ਭਗਤ ਸਿੰਘ ਦੇ ਜਨਮ-ਦਿਵਸ ਨੂੰ ਸਮਰਪਿਤ 'ਤਰਕਸ਼ੀਲ ਪੁਸਤਕ ਪ੍ਰਦਰਸਨੀ' ਲਾਈ
ਖਰੜ, 28 ਸਤੰਬਰ (ਕਰਮਜੀਤ ਸਕਰੁੱਲਾਂਪੁਰੀ): ਕੁਛ ਸ਼ਖਸੀਅਤਾਂ ਛੋਟੀ ਉਮਰੇ ਇਤਿਹਾਸ ਦੇ ਪੰਨਿਆ 'ਤੇ ਆਪਣੀਆਂ ਪੈੜਾਂ ਦੇ ਨਿਸ਼ਾਨ ਇੰਨੇ ਗਹਿਰੇ ਦਰਜ ਕਰ ਦਿੰਦੀਆਂ ਹਨ ਕਿ ਆਉਣ ਵਾਲ਼ੀਆਂ ਪੀੜੀਆਂ ਲਈ ਸਦੀਆਂ ਤੱਕ ਚਾਨਣ-ਮੁਨਾਰੇ ਦਾ ਕੰਮ ਕਰਦੇ ਰਹਿੰਦੇ ਹਨ. ਸ਼ਹੀਦ ਭਗਤ ਸਿੰਘ ਵੀ ਭਰ ਜਵਾਨੀ ਵਿੱਚ
ਫਾਂਸੀ ਦਾ ਰੱਸਾ ਚੁੰਮਣ ਵਾਲ਼ੀ ਅਜਿਹੀ ਹੀ ਹਸਤੀ ਦਾ ਨਾਂ ਹੈ ਜਿਸ ਦੀ ਕੁਰਬਾਨੀ ਸਦੀਆਂ ਤੱਕ ਲੋਕ-ਮਨਾਂ ਨੂੰ ਹਲੂਣਦੀ ਰਹੇਗੀ. ਸਿਰਫ 23 ਸਾਲ ਦੀ ਬਹੁਤ ਹੀ ਛੋਟੀ ਉਮਰੇ ਏਨੀਆਂ ਉਚਾਈਆਂ ਛੂਹਣਾ, ਮਨੁੱਖੀ ਇਤਿਹਾਸ ਵਿੱਚ ਵਿਰਲੇ ਮਨੁੱਖਾਂ ਦੇ ਹਿੱਸੇ ਆਇਆ ਹੈ. ਇਹ ਗੱਲ ਤਰਕਸ਼ੀਲ ਆਗੂ ਪ੍ਰਿੰਸੀਪਲ ਖਰੜ ਗੁਰਮੀਤ ਨੇ ਭਗਤ ਸਿੰਘ ਦੇ ਜਨਮ-ਦਿਵਸ ਨੂੰ ਸਮਰਪਿਤ ਤਰਕਸ਼ੀਲ ਪੁਸਤਕ ਪ੍ਰਦਰਸਨੀ ਮੌਕੇ ਕਹੀ.
ਇਸ ਮੌਕੇ ਇਕਾਈ ਮੁਖੀ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਅਨਜਾਣ ਲੋਕ ਉਸਨੂੰ ਸਿਰਫ ਹਿੰਸਾ ਦੇ ਪ੍ਰਤੀਬਿੰਬ ਵਜੋਂ ਪੇਸ਼ ਕਰਦੇ ਹਨ ਜਦਕਿ ਉਹ ਪਿਆਰ, ਤਿਆਗ ਅਤੇ ਸਵੈ-ਕੁਰਬਾਨੀ ਵਰਗੇ ਮਾਨਵੀ-ਜਜ਼ਬੇ ਨਾਲ ਭਰਪੂਰ ਇਨਕਲਾਬੀ ਯੋਧਾ ਅਤੇ ਤਰੱਕੀਪਸੰਦ ਵਿਚਾਰਾਂ ਦਾ ਪਹਿਰੇਦਾਰ ਸੀ. ਉਨਾਂ ਦਾ ਮਕਸਦ ਭਾਰਤ ਦੇ ਗਲ਼ ਵਿੱਚੋਂ ਸਿਰਫ ਅੰਗਰੇਜੀ ਹਕੂਮਤ ਦਾ ਜੂਲ਼ਾ ਲਾਹੁਣ ਤੱਕ ਸੀਮਿਤ ਨਹੀਂ ਸੀ ਬਲਕਿ ਬੇਇਨਸਾਫੀ ਦੀ ਬੁਨਿਆਦ 'ਤੇ ਖੜ੍ਹੀ ਵਿਵਸਥਾ ਨੂੰ ਬਦਲਕੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਸਦਾ ਲਈ ਖਤਮ ਕਰਨਾ ਸੀ.
ਇਸ ਮੌਕੇ ਸੁਰਿੰਦਰ ਸਿੰਬਲ਼ਮਾਜਰਾ ਨੇ ਦੱਸਿਆ ਕਿ ਭਗਤ ਸਿੰਘ ਦੀ ਸਖਸ਼ੀਅਤ ਦਾ ਦੁਜੇ ਇਨਕਲਾਬੀਆਂ ਨਾਲੋਂ ਇੱਕ ੳਘੜਵਾਂ ਪੱਖ ਇਹ ਸੀ ਕਿ ਉਹ ਕਿਸਮਤਵਾਦੀ ਫਲਸਫੇ ਦੇ ਵਿਰੋਧੀ ਸਨ. ਕੌਮਾਂਤਰੀ ਸਾਹਿਤ ਦੇ ਅਧਿਐਨ ਤੋਂ ਉਨਾਂ ਨੇ ਸਮਝ ਲਿਆ ਸੀ ਕਿ ਗੁਲਾਮੀ ਕਿਸੇ ਦੇਸ ਜਾਂ ਕੌਮ ਦੇ ਲੋਕਾਂ ਦੀ ਕਿਸਮਤ ਵਿੱਚ ਨਹੀਂ ਲਿਖੀ ਹੁੰਦੀ. ਇਸ ਦੇ ਪਿੱਛੇ ਇੱਕ ਖਾਸ ਵਰਗ ਦੇ ਆਰਥਿਕ ਅਤੇ ਰਾਜਨੀਤਿਕ ਹਿੱਤ ਛੁਪੇ ਹੁੰਦੇ ਹਨ. ਜਿਨਾਂ ਨੂੰ ਸਮਝੇ ਬਿਨਾਂ ਗੁਲਾਮੀ ਦਾ ਰੱਸਾ ਗਲੋਂ ਨਹੀਂ ਲਾਹਿਆ ਜਾ ਸਕਦਾ. ਭਗਤ ਸਿੰਘ ਲਈ ਆਰਥਿਕ ਖੁਸ਼ਹਾਲੀ ਤੋਂ ਬਿਨਾਂ ਆਜ਼ਾਦੀ ਦਾ ਕੋਈ ਅਰਥ ਨਹੀਂ ਸੀ.
ਜਰਨੈਲ ਸਹੌੜਾਂ ਨੇ ਕਿਹਾ ਕਿ ਨੌਜਵਾਨ ਭਵਿੱਖ ਦੇ ਵਾਰਿਸ ਹੁੰਦੇ ਹਨ ਪਰ ਅੱਜ ਦੀ ਨੌਜੁਆਨੀ ਦਾ ਦੁਖਾਂਤ ਹੈ ਕਿ ਉਹ ਆਜ਼ਾਦੀ ਸੰਗਰਾਂਮ ਦੇ ਅਸਲੀ ਨਾਇਕਾਂ ਨੂੰ ਮਨੋਂ ਵਿਸਾਰ ਕੇ ਫਿਲਮੀ ਪਰਦੇ ਦੇ ਪਾਤਰਾਂ ਨੂੰ ਹੀ ਆਪਣਾ ਨਾਇਕ ਸਮਝੀ ਬੈਠੇ ਹਨ. ਜੇਕਰ ਅਸੀਂ ਸੁਨਹਿਰੇ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ ਤਾਂ ਸਾਨੂੰ ਭਗਤ ਸਿੰਘ ਦੇ ਜੀਵਨ ਤੇ ਵਿਚਾਰਾਂ ਤੋਂ ਸੇਧ ਲੈਕੇ ਅੱਗੇ ਵਧਣਾ ਪਵੇਗਾ. ਭਗਤ ਸਿੰਘ ਦਾ ਰਾਹ ਬਰਾਬਰੀ ਦਾ, ਖੁਸ਼ਹਾਲੀ ਦਾ, ਆਜ਼ਾਦੀ ਦਾ ਰਾਹ ਹੈ ਇਸੇ ਕਰਕੇ ਇਹ ਨਪੀੜੇ ਅਤੇ ਲਤਾੜੇ ਲੋਕਾਂ ਦੀ ਬੰਦ ਖਲਾਸੀ ਦਾ ਰਾਹ ਵੀ ਹੈ.
ਇਸ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਮੀਡੀਆ ਮੁਖੀ ਕਰਮਜੀਤ ਸਕਰੁੱਲਾਂਪੁਰੀ ਨੇ ਦੱਸਿਆ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਲਗਾਈ ਇਸ ਪੁਸਤਕ ਪਰਦਸ਼ਨੀ ਵਿੱਚ ਭਗਤ ਦੇ ਵਿਚਾਰਾਂ ਅਤੇ ਕਿਸਾਨੀ ਮਸਲਿਆਂ ਦੀ ਬਾਤ ਪਾਉਂਦਾ ਸਾਹਿਤ ਭਰਪੂਰ ਮਾਤਰਾ ਵਿੱਚ ਵੰਡਿਆ ਗਿਆ. ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਭਾਰਤ ਬੰਦ ਨੂੰ ਭਰਪੂਰ ਹੁੰਗਾਰਾ ਮਿਲਿਆ. ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵਲੋਂ ਸੁਬਾਈ ਫ਼ੈਸਲੇ ਅਨੁਸਾਰ ਇਸ ਭਾਰਤ ਬੰਦ ਵਿਚ ਸਰਗਰਮ ਸ਼ਮੂਲੀਅਤ ਕੀਤੀ ਗਈ. ਇਸ ਮੌਕੇ ਹਾਜ਼ਰ ਤਰਕਸ਼ੀਲ ਆਗੂਆਂ ਸੁਜਾਨ ਬਡਾਲ਼ਾ, ਬਿਕਰਮਜੀਤ ਸੋਨੀ, ਭੁਪਿੰਦਰ ਮਦਨਹੇੜੀ, ਗੁਰਮੀਤ ਸਹੌੜਾਂ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਖ਼ੜਨ ਦਾ ਅਹਿਦ ਦੁਹਰਾਉਂਦਿਆਂ ਕਿਹਾ ਜਦੋਂ ਤੱਕ ਇਹ ਮੋਰਚਾ ਚਲੇਗਾ ਉਦੋਂ ਤੱਕ ਸੁਸਾਇਟੀ ਮੋਰਚੇ ਦਾ ਸਮਰਥਨ ਕਰੇਗੀ. ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਨਵੇਂ ਖੇਤੀ ਕਾਨੰਨ ਤੁਰੰਤ ਵਾਪਸ ਲੈਣੇ ਚਾਹੀਦੇ ਹਨ .