦੀ ਵਿਚਾਰਾਂ ਨੂੰ ਛੱਡ ਕੇ ਅਤੇ ਤਰਕਸ਼ੀਲ ਪਹੁੰਚ ਅਪਣਾ ਕੇ ਹੀ ਇਸ ਧਰਤੀ ਨੂੰ ਸਵਰਗ ਬਣਾ ਸਕਦੇ ਹਾਂ. ਇਹਨਾਂ ਪ੍ਰੋਗਰਾਮਾਂ ਵਿੱਚ ਬੱਚਿਆਂ ਨੇ ਕਾਫੀ ਮਾਤਰਾ ਵਿੱਚ ਤਰਕਸ਼ੀਲ ਸਹਿਤ ਖਰੀਦਿਆ.