ਤਰਕਸ਼ੀਲ ਨੇ ਵਿਸ਼ੇਸ਼ ਅੰਕ ਲਈ ਵਿਦਿਆਰਥੀਆਂ ਤੋਂ 20 ਅਕਤੂਬਰ ਤੱਕ ਰਚਨਾਵਾਂ ਮੰਗੀਆਂ

       ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਤਰਕਸ਼ੀਲ ਮੈਗਜ਼ੀਨ ਦੇ ਮੁੱਖ ਸੰਪਾਦਕ ਵੱਲੋਂ ਅਗਲੇ ਮਹੀਨੇ ਪ੍ਰਕਾਸ਼ਿਤ ਕੀਤੇ ਜਾ ਰਹੇ ਵਿਦਿਆਰਥੀ ਵਿਸ਼ੇਸ਼ ਅੰਕ ਲਈ 10+2 ਤੱਕ ਦੇ ਵਿਦਿਆਰਥੀਆਂ ਤੋਂ ਅਗਾਂਹ ਵਧੂ, ਸਮਾਜ ਨੂੰ ਸਕਾਰਾਤਮਕ ਦਿਸ਼ਾ ਪ੍ਰਦਾਨ ਕਰਨ ਵਾਲੀਆਂ, ਵਿਗਿਆਨਕ ਸੋਚ ਆਦਿ ਨਾਲ ਸੰਬੰਧਿਤ ਰਚਨਾਵਾਂ ਦੀ ਮੰਗ ਕੀਤੀ ਜਾਂਦੀ ਹੈ. ਇਹ ਰਚਨਾ ਮਿੰਨੀ ਕਹਾਣੀ, ਲੇਖ, ਕਵਿਤਾ, ਗੀਤ ਆਦਿ ਸਾਹਿਤਕ ਵਿਧਾਵਾਂ ਵਿੱਚ 150 ਸ਼ਬਦਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ.ਇਹ ਰਚਨਾ ਵਿਦਿਆਰਥੀ ਦੀ ਮੌਲਿਕ ਰਚਨਾ ਹੋਣੀ ਚਾਹੀਦੀ ਹੈ. ਕਿਸੇ ਹੋਰ ਲੇਖਕ ਦੀ ਰਚਨਾ ਹੋਣ ਜਾਂ ਕਿਸੇ ਅਧਿਆਪਕ ਵੱਲੋਂ ਲਿਖੀ ਹੋਈ ਜਾਪਣ 'ਤੇ ਰਚਨਾ ਪ੍ਰਕਾਸ਼ਿਤ ਨਹੀਂ ਕੀਤੀ ਜਾਵੇਗੀ.

     ਸੰਪਾਦਕੀ ਮੰਡਲ ਵੱਲੋਂ ਪ੍ਰਾਪਤ ਰਚਨਾਵਾਂ ਵਿੱਚੋਂ ਸਭ ਤੋਂ ਵਧੀਆ 10 ਰਚਨਾਵਾਂ ਦੀ ਚੋਣ ਕਰਕੇ ਉਹਨਾਂ ਨੂੰ ਵਿਦਿਆਰਥੀ ਵਿਸ਼ੇਸ਼ ਅੰਕ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ. ਰਚਨਾ ਹੇਠਾਂ ਵਿਦਿਆਰਥੀ ਆਪਣਾ ਫੋਨ  ਨੰਬਰ ਜਾਂ ਪੂਰਾ ਡਾਕ ਪਤਾ ਜਰੂਰ ਲਿਖੇ. ਚੁਣੀਆਂ ਰਚਨਾਵਾਂ ਪ੍ਰਕਾਸ਼ਿਤ ਹੋਣ 'ਤੇ ਅੰਕ ਦੀ ਇੱਕ ਕਾਪੀ ਵਿਦਿਆਰਥੀ ਨੂੰ ਡਾਕ ਰਾਹੀਂ ਜਾਂ ਹੋਰ ਕਿਸੇ ਮਾਧਿਅਮ ਰਾਹੀਂ ਭੇਜੀ ਜਾਵੇਗੀ. ਰਚਨਾਵਾਂ ਭੇਜਣ ਲਈ ਡਾਕ ਪਤਾ: ਮੁੱਖ ਸੰਪਾਦਕ "ਤਰਕਸ਼ੀਲ", ਤਰਕਸ਼ੀਲ ਭਵਨ, ਬਰਨਾਲਾ ਹੈ ਜਾਂ ਇਹ ਈਮੇਲ ਰਾਹੀਂ  balbirlongowal1966@gmail.com 'ਤੇ ਜਾਂ ਫੋਨ ਨੰਬਰ, 98153 17028 'ਤੇ ਵਟਸਐਪ ਰਾਹੀਂ ਵੀ ਭੇਜੀ ਜਾ ਸਕਦੀ ਹੈ. ਰਚਨਾ 'ਤਰਕਸ਼ੀਲ ' ਮੈਗਜ਼ੀਨ ਦੇ ਸੰਪਾਦਕੀ ਮੰਡਲ ਦੇ ਮੈਬਰਾਂ ਨੂੰ ਜਾਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਿਸੇ ਆਗੂ ਰਾਹੀਂ ਵੀ ਭੇਜੀ ਜਾ ਸਕਦੀ ਹੈ.

ਯਾਦਗਾਰੀ ਹੋ ਨਿਬੜਿਆ ਸੈਂਪਲੀ ਪਿੰਡ ਦਾ ਨਾਟਕ ਮੇਲਾ

ਮੁਹਾਲੀ, 28 ਸਤੰਬਰ (ਡਾ. ਮਜੀਦ ਆਜਾਦ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮੁਹਾਲੀ ਵੱਲੋਂ ਸਮੂਹ ਨਗਰ ਨਿਵਾਸੀ ਪਿੰਡ ਸੈਂਪਲੀ ਦੇ ਸਹਿਯੋਗ ਨਾਲ ਜਰਨੈਲ ਕਰਾਂਤੀ ਦੀ ਸਰਪ੍ਰਸਤੀ ਅਧੀਨ ਇਕ ਨਾਟਕ ਮੇਲਾ ਕਰਵਾਇਆ ਗਿਆ, ਇਸ ਮੌਕੇ ਚੰਡੀਗੜ੍ਹ ਸਕੂਲ ਆਫ਼ ਡਰਾਮਾ ਵੱਲੋਂ ਇਕੱਤਰ ਸਿੰਘ ਦੀ

ਨਿਰਦੇਸ਼ਨਾ ਹੇਠ ਗੁਰੂ ਨਾਨਕ ਦੀ ਅਸਲ ਸਿਖਿਆ ਦੀ ਬਾਤ ਪਾਉਂਦਾ 'ਨਾਟਕ ਇਹ ਲਹੂ ਕਿਸਦਾ ਹੈ',  ਕਿਸਾਨੀ ਸੰਘਰਸ਼ ਦੀ ਗੱਲ ਕਰਦਾ ਨਾਟਕ 'ਅਸੀਂ ਜਿੱਤਾਂਗੇ' ਅਤੇ ਕੋਰਿਉਗਰਾਫੀ 'ਆਉ ਦੇਸ਼ ਨੂੰ ਚੱਲੀਏ'  ਬਾਖੂਬੀ ਖੇਡੇ ਗਏ.  

ਨਾਟਕ ਮੇਲੇ ਮੌਕੇ ਜਾਦੂ ਦੇ ਭੇਦ ਖੋਲਦਿਆਂ ਟਰਿੱਕ ਬਲਦੇਵ ਜਲਾਲ ਅਤੇ ਪ੍ਰਿੰਸੀਪਲ ਹਰਿੰਦਰ ਕੌਰ ਵੱਲੋਂ ਦਿਖਾਏ ਗਏ. ਮੁੱਖ ਬੁਲਾਰੇ ਦੇ ਤੌਰ ਤੇ ਕਿਸਾਨ ਆਗੂ ਹਰਮੀਤ ਕੌਰ ਬਾਜਵਾ, ਤਰਕਸ਼ੀਲ ਸੂਬਾ ਆਗੂ ਰਾਜਿੰਦਰ ਭਦੌੜ ਵਲੋਂ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਸ਼ਹੀਦ ਭਗਤ ਸਿੰਘ ਹੋਰਾਂ ਵਲੋਂ ਦੇਖਿਆ ਗਿਆ 'ਇਨਸਾਨ ਹੱਥੋਂ ਇਨਸਾਨ ਦੀ ਲੁੱਟ ਦੇ ਖਾਤਮੇ ' ਦਾ ਸੁਫ਼ਨਾ ਹਾਲੇ ਪੂਰਾ ਨਹੀ ਹੋਇਆ ਹੈ ਇਸ ਕਰਕੇ ਦੇਸ਼ ਵਿੱਚ ਆਜਾਦੀ ਦੀ ਦੂਜੀ ਲੜਾਈ ਦੇ ਤੌਰ ਤੇ 'ਕਿਸਾਨ ਸੰਘਰਸ਼' ਦੇ ਰੂਪ ਵਿੱਚ ਹਕੂਮਤੀ ਜਬਰ ਦੇ ਲਿਤਾੜੇ ਲੋਕਾਂ ਵਲੋਂ ਮੋਰਚਾ ਖੋਲਿਆ ਹੋਇਆ ਹੈ ਅਤੇ ਇਹ ਭਾਰਤ ਨੂੰ ਆਜ਼ਾਦ ਕਰਵਾਕੇ ਲੋਕਾਂ ਦਾ ਰਾਜ ਜਰੂਰ ਲੈਕੇ ਆਵੇਗਾ.

ਸਮਾਗਮ ਦੀ ਸਟੇਜ ਲੈਕਚਰਾਰ ਸੁਰਜੀਤ ਵਲੋਂ ਸੰਭਾਲੀ ਗਈ. ਅੰਤ ਤੇ ਜੋਨ ਮੁਖੀ ਗੁਰਮੀਤ ਖਰੜ ਵਲੋਂ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ. ਨਾਟਕ ਮੇਲੇ ਮੌਕੇ ਸੂਬਾ ਆਗੂ ਜਸਵੰਤ ਮੋਹਾਲੀ ਵਲੋਂ ਸੰਬੋਧਨ ਕਰਦਿਆਂ ਤਰਕਸ਼ੀਲ ਸੁਸਾਇਟੀ ਦੇ ਕੰਮਾਂ ਸਬੰਧੀ ਦੱਸਿਆ ਗਿਆ. ਕਿਸਾਨ ਆਗੂ ਪ੍ਰਕਾਸ਼ ਸਿੰਘ ਬੱਬਰ ਨੇ ਲੋਕ ਏਕਤਾ ਸਬੰਧੀ ਸੰਬੋਧਨ ਕੀਤਾ.  ਪ੍ਰੋਗਰਾਮ ਮੌਕੇ ਜਸਵਿੰਦਰ ਅਤੇ ਸਮਸ਼ੇਰ ਵਲੋਂ ਕਿਤਾਬਾਂ ਦੀ ਸਟਾਲ ਲਗਾਈ ਗਈ. ਸਮਾਗਮ ਨੂੰ ਸਫਲ ਬਨਾਉਣ ਵਿੱਚ ਸੂਬਾ ਆਗੂ ਡਾ. ਮਜੀਦ ਆਜਾਦ, ਇਕਾਈ ਖਰੜ ਮੁਖੀ ਕੁਲਵਿੰਦਰ ਨਗਾਰੀ ਆਦਿ ਵਲੋਂ ਵੀ ਵਿਸੇਸ਼ ਰੋਲ ਨਿਭਾਇਆ ਗਿਆ.