ਤਰਕਸ਼ੀਲਾਂ ਵੱਲੋਂ ਗੀਤਕਾਰ ਰਣਜੀਤ ਬਾਵੇ ਦੇ ਹੱਕ ਚ ਆਵਾਜ਼ ਬੁਲੰਦ
ਬੋਲਣ, ਲਿਖਣ ਅਤੇ ਗਾਉਣ ਤੇ ਪਾਬੰਦੀ ਹਰਗਿਜ਼ ਪ੍ਰਵਾਨ ਨਹੀਂ
ਬਰਨਾਲਾ, 8 ਮਈ (ਅਜਾਇਬ ਜਲਾਲਆਣਾ ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਗਾਇਕ ਰਣਜੀਤ ਬਾਵਾ ਦੀ ਆਵਾਜ਼ ਨੂੰ ਜ਼ਬਰੀ ਬੰਦ ਕਰਵਾਉਣ ਨੂੰ ਇੱਕ ਸੋਚੀ ਸਮਝੀ ਰਾਜਨੀਤਿਕ ਸਾਜਿਸ਼ ਕਰਾਰ ਦਿੱਤਾ ਹੈ, ਜਿਹੜੀ ਦੇਸ਼ ਭਰ ਵਿੱਚ ਭਗਵੀਂ ਸੱਤਾ ਵੱਲੋਂ ਵੱਖ ਵੱਖ ਢੰਗ
ਤਰੀਕਿਆਂ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ. ਉਹਨਾਂ ਸਪੱਸ਼ਟ ਕੀਤਾ ਕਿ ਗੀਤ ਵਿੱਚ ਕਿਤੇ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕੋਈ ਗੱਲ ਨਹੀਂ ਸਗੋਂ ਸਮਿਆਂ ਦੇ ਕਰੂਰ ਸੱਚ ਨੂੰ ਬਿਆਨ ਕੀਤਾ ਹੈ. ਕਾਨੂੰਨ ਵਿਭਾਗ ਦੇ ਸੂਬਾਈ ਮੁਖੀ ਐਡਵੋਕੇਟ ਹਰਿੰਦਰ ਲਾਲੀ ਨੇ ਇਸ ਗੀਤ ਦੇ ਬੋਲਾਂ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਗੀਤ ਵਿੱਚ ਕਿਸੇ ਵਿਸ਼ੇਸ਼ ਧਰਮ ਨੂੰ ਨੀਵਾਂ ਵਿਖਾਉਣ ਜਿਹਾ ਕੁਝ ਨਹੀਂ ਹੈ ਸਗੋਂ ਕਾਨੂੰਨੀ ਪੱਖ ਤੋਂ ਗੀਤ ਦੇ ਬੋਲਾਂ ਤੋਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕੋਈ ਮੁੱਦਾ ਹੀ ਨਹੀਂ ਬਣਦਾ.
ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕ ਬਲਬੀਰ ਚੰਦ ਲੌਂਗੋਵਾਲ ਤੇ ਮੀਡੀਆ ਮੁਖੀਅਜਾਇਬ ਜਲਾਲਆਣਾ ਨੇ ਆਖਿਆ ਕਿ ਸਮਾਜ ਵਿੱਚ ਪਸਰੇ ਅੰਧਵਿਸ਼ਵਾਸੀ ਵਰਤਾਰੇ ਨੂੰ ਬੇਪਰਦ ਕਰਦਾ ਗੀਤ ਲੋਕਾਂ ਨੂੰ ਜਾਗਰੂਕ ਕਰਨ ਵਾਲਾ ਹੈ. ਜਿਸ ਤੋਂ ਧਰਮ ਦੇ ਨਾਂ ਸਿਆਸਤ/ਵਪਾਰ ਕਰਨ ਵਾਲਿਆਂ ਨੂੰ ਹਜ਼ਮ ਨਹੀਂ ਹੋ ਰਿਹਾ. ਉਹਨਾਂ ਆਖਿਆ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਦੇ ਨਾਂ ਹੇਠ ਲੇਖਕਾਂ, ਕਲਾਕਾਰਾਂ ਤੇ ਬੁਧੀਜੀਵੀਆਂ ਦੀ ਜ਼ੁਬਾਨਬੰਦੀ ਕਰਨ ਦੀ ਕੌਮੀ ਸਿਆਸਤ ਪੰਜਾਬ ਵਿੱਚ ਪਨਪਣ ਲੱਗੀ ਹੈ, ਜਿਸਦਾ ਡਟਵਾਂ ਵਿਰੋਧ ਕੀਤਾ ਜਾਣਾ ਬਣਦਾ ਹੈ.
ਸੁਸਾਇਟੀ ਦੇ ਸੂਬਾਈ ਆਗੂਆਂ ਹੇਮ ਰਾਜ ਸਟੈਨੋ, ਰਾਮ ਸਵਰਨ ਲੱਖੇਵਾਲੀ, ਤਰਲੋਚਨ ਸਮਰਾਲਾ, ਹਰਚੰਦ ਭਿੰਡਰ, ਅਜੀਤ ਪ੍ਰਦੇਸੀ ਤੇ ਸੁਖਵਿੰਦਰ ਬਾਗਪੁਰ ਨੇ ਗਾਇਕ ਰਣਜੀਤ ਬਾਵਾ, ਗੀਤਕਾਰ ਬੀਰ ਸਿੰਘ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਦਰਜ ਕੀਤਾ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ. ਆਗੂਆਂ ਨੇ ਆਖਿਆ ਕਿ ਰਾਜ ਸੱਤਾ ਦੀ ਸ਼ਹਿ ਤੇ ਫਾਸ਼ੀਵਾਦੀ, ਫਿਰਕਾਪ੍ਰਸਤ ਤਾਕਤਾਂ ਦੇ ਲਿਖਣ, ਬੋਲਣ ਦੇ ਜਮਹੂਰੀ ਹੱਕਾਂ ਤੇ ਕੀਤੇ ਜਾ ਰਹੇ ਹਮਲੇ ਪ੍ਰਵਾਨ ਨਹੀਂ ਕੀਤੇ ਜਾਣਗੇ.ਉਹਨਾਂ ਸਮੂਹ ਲੋਕ ਪੱਖੀ, ਅਗਾਂਹਵਧੂ, ਪ੍ਰਗਤੀਸ਼ੀਲ ਹਿੱਸਿਆਂ ਨੂੰ ਹੱਕ, ਸੱਚ ਦੀ ਰਾਖੀ ਤੇ ਲਿਖਣ, ਬੋਲਣ, ਗਾਉਣ ਦੇ ਹੱਕਾਂ ਦੀ ਬਹਾਲੀ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ.