ਅੱਗੇ ਵਧਣ ਲਈ ਸਾਲਾਂ ਪੁਰਾਣੀਆਂ ਧਾਰਨਾਵਾਂ ਛੱਡਣੀ ਜਰੂਰੀ: ਗੁਰਮੀਤ ਖਰੜ
ਖਰੜ, 10 ਸਤੰਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਇਕਾਈ ਖਰੜ ਦੇ ਆਗੂ ਸੁਰਿੰਦਰ ਸਿੰਬਲ਼ਮਾਜਰਾ ਦੇ ਪਿਤਾ ਜੀ ਸ: ਬਲਦੇਵ ਸਿੰਘ ਦੀ ਮੌਤ ਉਪਰੰਤ ਪਰਿਵਾਰ ਵੱਲੋਂ ਮ੍ਰਿਤਕ ਸਰੀਰ ਖੋਜ ਕਾਰਜਾਂ ਹਿੱਤ ਪੀ.ਜੀ.ਆਈ. ਦੇ ਚੰਡੀਗੜ੍ਹ ਅਨਾਟਮੀ ਵਿਭਾਗ ਨੂੰ ਸੌਂਪਿਆ ਗਿਆ. ਇਸ ਮੌਕੇ ਤਰਕਸ਼ੀਲ
ਆਗੂ ਪ੍ਰਿੰਸੀਪਲ ਖਰੜ ਗੁਰਮੀਤ ਨੇ ਕਿਹਾ ਕਿ ਧਾਰਮਿਕ ਲੋਕਾਂ ਵੱਲੋਂ ਪ੍ਰਚਾਰੀ ਜਾਂਦੀ ਮਿੱਥ ਕਿ ''ਤੇਰਾ ਚੰਮ ਨ੍ਹੀ ਕਿਸੇ ਦੇ ਕੰਮ ਆਣਾ ਪਸੂਆਂ ਦੇ ਹੱਡ ਵਿਕਦੇ" ਹੁਣ ਬੀਤੇ ਵੇਲ਼ਿਆਂ ਦੀ ਗੱਲ ਬਣ ਚੁੱਕੀ ਹੈ. ਅੱਜ ਦੇ ਵਿਗਿਆਨਿਕ-ਯੁੱਗ ਵਿੱਚ ਮ੍ਰਿਤਕ ਮਨੁੱਖੀ ਸਰੀਰ ਮੈਡੀਕਲ ਸਾਇੰਸ ਵਾਸਤੇ ਬਹੁਤ ਹੀ ਕੀਮਤੀ ਵਸਤੂ ਹੈ. ਇਸ ਨੂੰ ਧਰਤੀ ਵਿੱਚ ਦਬਾਕੇ, ਅੱਗ ਵਿੱਚ ਜਲ਼ਾਕੇ ਜਾਂ ਕਿਸੇ ਵੀ ਹੋਰ ਤਰੀਕੇ ਨਾਲ਼ ਐਵੇਂ ਹੀ ਨਸ਼ਟ ਨਹੀਂ ਕਰਨਾ ਚਾਹੀਦਾ. ਉਹਨਾ ਕਿਹਾ ਕਿ ਪਰਿਵਾਰ ਦੇ ਇਸ ਅਗਾਂਹਵਧੂ ਫੈਸਲੇ ਨਾਲ਼ ਮੈਡੀਕਲ ਸਾਇੰਸ ਨੂੰ ਬਿਮਾਰੀਆਂ ਦੇ ਕਾਰਨ ਅਤੇ ਇਲਾਜ ਲੱਭਣ ਵਿੱਚ ਮੱਦਦ ਮਿਲੇਗੀ.
ਇਸ ਮੌਕੇ ਤਰਕਸ਼ੀਲ ਆਗੂ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਮੁਰਦਾ ਸਰੀਰ ਨੂੰ ਜਲਾਉਣ ਜਾਂ ਦਫਨਾਉਣ ਦਾ ਕਾਰਜ ਹਰੇਕ ਖੇਤਰ ਦੀ ਭੂਗੋਲਿਕ ਹਾਲਤਾਂ ਕਾਰਨ ਹੋਂਦ ਵਿੱਚ ਆਇਆ ਸੀ. ਜਿੱਥੇ ਲੱਕੜ ਦੀ ਬਹੁਤਾਤ ਹੁੰਦੀ ਸੀ ਉੱਥੇ ਦੇ ਬਾਸਿੰਦਿਆਂ ਨੇ ਜਲਾਉਣਾ ਸੁਰੂ ਕਰ ਦਿੱਤਾ ਜਿਵੇਂ ਭਾਰਤੀ ਖਿੱਤੇ ਵਿੱਚ. ਰੇਗਿਸਤਾਨੀ ਖੇਤਰ ਵਿੱਚ ਜਿੱਥੇ ਦਰਖਤ ਨਹੀਂ ਸੀ ਹੁੰਦੇ ਉੱਥੇ ਲੋਕ ਮੁਰਦਿਆਂ ਨੂੰ ਦੱਬਣ ਲੱਗ ਪਏ. ਜਿਵੇਂ ਅਰਬ ਦੇਸਾਂ ਵਿੱਚ. ਨਦੀਆਂ ਦਰਿਆਵਾਂ ਦੇ ਕਿਨਾਰਿਆਂ ਉਤੇ ਰਹਿਣ ਵਾਲਿਆਂ ਨੂੰ ਇਹ ਜਲ-ਪ੍ਰਵਾਹ ਕਰਨਾ ਸੌਖਾ ਲੱਗਿਆ. ਇਸ ਤਰਾਂ ਇਹ ਸਾਰੇ ਤਰੀਕੇ ਲੋਕਾਂ ਨੇ ਆਪਣੀ ਖੇਤਰੀ ਲੋੜ ਅਨੁਸਾਰ ਅਪਣਾਏ, ਇਨਾਂ ਨਾਲ਼ ਧਾਰਮਿਕ ਮਾਨਤਾਵਾਂ ਤਾਂ ਬਹੁਤ ਬਾਅਦ ਵਿੱਚ ਜੁੜੀਆਂ ਹਨ.
ਲੈਕਚਰਾਰ ਸੁਰਜੀਤ ਮੁਹਾਲ਼ੀ ਅਤੇ ਜੋਗਾ ਸਿੰਘ ਨੇ ਕਿਹਾ ਕਿ ਜਦੋਂ ਮੁਰਦਾ ਸਰੀਰ ਦਾ ਕੋਈ ਉਪਯੋਗ ਨਹੀਂ ਸੀ ਹੁੰਦਾ ਤਾਂ ਉਸ ਨੂੰ ਨਸ਼ਟ ਕਰਨ ਤੋਂ ਬਿਨਾਂ ਮਨੁੱਖ ਕੋਲ ਕੋਈ ਚਾਰਾ ਵੀ ਨਹੀਂ ਸੀ. ਅੱਜ ਸਾਇੰਸ ਦੀ ਤਰੱਕੀ ਸਦਕਾ ਮਨੁੱਖੀ ਸਰੀਰ ਉੱਤੇ ਬਹੁਪੱਖੀ ਖੋਜ ਕਾਰਜ ਚੱਲ ਰਹੇ ਹਨ. ਹੁਣ ਮੁਰਦਾ ਸਰੀਰ ਨੂੰ ਕਿਸੇ ਵੀ ਤਰੀਕੇ ਨਸ਼ਟ ਕਰਨ ਦੀ ਬਜਾਇ ਇਨਾਂ ਖੋਜ ਕਾਰਜਾਂ ਵਾਸਤੇ ਦੇਕੇ ਮੈਡੀਕਲ ਸਾਇੰਸ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ. ਮ੍ਰਿਤਕ ਸਰੀਰ ਮੈਡੀਕਲ ਸੰਸਥਾਵਾਂ ਨੂੰ ਦੇਣ ਨਾਲ਼ ਜਿੱਥੇ ਲੱਕੜ ਵਰਗੇ ਕੁਦਰਤੀ ਸਰੋਤ ਦੀ ਬਰਬਾਦੀ ਰੁਕਦੀ ਹੈ ਉੱਥੇ ਸੰਸਕਾਰ ਮੌਕੇ ਪੈਦਾ ਹੁੰਦੇ ਪ੍ਰਦੂਸ਼ਣ ਤੋਂ ਵੀ ਬਚਾਅ ਹੁੰਦਾ ਹੈ.
ਇਸ ਮੌਕੇ ਸੁਰਿੰਦਰ ਸਿੰਬਲ਼ਮਾਜਰਾ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਦਾ ਮੈਂਬਰ ਬਣਨ ਕਰਕੇ ਮੇਰੇ ਪਰਿਵਾਰ ਵਿੱਚ ਵੀ ਸਮਾਜਿਕ ਸਰੋਕਾਰਾਂ ਪ੍ਰਤੀ ਚੇਤਨਾ ਜਾਗੀ. ਇਸੇ ਦਾ ਨਤੀਜਾ ਹੈ ਕਿ ਅਸੀਂ ਇਹ ਫੈਸਲਾ ਲੈ ਪਾਏ. ਉਨਾਂ ਕਿਹਾ ਕਿ ਮਨੁੱਖ ਇੱਕ ਸਮਾਜਿਕ ਜੀਵ ਹੋਣ ਕਰਕੇ ਜਨਮ ਤੋਂ ਲੈਕੇ ਮਰਨ ਤੱਕ ਆਪਣੀਆਂ ਸਾਰੀਆਂ ਲੋੜਾਂ ਸਮਾਜ ਤੋਂ ਪੂਰੀਆਂ ਕਰਦਾ ਹੈ ਇਸ ਕਰਕੇ ਬਦਲੇ ਵਿੱਚ ਸਮਾਜਿਕ ਭਲਾਈ ਵਿੱਚ ਯੋਗਦਾਨ ਪਾਉਣਾ ਸਾਡਾ ਵੀ ਫਰਜ਼ ਬਣਦਾ ਹੈ. ਉਨਾਂ ਕਿਹਾ ਕਿ ਵਿਗਿਆਨ ਦੇ ਯੁੱਗ ਵਿੱਚ ਹਜਾਰਾਂ ਸਾਲ ਪੁਰਾਣੀਆਂ ਧਾਰਨਾਵਾਂ ਨੂੰ ਛੱਡ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ. ਇਸ ਮੌਕੇ ਬਿਕਰਮਜੀਤ ਸੋਨੀ, ਸਯਜਾਨ ਬਡਾਲ਼ਾ, ਹਰਜਿੰਦਰ ਪਮੌਰ ਵੀ ਹਾਜਰ ਸਨ.