ਤਰਕਸ਼ੀਲ ਆਗੂ ਨੇ ਮਾਤਾ ਦੀਆਂ ਅੱਖਾਂ ਦਾਨ ਕੀਤੀਆਂ
ਮੋਹਾਲੀ, 8 ਨਵੰਬਰ (ਹਰਪ੍ਰੀਤ) : ਮਾਤਾ ਸਵਰਨ ਕੌਰ ਆਪ ਤਾਂ ਦੁਨੀਆਂ ਵਿੱਚ ਨਹੀਂ ਰਹੇ ਪਰ ਉਹਨਾਂ ਦੀਆਂ ਅੱਖਾਂ ਕਿਸੇ ਦੀ ਜਿੰਦਗੀ ਦੇ ਹਨੇਰੇ ਨੂੰ ਦੂਰ ਕਰਦਿਆਂ ਦੁਨੀਆਂ ਨੂੰ ਦੇਖਦੀਆਂ ਰਹਿਣਗੀਆਂ. ਇਸ ਉਪਰਾਲੇ ਦੀ ਮੋਹਾਲੀ ਨੇੜਲੇ ਪਿੰਡ ਹੁਸ਼ਿਆਰਪੁਰ ਵਿੱਚ ਚਰਚਾ ਹੈ. ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਦੇ ਸੱਭਿਆਚਾਰ
ਵਿਭਾਗ ਦੇ ਮੁਖੀ ਗੋਰਾ ਹੁਸ਼ਿਆਰਪੁਰੀ ਦੀ ਮਾਤਾ ਸਵਰਨ ਕੌਰ (68) ਪਤਨੀ ਸ਼੍ਰੀ ਬੁੱਧ ਸਿੰਘ ਦਾ ਬੀਤੇ ਦਿਨ ਪੀਜੀਆਈ ਚੰਡੀਗੜ ਵਿਖੇ ਦੇਹਾਂਤ ਹੋ ਗਿਆ. ਪੁਰਾਣੇ
ਗਲੇ-ਸੜੇ ਰਸਮਾਂ-ਰਿਵਾਜਾਂ ਨੂੰ ਤਿਆਗਦਿਆਂ ਪਰਿਵਾਰ ਦੀ ਇੱਛਾ ਸੀ ਕਿ ਉਹਨਾਂ ਦਾ ਮ੍ਰਿਤਕ ਸਰੀਰ ਪੀਜੀਆਈ ਅਨਾਟਮੀ ਵਿਭਾਗ ਨੂੰ ਖੋਜ ਕਾਰਜਾਂ ਲਈ ਭੇਟ ਕੀਤਾ ਜਾ ਸਕੇ ਪਰ ਮਾਤਾ ਦੇ ਸਰੀਰ ਚ ਇਨਫੈਕਸ਼ਨ ਕਾਰਨ ਇਸ ਤਰਾਂ ਸੰਭਵ ਨਹੀਂ ਹੋ ਸਕਿਆ ਉਹਨਾਂ ਦੀਆਂ ਅੱਖਾਂ ਬਿਲਕੁਲ ਸਹੀ ਸਲਾਮਤ ਸਨ. ਗੋਰਾ ਹੁਸ਼ਿਆਰਪੁਰੀ ਦੇ ਪਰਿਵਾਰ ਨੇ ਇੱਛਾ ਸ਼ਕਤੀ ਦਿਖਾਉਂਦਿਆਂ ਮਾਤਾ ਜੀ ਦੀਆਂ ਅੱਖਾਂ ਆਈ ਡਿਪਾਰਟਮੈਂਟ ਨੂੰ ਪ੍ਰਦਾਨ ਕਰ ਦਿੱਤੀਆਂ.
ਇਕਾਈ ਮੋਹਾਲੀ ਦੇ ਸੱਭਿਆਚਾਰ ਵਿਭਾਗ ਦੇ ਮੁਖੀ ਗੋਰਾ ਹੁਸ਼ਿਆਰਪੁਰੀ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਨਵੀਂਆਂ ਪਿਰਤਾਂ ਪਾਉਣ ਬਾਰੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਹਨ ਪਰ ਪਿਰਤਾਂ ਪਾਉਣੀਆਂ ਔਖੀਆਂ ਹਨ. ਉਹਨਾਂ ਕਿਹਾ ਅਜਿਹੇ ਮਾਹੌਲ ਚ ਆਮ ਲੀਹ ਤੋਂ ਹਟ ਕੇ ਫੈਸਲੇ ਲੈਣੇ ਬਹੁਤ ਔਖੇ ਹੁੰਦੇ ਹਨ ਪਰ ਜੇਕਰ ਥੋੜੇ ਹੌਸਲੇ ਨਾਲ ਨਵੀਆਂ ਪਿਰਤਾਂ ਪਾਈਆਂ ਜਾਣ ਤਾਂ ਇਹ ਸੰਭਵ ਹੈ. ਉਹਨਾਂ ਕਿਹਾ ਕਿ ਸਰੀਰ ਖੋਜ ਕਾਰਜਾਂ ਲਈ ਪ੍ਰਦਾਨ ਕਰਨ ਪ੍ਰਤੀ ਅਤੇ ਘੱਟੋ ਘੱਟ ਅੱਖਾਂ ਦੇਣ ਬਾਰੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ.