ਤਰਕਸ਼ੀਲਾਂ ਵੱਲੋਂ ਬੋਲਣ/ਲਿਖਣ ਦੀ ਆਜ਼ਾਦੀ ਤੇ ਹਮਲਿਆਂ ਦਾ ਵਿਰੋਧ

ਅੰਧਵਿਸ਼ਵਾਸ਼ੀ ਧਾਰਨਾਵਾਂ ਨਹੀਂ ਵਿਗਿਆਨਕ ਚੇਤਨਾ ਵਕਤ ਦੀ ਲੋੜ

ਬਰਨਾਲਾ 18 ਅਪ੍ਰੈਲ (ਅਜਾਇਬ ਜਲਾਲਆਣਾ): ਵਿਗਿਆਨਕ ਯੁੱਗ ਦੇ ਦੌਰ ਵਿੱਚ ਅੰਧਵਿਸ਼ਵਾਸ਼ੀ ਧਾਰਨਾਵਾਂ ਨੂੰ ਰੱਦ ਕਰਕੇ ਚੇਤਨਾ ਦੀ ਲੋਅ ਪਸਾਰਨ ਵਾਲੇ ਜਾਗਰੂਕ ਆਗੂਆਂ ਦੀ ਆਵਾਜ਼ ਬੰਦ ਕਰਨ ਲਈ ਸਰਕਾਰਾਂ ਵੱਲੋਂ ਉਠਾਏ ਜਾ ਰਹੇ ਦਮਨਕਾਰੀ ਕਾਰਜ ਅਸਹਿਣਯੋਗ ਹਨ. ਇਹਨਾਂ ਵਿਚਾਰਾਂ ਦਾ ਪ੍ਰਗਟਾਵਾ

ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸੁੰਦਰ ਨਗਰ(ਹਿਮਾਚਲ ਪ੍ਰਦੇਸ਼) ਦੇ ਕਰਮਚਾਰੀ ਚਰਨਜੀਤ ਸਿੰਘ ਤੇ ਦਰਜ ਕੀਤੇ ਗਏ ਪਰਚੇ ਦੇ ਸੰਦਰਭ ਵਿੱਚ ਕੀਤਾ. ਤਰਕਸ਼ੀਲ ਆਗੂ ਨੇ ਸਪੱਸ਼ਟ ਕੀਤਾ ਕਿ ਇਸ ਕਰਮਚਾਰੀ ਦਾ ਇਹੋ ਕਸੂਰ ਹੈ ਕਿ ਉਸਨੇ 9 ਅਪ੍ਰੈਲ ਦੀ ਰਾਤ ਨੂੰ ਬਿਜਲੀ ਬੰਦ ਕਰਕੇ ਮੋਮਬੱਤੀਆਂ ਜਗਾਉਣ ਵਾਲੀ ਪ੍ਰਧਾਨ ਮੰਤਰੀ ਦੀ ਅਪੀਲ ਬਾਰੇ ਵਿਗਿਆਨਕ ਚੇਤਨਾ ਫੈਲਾਉਣ ਵਾਲੀ ਇੱਕ ਵੀਡੀਓ ਜਾਰੀ ਕਰਨ ਦਾ ਹੌਸਲਾ ਕੀਤਾ ਸੀ. ਜਿਹੜਾ ਸੰਵਿਧਾਨ ਦੀ ਧਾਰਾ 51 ਏ ਅਧੀਨ ਹਰੇਕ ਭਾਰਤੀ ਨਾਗਰਿਕ ਦਾ ਅਧਿਕਾਰ ਹੈ, ਨਾਲ਼ ਹੀ ਦੇਸ਼ ਵਿੱਚ ਵਾਪਰਨ ਵਾਲੀ ਹਰ ਘਟਨਾ ਸਬੰਧੀ ਵਿਗਿਆਨਕ ਨਜ਼ਰੀਆ ਵਿਕਸਤ ਕਰਨਾ ਉਸ ਦਾ ਮੌਲਿਕ ਕਰਤੱਵ ਵੀ ਹੈ. ਉਸ ਵਾਇਰਲ ਵੀਡੀਓ ਪਿੱਛੇ ਇਹੋ ਤਰਕ ਸੀ ਕਿ ਅਜਿਹਾ ਕਰਨਾ ਵਿਗਿਆਨਕ ਨਿਯਮਾਂ ਦੇ ਉਲਟ ਹੈ ਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਵਾਲਾ ਹੈ. ਉਂਜ ਵੀ ਅਜਿਹਾ ਕਰਮ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਨੂੰ ਨੀਵਾਂ ਵਿਖਾਉਣ ਵਾਲਾ ਹੈ. ਸੂਬਾਈ ਤਰਕਸ਼ੀਲ ਆਗੂ ਨੇ ਆਖਿਆ ਕਿ ਗੈਰ ਵਿਗਿਆਨਕ ਅਤੇ ਲਾਈਲੱਗ ਮਾਨਸਿਕਤਾ ਵਾਲੇ ਕਾਰਜਾਂ ਦੇ ਮੁਕਾਬਲੇ ਵਿਗਿਆਨਕ ਚੇਤਨਾ ਦਾ ਅਹਿਮ ਕਾਰਜ ਕਰਨਾ ਕਿਸੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਬਣਦੀ. ਅਹਿਮੀਅਤ ਇਸ ਗੱਲ ਨਹੀਂ ਕਿ ਕਿਸ ਦੀ ਅਪੀਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਸਗੋਂ ਅਹਿਮੀਅਤ ਇਸ ਗੱਲ ਦੀ ਹੈ ਕਿ ਕਿਸਦਾ ਕਹਿਣਾ ਠੀਕ ਹੈ ਤੇ ਤਰਕ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ.

ਤਰਕਸ਼ੀਲ ਆਗੂਆਂ ਬਲਬੀਰ ਚੰਦ ਲੌਂਗੋਵਾਲ, ਸੁਖਵਿੰਦਰ ਬਾਗਪੁਰ ਤੇ ਅਜਾਇਬ ਜਲਾਲਆਣਾ ਨੇ ਆਖਿਆ ਕਿ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ, ਸਿਹਤ ਕਰਮੀਆਂ ਲਈ ਸੁਵਿਧਾਵਾਂ ਨਾਲ ਸੰਭਵ ਹੈ ਨਾ ਕਿ ਜੋਤਿਸ਼, ਤਾਂਤਰਿਕ ਵਿੱਦਿਆ ਤੇ ਅੰਧਵਿਸ਼ਵਾਸ਼ੀ ਧਾਰਨਾਵਾਂ ਨੂੰ ਦੇਸ਼ ਭਗਤੀ ਦਾ ਲਿਬਾਸ ਪਹਿਨਾ ਕੇ ਪੇਸ਼ ਕਰਨ ਵਿੱਚ ਹੈ. ਬਹੁਤ ਸਾਰੇ ਲੋਕਾਂ ਵੱਲੋਂ ਤਾਂਤਰਿਕ ਵਿੱਦਿਆ ਅਤੇ ਜੋਤਿਸ਼ ਵਿੱਦਿਆ ਨਾਲ ਵੀ ਜੋੜਿਆ ਜਾ ਰਿਹਾ ਸੀ. ਇਸੇ ਤਰ੍ਹਾਂ 22 ਮਾਰਚ ਨੂੰ ਪ੍ਰਧਾਨ ਮੰਤਰੀ ਦੀ ਘਰਾਂ ਵਿੱਚੋਂ ਨਿਕਲ ਕੇ ਥਾਲ਼ੀਆਂ ਵਜਾਉਣ ਦੀ ਅਪੀਲ ਦਾ ਅਮਲ ਵੀ ਉਭਾਰੀ ਜਾ ਰਹੀ ਲਾਈਲੱਗ ਬਿਰਤੀ ਵਜੋਂ ਦੇਸ਼ ਦੁਨੀਆਂ ਨੇ ਤੱਕਿਆ ਸੀ. ਤਰਕਸ਼ੀਲ ਆਗੂਆਂ ਨੇ ਆਖਿਆ ਕਿ ਚੇਤੰਨ ਨਾਗਰਿਕ ਚਰਨਜੀਤ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਚੇਤਨਾ ਵਾਲੀ ਵੀਡੀਓ ਪਾਉਣ ਖਿਲਾਫ ਸਰਕਾਰ ਨੇ ਡਿਜ਼ਾਸਟਰ ਮੈਨੇਜਮੈਂਟ ਐਕਟ, ਪ੍ਰਧਾਨੀ ਮੰਤਰੀ ਦੀ ਮਾਣਹਾਨੀ ਕਰਨ ਅਤੇ ਸਰਕਾਰੀ ਮੁਲਾਜ਼ਮ ਦਾ ਸਰਕਾਰੀ ਹੁਕਮ ਨਾ ਮੰਨਣ ਦੀਆਂ ਧਾਰਾਵਾਂ ਲਗਾ ਕੇ ਗਲਤ ਤਰੀਕੇ ਨਾਲ ਪਰਚਾ ਦਰਜ ਕੀਤਾ ਹੈ, ਜਿਹੜਾ ਵਿਗਿਆਨਕ ਚੇਤਨਾ, ਸੱਚਾਈ ਤੇ ਬੋਲਣ, ਲਿਖਣ ਦੇ ਅਧਿਕਾਰ ਦੇ ਖ਼ਿਲਾਫ਼ ਹੈ. ਉਨ੍ਹਾਂ ਕਿਹਾ ਕਿ ਬੋਲਣ ਵਾਲੇ ਅਜਿਹੇ ਲੋਕਾਂ ਖਿਲਾਫ ਗੰਭੀਰ ਧਾਰਾਵਾਂ ਲਗਾ ਕੇ ਪਰਚੇ ਦਰਜ ਕਰਨਾ ਤਾਨਾਸ਼ਾਹੀ ਕਦਮ ਹੈ, ਜਿਸਨੂੰ ਹਰਗਿਜ਼ ਪ੍ਰਵਾਨ ਨਹੀਂ ਕੀਤਾ ਜਾ ਸਕਦਾ.

ਇਸ ਦੇ ਨਾਲ ਹੀ ਸਾਥੀ ਹੇਮਰਾਜ ਸਟੈਨੋ, ਐਡਵੋਕੇਟ ਹਰਿੰਦਰ ਲਾਲੀ, ਤਰਲੋਚਨ ਸਮਰਾਲਾ, ਹਰਚੰਦ ਭਿੰਡਰ ਤੇ ਅਜੀਤ ਪ੍ਰਦੇਸੀ ਨੇ ਵਿਗਿਆਨਕ ਚੇਤਨਾ ਦੇ ਪ੍ਰਚਾਰਕ ਚਰਨਜੀਤ ਸਿੰਘ ਤੇ ਕੱਟੀ ਐੱਫ.ਆਈ.ਆਰ. ਰੱਦ ਕਰਨ ਦੇ ਨਾਲ ਨਾਲ ਦੇਸ਼ ਦੇ ਮਜ਼ਦੂਰਾਂ ਅਤੇ ਬੇਘਰੇ ਲੋਕਾਂ ਨੂੰ ਅਨਾਜ ਤੇ ਰਹਿਣ ਲਈ ਥਾਂਵਾਂ ਮੁਹੱਈਆ ਕਰਵਾਉਣ, ਕੋਰੋਨਾ ਦੇ ਟਾਕਰੇ ਲਈ ਹਰ ਪੱਧਰ ਤੇ ਲੋੜੀਂਦੀਆਂ ਸਹੂਲਤਾਂ ਉਪਲਭਧ ਕਰਵਾਉਣ ਤੇ ਅੰਧਵਿਸ਼ਵਾਸਾਂ, ਲਾਈਲਗਤਾ ਦੀ ਬਜਾਏ ਵਿਗਿਆਨਕ ਸੋਚ ਤੇ ਪਹਿਰਾ ਦੇਣ ਦੀ ਮੰਗ ਕੀਤੀ ਹੈ.