ਨਾਸਤਿਕਵਾਦੀ ਲੇਖਕ ਡਾ. ਰਣਜੀਤ ਦਾ ਮੋਹਾਲੀ ਪਹੁੰਚਣ ਤੇ ਕੀਤਾ ਸਵਾਗਤ

 ਮੋਹਾਲੀ, 31 ਮਾਰਚ (ਡਾਕਟਰ ਮਜੀਦ ਅਜਾਦ): ਅੱਜ ਪ੍ਰਸਿੱਧ ਵਿਦਵਾਨ ਅਤੇ ਹਿੰਦੀ ਦੀਆਂ 32 ਕਿਤਾਬਾਂ ਦੇ ਲੇਖਕ ਡਾ. ਰਣਜੀਤ ਬੰਗਲੋਰ ਵਲੋਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ (ਮੋਹਾਲੀ) ਫੇਰਾ ਪਾਇਆ ਗਿਆ.

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਚੰਡੀਗੜ੍ਹ ਜੋਨ ਦੇ ਸਾਥੀਆਂ ਨਾਲ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਡਾ. ਰਣਜੀਤ ਬੰਗਲੌਰ ਨੇ ਦੱਸਿਆ ਕਿ ਮੈਂ ਬਾਰਵੀਂ ਕਲਾਸ ਤੱਕ ਪਹੁੰਚਦਿਆਂ ਹੀ ਤਰਕਸ਼ੀਲ ਤੇ ਨਾਸਤਿਕ ਸੋਚ ਨੂੰ ਅਪਣਾ ਲਿਆ ਸੀ. ਪਚਾਸੀ ਸਾਲਾਂ ਦੇ ਡਾਕਟਰ ਰਣਜੀਤ ਦਾ ਪਿਛੋਕੜ ਭਾਵੇਂ ਰਾਜਸਥਾਨ ਤੋਂ ਹੈ ਪਰ ਪ੍ਰੋਫੈਸਰ ਰਿਟਾਇਰ ਮੈਂਟ ਤੋਂ ਬਾਅਦ ਅੱਜਕਲ੍ਹ ਆਪਣੇ ਬੱਚਿਆਂ ਨਾਲ ਬੰਗਲੌਰ ਰਹਿ ਰਹੇ ਹਨ. ਬਹੁਤ ਹੀ ਖੁਸ਼ਤਬੀਅਤ ਲੇਖਕ ਤੇ ਕਵੀ ਡਾਕਟਰ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਲੋਕ ਚੇਤਨਾ ਦੇ ਲੇਖੇ ਲਾਕੇ ਮਿਸਾਲ ਕਾਇਮ ਕੀਤੀ ਹੈ. ਡਾਕਟਰ ਸਾਹਿਬ ਦੇ ਜੀਵਨ ਨੂੰ ਚੰਗੀ ਤਰ੍ਹਾਂ ਜਾਨਣ ਵਾਲੇ ਚੰਡੀਗੜ੍ਹ ਮਾਨਵਵਾਦੀ ਸੰਸਥਾ ਦੇ ਮੁਖੀ ਮਨੋਜ ਮਲਿਕ ਨੇ ਦੱਸਿਆ ਹੈ ਕਿ ਡਾਕਟਰ ਸਾਹਿਬ ਆਪਣੀ ਪੈਨਸ਼ਨ ਦੀ ਕਾਫੀ ਰਾਸ਼ੀ ਮਾਨਵਵਾਦੀ ਸੰਗਠਨਾਂ ਨੂੰ ਸਹਾਇਤਾ ਕਰਕੇ ਆਪਣੀ ਸਹੀ ਮਾਨਵਵਾਦੀ ਸੋਚ ਦਾ ਸਬੂਤ ਦਿੰਦੇ ਰਹਿੰਦੇ ਹਨ.

ਜਰਨੈਲ ਕਰਾਂਤੀ ਤੇ ਪ੍ਰਿੰਸੀਪਲ ਗੁਰਮੀਤ ਖਰੜ ਨੇ ਡਾਕਟਰ ਸਾਹਿਬ ਦਾ ਲਾਇਬ੍ਰੇਰੀ ਪਹੁੰਚਣ ਤੇ ਧੰਨਵਾਦ ਕੀਤਾ. ਜਸਵੰਤ ਮੋਹਾਲੀ, ਲੈਕਚਰਾਰ ਸੁਰਜੀਤ ਸਿੰਘ, ਸ਼ਮਸ਼ੇਰ ਚੋਟੀਆਂ, ਡਾਕਟਰ ਮਜੀਦ ਅਜਾਦ ਅਤੇ ਗੋਰਾ ਹੁਸ਼ਿਆਰਪੁਰੀ ਨੇ ਵੀ ਇਸ ਵਿਚਾਰ-ਚਰਚਾ ਵਿੱਚ ਹਿੱਸਾ ਲਿਆ.