ਤਰਕਸ਼ੀਲ ਸੁਸਾਇਟੀ ਪੰਜਾਬ ਦੇ ਚੰਡੀਗੜ੍ਹ ਜੋਨ ਦੀ ਮੀਟਿੰਗ ਹੋਈ

ਖਰੜ, 21ਨਵੰਬਰ 2014 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਚੰਡੀਗੜ ਦੀ ਮੀਟਿੰਗ ਜੋਨ ਮੁਖੀ ਲੈਕਚਰਾਰ ਗੁਰਮੀਤ ਖਰੜ ਦੀ ਪ੍ਰਧਾਨਗੀ ਹੇਠ ਖਰੜ ਵਿਖੇ ਹੋਈ. ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਅੰਧਵਿਸਵਾਸਾਂ ਦੀ ਦਲਦਲ ਵਿੱਚ ਬੁਰੀ ਤਰਾਂ ਫਸੀ ਲੋਕਾਈ ਨੂੰ ਬਾਹਰ ਕੱਢਣ ਲਈ

ਵਿਗਿਆਨਿਕ-ਸੋਚ ਦਾ ਸੁਨੇਹਾ ਦਿੰਦਾ ਤਰਕਸ਼ੀਲ ਸਾਹਿਤ ਵੱਧ ਤੋਂ ਵੱਧ ਹੱਥਾਂ ਤੱਕ ਪਹੁੰਚਾਣ ਵਾਸਤੇ ਤਰਕਸ਼ੀਲ ਸੁਸ਼ਾਇਟੀ ਦੀ ‘ਸਾਹਿਤ ਵੈਨ’ਚੰਡੀਗੜ੍ਹ ਜੋਨ ਵਿੱਚ ਦੁਬਾਰਾ ਲਿਆਂਦੀ ਜਾਵੇਗੀ. ਇਸ ਸਬੰਧੀ ਜੋਨ ਮੁਖੀ ਵੱਲੋਂ ਸਾਰੀਆਂ ਇਕਾਈਆਂ ਨਾਲ ਕਾਰਜ-ਵਿਊਂਤ ਸਾਂਝੀ ਕੀਤੀ ਗਈ ਤਾਂਕਿ ਪ੍ਰੋਗਰਾਮ ਦੀ ਅਮਲੀ-ਯੋਜਨਾ ਉਲੀਕੀ ਜਾ ਸਕੇ.

ਮੀਟਿੰਗ ਦੌਰਾਨ ਹਾਜ਼ਰ ਮੈਂਬਰਾਂ ਵੱਲੋਂ ਆਪਣੀ ਨਿੱਜੀ ਜਿੰਦਗੀ ਦੇ ਉਹ ਅਨੁਭਵ ਅਤੇ ਘਟਨਾਵਾਂ ਵੀ ਦੂਜੇ ਮੈਂਬਰਾਂ ਨਾਲ਼ ਸਾਂਝੀਆਂ ਕੀਤੀਆਂ ਗਈਆਂ ਜਿਨ੍ਹਾਂ ਦੇ ਕਾਰਨ  ਅੰਧਵਿਸ਼ਵਾਸੀ ਸੋਚ ਨੂੰ ਤਿਆਗ ਕੇ ਤਰਕਸ਼ੀਲਤਾ ਦੇ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਮਿਲੀ. ਤਰਕਸ਼ੀਲ਼ ਮੈਂਬਰਾਂ ਦੀ ਇਸ ਵਿਚਾਰ ਚਰਚਾ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਕੀ? ਕਿੱਥੇ? ਕਦੋਂ? ਕਿਵੇਂ? ਤੇ ਕਿਉਂ? ਉਹ ਟੂਲਜ਼ ਹਨ ਜਿਹਨਾਂ ਦੀ ਵਰਤੋਂ ਕਰਨ ਨਾਲ਼ ਕੋਈ ਵੀ ਸਧਾਰਨ ਮਨੁੱਖ ਤਰਕਸ਼ੀਲ ਬਣ ਸਕਦਾ ਹੈ. ਤਰਕਸ਼ੀਲ ਮੈਂਬਰਾਂ ਵੱਲੋਂ ਲੋਕਾਂ ਨੂੰ ਸੁਨੇਹਾ ਵੀ ਦਿੱਤਾ ਕਿ ਅੱਜ ਵਿਗਿਆਨ ਦਾ ਯੁੱਗ ਹੈ ਜੇਕਰ ਅਸੀਂ ਸੱਚਮੁਚ ਆਪਣੇ ਦੇਸ ਦੀ ਤਰੱਕੀ ਚਾਹੁੰਦੇ ਹਾਂ ਤਾਂ ਸਾਨੂੰ ਦੇਸਵਾਸੀਆਂ ਦੀ ਸੋਚ ਨੂੰ ਸਮੇਂ ਦੇ ਹਾਣ ਦੀ ਬਨਾਉਣਾ ਪਵੇਗਾ. ਇਸ ਤੋਂ ਬਿਨਾਂ ਦੇਸ ਦੀ ਤਰੱਕੀ ਦੇ ਸਿਰਫ ਸੁਪਨੇ ਹੀ ਦੇਖੇ ਜਾ ਸਕਦੇ ਹਨ.

ਇਸ ਮੀਟਿੰਗ ਦੋਰਾਨ  ਜੋਨਲ ਆਗੂ ਅਜੀਤ ਪ੍ਰਦੇਸੀ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ ਦੀ ਰਿਪੋਰਟ ਵੀ ਪੜ੍ਹੀ ਗਈ. ਇਸ ਮੀਟਿੰਗ ਵਿੱਚ ਜੋਨਲ ਆਗੂਆਂ ਲੈਕਚਰਾਰ ਗੁਰਮੀਤ ਖਰੜ, ਅਜੀਤ ਪ੍ਰਦੇਸੀ, ਸੰਦੀਪ ਬੱਸੀ ਪਠਾਣਾਂ ਤੋਂ ਇਲਾਵਾ ਚੰਡੀਗੜ੍ਹ ਜੋਨ ਦੀਆਂ ਇਕਾਈਆਂ ਚੰਡੀਗੜ੍ਹ, ਮੋਹਾਲ਼ੀ, ਖਰੜ, ਰੋਪੜ, ਬੱਸੀ ਪਠਾਣਾਂ ਅਤੇ ਸਰਹਿੰਦ ਦੇ ਨੁਮਾਇੰਦੇ ਸਾਮਲ ਹੋਏ.