ਤਰਕਸ਼ੀਲ ਸਾਹਿਤ ਵੈਨ ਦਾ ਦੌਰਾ ਕੱਲ੍ਹ ਤੋਂ; ਸਕੂਲਾਂ 'ਚ ਪਨਪੇਗਾ ਪੁਸਤਕ ਸੱਭਿਆਚਾਰ
ਮੁਕਤਸਰ, 14 ਦਸੰਬਰ (ਬੂਟਾ ਸਿੰਘ ਵਾਕਫ): ਗਿਆਨ-ਵਿਗਿਆਨ, ਚੇਤਨਾ ਤੇ ਪੁਸਤਕ ਸੱਭਿਆਚਾਰ ਰਾਹੀਂ ਸਮਾਜ ਨੂੰ ਸੁਖਾਵੇਂ ਰੁਖ਼ ਪਾਸੇ ਤੋਰਨ ਤੁਰੀ ਤਰਕਸ਼ੀਲ ਸਾਹਿਤ ਵੈਨ ਦੀ ਇਸ ਜਿਲ੍ਹੇ 'ਚ ਆਮਦ ਹਫਤਾ ਭਰ ਵਿਦਿਆਰਥੀਆਂ ਦੇ ਰੂਬਰੂ ਹੋਵੇਗੀ ਤੇ ਸਕੂਲਾਂ ਵਿੱਚ ਪੁਸਤਕ ਸੱਭਿਆਚਾਰ ਦਾ ਨਿਵੇਕਲਾ ਰੰਗ ਪਨਪੇਗਾ. ਰੁਪਾਣਾ, ਤਾਮਕੋਟ,
ਮਹਾਂਬੱਧਰ, ਖੁੰਡੇ ਹਲਾਲ, ਝਬੇਲਵਾਲੀ, ਭੁਲੇਰੀਆਂ ਆਦਿ ਸਕੂਲਾਂ 'ਚ ਵਿਦਿਆਰਥੀਆਂ ਨਾਲ ਸੰਵਾਦ ਰਚਾਉਣ ਦੇ ਨਾਲ-ਨਾਲ ਪਿੰਡਾਂ ਦੀਆਂ ਸੱਥਾਂ, ਜਨਤਕ ਥਾਵਾਂ, ਪਾਰਕਾਂ ਤੇ ਬੱਸ ਅੱਡਿਆਂ 'ਤੇ ਵੀ ਲੋਕਾਂ ਦੇ ਸਨਮੁੱਖ ਹੋਵੇਗੀ. ਪੰਜਾਬ ਰਾਜ ਦਾ ਇਕ ਦੌਰਾ ਪੂਰਾ ਕਰਨ ਉਪਰੰਤ ਪੰਜਾਬੀਆਂ ਦੀ ਪੁਸਤਕਾਂ ਪ੍ਰਤੀ ਚੇਟਕ ਦੇ ਦਿਲਚਸਪ ਵੇਰਵਿਆਂ ਦਾ ਜ਼ਿਕਰ ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੇ ਸੂਬਾਈ ਮੁਖੀ ਰਜਿੰਦਰ ਭਦੌੜ ਤੇ ਵੈਨ ਨਾਲ ਰਹਿੰਦੇ ਕੁੱਲਵਕਤੀ ਕਾਮੇ ਜਸਵੀਰ ਸੋਨੀ ਨੇ ਦੱਸਿਆ ਕਿ ਇਹ ਕਹਿਣਾ ਦੁਰੱਸਤ ਨਹੀਂ ਹੈ ਕਿ ਪੰਜਾਬੀ ਵਿੱਚ ਪਾਠਕਾਂ ਦੀ ਘਾਟ ਹੈ ਬਲਕਿ ਇਹ ਕਹਿਣਾ ਠੀਕ ਹੈ ਕਿ ਪੁਸਤਕਾਂ ਨੂੰ ਲੋਕਾਂ ਤੱਕ ਲਿਜਾਣ ਦੇ ਯਤਨਾਂ ਦੀ ਘਾਟ ਹੈ. ਉਹਨਾਂ ਦੱਸਿਆ ਕਿ ਪੰਜਾਬ ਰਾਜ ਦੇ ਸਮੁੱਚੇ ਦੌਰੇ ਦੌਰਾਨ ਉਹ ਜਿਸ ਸਕੂਲ ਵਿੱਚ ਵੀ ਗਏ, ਹਰ ਥਾਂ 'ਤੇ ਵਿਦਿਆਰਥੀਆਂ ਨੇ ਪੁਸਤਕਾਂ ਖਰੀਦਣ ਵਿੱਚ ਭਰਵੀਂ ਰੁਚੀ ਵਿਖਾਈ ਅਤੇ ਜਿਨ੍ਹਾਂ ਥਾਵਾਂ 'ਤੇ ਅਧਿਆਪਕਾਂ ਦੀ ਪ੍ਰੇਰਨਾ ਮਿਲੀ, ਉਥੇ ਵਿਦਿਆਰਥੀਆਂ ਦਾ ਪੁਸਤਕਾਂ ਨਾਲ ਸੰਵਾਦ ਰਚਾਉਣ ਦਾ ਉਤਸ਼ਾਹ ਕੁਝ ਵੱਖਰਾ ਹੀ ਸੀ. ਤਰਕਸ਼ੀਲ ਆਗੂਆਂ ਨੇ ਆਖਿਆ ਕਿ ਜਨਤਕ ਥਾਵਾਂ ਤੇ ਮੇਲਿਆਂ ਵਿੱਚ ਲੋਕ ਵੈਨ ਤੋਂ ਚਾਅ ਨਾਲ ਪੁਸਤਕਾਂ ਖਰੀਦਦੇ ਹਨ. ਜ਼ਿਕਰਯੋਗ ਹੈ ਕਿ ਸਕੂਲੀ ਸਿਲੇਬਸ ਵਿੱਚ ਲਾਇਬਰੇਰੀ ਸ਼ਾਮਲ ਹੋਣ ਸਦਕਾ ਪੁਸਤਕ ਵੈਨ ਦਾ ਮਹੱਤਵ ਸਕੂਲਾਂ ਲਈ ਹੋਰ ਵੀ ਵਧ ਗਿਆ ਹੈ. ਇਸ ਖੇਤਰ ਦੇ ਤਰਕਸ਼ੀਲਾਂ 'ਤੇ ਸਾਹਿਤ ਸੱਭਿਆਚਾਰ ਨਾਲ ਜੁੜੇ ਕਾਮਿਆਂ ਕੇ.ਸੀ. ਰੁਪਾਣਾ, ਬੂਟਾ ਸਿੰਘ ਵਾਕਫ ਤੇ ਰਾਮ ਸਵਰਨ ਲੱਖੇਵਾਲੀ ਦਾ ਕਹਿਣਾ ਹੈ ਕਿ ਸਾਹਿਤ ਵੈਨ ਸਕੂਲਾਂ 'ਚ ਪੜ੍ਹਨ-ਪੜ੍ਹਾਉਣ ਤੇ ਪੁਸਤਕਾਂ ਤੋਂ ਹਾਸਲ ਗਿਆਨ ਨਾਲ ਵਿਦਿਅਕ ਮਾਹੌਲ ਨੂੰ ਹਾਂ ਪੱਖੀ ਹੁੰਗਾਰਾ ਦੇਵੇਗੀ ਕਿਉਂਕਿ ਸਿਲੇਬਸ ਦੀ ਪੜ੍ਹਾਈ ਪੁਸਤਕ ਪ੍ਰੇਮ ਨਾਲ ਹੋਰ ਵੀ ਰੌਚਿਕ ਬਣ ਜਾਂਦੀ ਹੈ. ਉਹਨਾਂ ਇਸ ਖੇਤਰ ਦੇ ਸਾਹਿਤਕਾਰਾਂ, ਬੁੱਧੀਜੀਵੀਆਂ, ਸਮਾਜ ਸੇਵੀਆਂ ਤੇ ਅਧਿਆਪਕਾਂ ਨੂੰ ਸਾਹਿਤ ਵੈਨ ਦੇ ਸਹਿਯੋਗ ਅਤੇ ਸਮਾਜ ਵਿਚੋਂ ਅੰਧ-ਵਿਸ਼ਵਾਸਾਂ ਦੇ ਖਾਤਮੇ ਲਈ ਪੁਸਤਕ ਸੱਭਿਆਚਾਰ ਨੂੰ ਹਰ ਦਰ ਤੇ ਪਹੁੰਚਾਉਣ ਲਈ ਨਾਲ ਤੁਰਨ ਦਾ ਸੱਦਾ ਦਿੱਤਾ ਹੈ. ਅੱਜ ਰੁਪਾਣਾ ਦੇ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤੋਂ ਸਾਹਿਤ ਵੈਨ ਦੇ ਦੌਰੇ ਦਾ ਆਗਾਜ਼ ਹੋਵੇਗਾ ਜਿਸ ਦੌਰਾਨ ਨਾਮਵਰ ਲੇਖਕ ਤੇ ਤਰਕਸ਼ੀਲ ਚਿੰਤਕ ਗੁਰਚਰਨ ਨੂਰਪੁਰ ਵਿਦਿਆਰਥੀਆਂ ਦੇ ਰੂਬਰੂ ਹੋਣਗੇ.