ਤਰਕਸ਼ੀਲ ਨੇ ਵਿਸ਼ੇਸ਼ ਅੰਕ ਲਈ ਵਿਦਿਆਰਥੀਆਂ ਤੋਂ 20 ਅਕਤੂਬਰ ਤੱਕ ਰਚਨਾਵਾਂ ਮੰਗੀਆਂ

       ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਤਰਕਸ਼ੀਲ ਮੈਗਜ਼ੀਨ ਦੇ ਮੁੱਖ ਸੰਪਾਦਕ ਵੱਲੋਂ ਅਗਲੇ ਮਹੀਨੇ ਪ੍ਰਕਾਸ਼ਿਤ ਕੀਤੇ ਜਾ ਰਹੇ ਵਿਦਿਆਰਥੀ ਵਿਸ਼ੇਸ਼ ਅੰਕ ਲਈ 10+2 ਤੱਕ ਦੇ ਵਿਦਿਆਰਥੀਆਂ ਤੋਂ ਅਗਾਂਹ ਵਧੂ, ਸਮਾਜ ਨੂੰ ਸਕਾਰਾਤਮਕ ਦਿਸ਼ਾ ਪ੍ਰਦਾਨ ਕਰਨ ਵਾਲੀਆਂ, ਵਿਗਿਆਨਕ ਸੋਚ ਆਦਿ ਨਾਲ ਸੰਬੰਧਿਤ ਰਚਨਾਵਾਂ ਦੀ ਮੰਗ ਕੀਤੀ ਜਾਂਦੀ ਹੈ. ਇਹ ਰਚਨਾ ਮਿੰਨੀ ਕਹਾਣੀ, ਲੇਖ, ਕਵਿਤਾ, ਗੀਤ ਆਦਿ ਸਾਹਿਤਕ ਵਿਧਾਵਾਂ ਵਿੱਚ 150 ਸ਼ਬਦਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ.ਇਹ ਰਚਨਾ ਵਿਦਿਆਰਥੀ ਦੀ ਮੌਲਿਕ ਰਚਨਾ ਹੋਣੀ ਚਾਹੀਦੀ ਹੈ. ਕਿਸੇ ਹੋਰ ਲੇਖਕ ਦੀ ਰਚਨਾ ਹੋਣ ਜਾਂ ਕਿਸੇ ਅਧਿਆਪਕ ਵੱਲੋਂ ਲਿਖੀ ਹੋਈ ਜਾਪਣ 'ਤੇ ਰਚਨਾ ਪ੍ਰਕਾਸ਼ਿਤ ਨਹੀਂ ਕੀਤੀ ਜਾਵੇਗੀ.

     ਸੰਪਾਦਕੀ ਮੰਡਲ ਵੱਲੋਂ ਪ੍ਰਾਪਤ ਰਚਨਾਵਾਂ ਵਿੱਚੋਂ ਸਭ ਤੋਂ ਵਧੀਆ 10 ਰਚਨਾਵਾਂ ਦੀ ਚੋਣ ਕਰਕੇ ਉਹਨਾਂ ਨੂੰ ਵਿਦਿਆਰਥੀ ਵਿਸ਼ੇਸ਼ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ. ਰਚਨਾ ਹੇਠਾਂ ਵਿਦਿਆਰਥੀ ਆਪਣਾ ਫੋਨ  ਨੰਬਰ ਜਾਂ ਪੂਰਾ ਡਾਕ ਪਤਾ ਜਰੂਰ ਲਿਖੇ. ਚੁਣੀਆਂ ਰਚਨਾਵਾਂ ਪ੍ਰਕਾਸ਼ਿਤ ਹੋਣ 'ਤੇ ਅੰਕ ਦੀ ਇੱਕ ਕਾਪੀ ਵਿਦਿਆਰਥੀ ਨੂੰ ਡਾਕ ਰਾਹੀਂ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਭੇਜੀ ਜਾਵੇਗੀ. ਰਚਨਾਵਾਂ ਭੇਜਣ ਲਈ ਡਾਕ ਪਤਾ: ਮੁੱਖ ਸੰਪਾਦਕ "ਤਰਕਸ਼ੀਲ", ਤਰਕਸ਼ੀਲ ਭਵਨ, ਬਰਨਾਲਾ ਹੈ ਜਾਂ ਇਹ ਈਮੇਲ ਰਾਹੀਂ  balbirlongowal1966@gmail.com 'ਤੇ ਜਾਂ ਫੋਨ ਨੰਬਰ, 98153 17028 'ਤੇ ਵਟਸਐਪ ਰਾਹੀਂ ਵੀ ਭੇਜੀ ਜਾ ਸਕਦੀ ਹੈ. ਰਚਨਾ 'ਤਰਕਸ਼ੀਲ ' ਮੈਗਜ਼ੀਨ ਦੇ ਸੰਪਾਦਕੀ ਮੰਡਲ ਦੇ ਮੈਬਰਾਂ ਨੂੰ ਜਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਿਸੇ ਆਗੂ ਰਾਹੀਂ ਵੀ ਭੇਜੀ ਜਾ ਸਕਦੀ ਹੈ.

ਜਸਵੰਤ ਮੋਹਾਲੀ ਨੇ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਲਈ ਪ੍ਰੇਰਿਤ ਕੀਤਾ

ਮੋਹਾਲੀ, 31ਮਈ ( ਡਾ. ਮਜੀਦ ਆਜਾਦ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮੋਹਾਲੀ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਸਰਕਾਰੀ ਹਾਈ ਸਕੂਲ ਬਲੌਂਗੀ ਵਿਖੇ ਸਵੇਰ ਦੀ ਸਭਾ ਮੌਕੇ  ਸੰਬੋਧਨ ਕੀਤਾ ਗਿਆ. ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਸੂਬਾ

ਆਗੂ ਜਸਵੰਤ ਮੋਹਾਲੀ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ  ਅੰਧਵਿਸ਼ਵਾਸ਼ਾਂ, ਵਹਿਮਾਂ ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ  ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ.

ਉਨਾਂ ਕਿਹਾ ਕਿ ਵਿਗਿਆਨਕ ਚੇਤਨਾ ਨੂੰ  ਵਿਦਿਆਰਥੀਆਂ ਅੰਦਰ ਲੈਕੇ ਜਾਣ ਲਈ ਤਰਕਸ਼ੀਲ ਸੁਸਾਇਟੀ ਵਲੋਂ ਜੁਲਾਈ ਮਹੀਨੇ ਚੌਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਜਾ ਰਹੀ ਹੈ. ਚੇਤਨਾ ਪ੍ਰੀਖਿਆ ਦੇ ਰਾਹੀਂ ਵਿਦਿਆਰਥੀਆਂ ਨੂੰ  ਸੂਰਜ ਗ੍ਰਹਿਣ, ਚੰਦ ਗ੍ਰਹਿ, ਬਿਜਲੀ ਚਮਕਣਾ, ਬੱਦਲਾਂ ਦਾ ਗਰਜਣਾ, ਭੂਚਾਲ, ਗ੍ਰਹਿਆਂ ਦੀ ਚਾਲ, ਬ੍ਰਹਿਮੰਡ, ਸੂਰਜ ਪਰਿਵਾਰ ਤੇ ਧਰਤੀ ਤੇ ਵਾਪਰਦੇ ਵਰਤਾਰਿਆਂ ਪ੍ਰਤੀ ਸਹੀ ਜਾਣਕਾਰੀ ਪ੍ਰਾਪਤ ਹੋਵੇਗੀ. ਜਿਸ ਨਾਲ ਉਹ ਭਵਿੱਖ ਵਿੱਚ ਅੰਧਵਿਸਵਾਸ਼ ਤੋਂ ਬਚੇ ਰਹਿਣਗੇ. ਉਹਨਾਂ ਅੱਗੇ ਕਿਹਾ ਕਿ ਸ਼ਹੀਦ ਭਗਤ ਸਿੰਘ ਤਰਕਸ਼ੀਲ ਲਾਇਬ੍ਰੇਰੀ ਬਲੌਂਗੀ ਹਰ ਰੋਜ਼ ਪਾਠਕਾਂ ਲਈ ਖੁਲਦੀ ਹੈ, ਜਿੱਥੇ ਤਿੰਨ ਹਜਾਰ ਤੋਂ ਵੱਧ ਕਿਤਾਬਾਂ ਹਨ, ਇੱਥੇ ਕੋਈ ਵੀ ਵਿਦਿਆਰਥੀ ਆ ਕੇ ਇਹਨਾਂ ਕਿਤਾਬਾਂ ਦਾ ਲਾਭ ਲੈ ਸਕਦਾ ਹੈ.

ਸਕੂਲ ਦੇ ਮੁੱਖ ਅਧਿਆਪਕਾ ਸ੍ਰੀਮਤੀ ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ  ਬੜੇ ਪਿਆਰ ਤੇ ਵਿਲੱਖਣ ਅੰਦਾਜ਼ ਵਿੱਚ  ਵਿਗਿਆਨਕ ਵਿਚਾਰ ਅਪਨਾਉਣ  ਦਾ ਸੁਨੇਹਾ ਦਿੱਤਾ. ਉਨ੍ਹਾਂ ਵਿਗਿਆਨਕ ਵਿਚਾਰ ਲੈ ਕੇ ਵਿਦਿਆਰਥੀਆਂ ਦੇ ਸਨਮੁੱਖ ਹੋਣ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਵੀ ਕੀਤਾ. ਪ੍ਰੋਗਰਾਮ ਦੀ ਸਫਲਤਾ ਲਈ ਤਰਕਸ਼ੀਲ ਸਮਸ਼ੇਰ ਚੋਟੀਆਂ ਅਤੇ ਮੈਡਮ ਨੇਹਾ ਵਲੋਂ ਵੀ ਵਿਸੇਸ਼ ਯੋਗਦਾਨ ਪਾਇਆ ਗਿਆ .