ਅਡੰਬਰਾਂ ਦੀ ਬਜਾਇ ਸਰਕਾਰ ਲੋਕਾਂ ਨੂੰ ਸੰਜੀਦਾ ਪ੍ਰੋਗਰਾਮ ਦੇਵੇ; ਬਲਦੇਵ ਜਲਾਲ

ਖਰੜ, 8 ਅਪ੍ਰੈਲ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਚੰਡੀਗੜ ਦੇ ਆਗੂਆਂ ਗਿਆਨ ਚੰਦ, ਸ਼ਲਿੰਦਰ ਸੁਹਾਲੀ, ਜਰਨੈਲ ਕਰਾਂਤੀ, ਜੋਗਾ ਸਿੰਘ, ਗੁਰਮੀਤ ਖਰੜ, ਅਤੇ ਕੁਲਵਿੰਦਰ ਨਗਾਰੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਾਸੀਆਂ ਨੂੰ 9 ਮਿੰਟ ਲਈ ਬੱਤੀਆਂ ਬੰਦ ਕਰਕੇ ਦੀਵੇ,

ਟਾਰਚ ਜਗਾਕੇ ਕਰੋਨਾ ਨੂੰ ਭਜਾਉਣ ਦੇ ਬਿਆਨ ਨੂੰ ਹਾਸੋਹੀਣਾ ਅਤੇ ਗੈਰ ਵਿਗਿਆਨਕ ਕਰਾਰ ਦਿੱਤਾ. ਮੀਡੀਆ ਮੁਖੀ ਬਲਦੇਵ ਜਲਾਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਕਰੋਨਾ ਬਿਮਾਰੀ ਨਾਲ ਪੂਰੀ ਦੁਨੀਆਂ ਦੇ ਦੇਸ਼ ਆਪਣੇ ਨਾਗਰਿਕਾਂ ਨੂੰ ਬਚਾਉਣ ਲਈ ਨਵੇਂ ਹਸਪਤਾਲ ਬਣਾਉਣ ਦੇ ਐਲਾਣ ਕਰ ਰਹੇ ਹਨ, ਮਰੀਜ਼ਾਂ ਲਈ ਵੈਂਟੀਲੇਟਰਾਂ ਦੀ ਘਾਟ ਪੂਰੀ ਕਰਨ ਲਈ ਪ੍ਰਬੰਧ ਕਰ ਰਹੇ ਹਨ, ਬੇਰੁਜ਼ਗਾਰ ਹੋਏ ਨਾਗਰਿਕਾਂ ਲਈ ਆਰਥਿਕ ਸਹਾਇਤਾ ਦੇ ਐਲਾਨ ਕਰ ਰਹੇ ਹਨ. ਅਜਿਹੇ ਮੁਸ਼ਕਿਲ ਹਾਲਾਤ ਮੌਕੇ ਦੇਸ ਵਾਸੀ ਪ੍ਰਧਾਨ ਮੰਤਰੀ ਵੱਲੋਂ ਦੀਵੇ ਜਗਾਉਣ ਵਰਗੇ ਬੇਲੋੜੇ ਅਡੰਬਰਾਂ ਦੀ ਬਜਾਇ ਸਰਕਾਰ ਤੋਂ ਸੰਜੀਦਾ ਪ੍ਰੋਗਰਾਮ ਦੀ ੳਮੀਦ ਕਰਦੇ ਹਨ.

ਸੁਬਾਈ ਆਗੂ ਅਜੀਤ ਪ੍ਰਦੇਸੀ ਨੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਕਿ ਇਸ ਸੰਕਟ ਦੀ ਘੜੀ ਵਿੱਚ ਬੇਰੁਜ਼ਗਾਰ ਹੋਏ ਨਾਗਰਿਕਾਂ ਲਈ ਖਾਧ ਖੁਰਾਕ ਅਤੇ ਆਰਥਿਕ ਸਹਾਇਤਾ ਪੁੱਜਦੀ ਕੀਤੀ ਜਾਵੇ. ਖਾਲੀ ਥਾਲ਼ੀਆਂ ਖੜਕਾਉਣ ਦੀ ਬਜਾਇ ਲੋਕਾਂ ਦੀ ਥਾਲ਼ੀ ਵਿੱਚ ਭੋਜਨ ਪੁੱਜਦਾ ਕੀਤਾ ਜਾਵੇ. ਭੁੱਖੇ ਢਿੱਡ ਬੈਠੇ ਲੋਕਾਂ ਦਾ ਸਿਰਫ ਥਾਲ਼ੀਆਂ ਵਜਾ ਕੇ ਢਿੱਡ ਨਹੀਂ ਭਰਨਾ ਤੇ ਨਾਹੀਂ ਮਨੋਬਲ ਉੱਚਾ ਹੋਣਾ ਹੈ. ਤਰਕਸ਼ੀਲਾਂ ਨੇ ਮੰਗ ਕੀਤੀ ਕਿ ਸਰਕਾਰ ਹਸਪਤਾਲਾਂ ਵਿੱਚ ਸਿਹਤ ਕਰਮੀਆਂ ਨੂੰ ਵਿਸ਼ਵ ਪੱਧਰੀ ਆਧੁਨਿਕ ਸਾਜੋ-ਸਮਾਨ ਮੁਹੱਈਆ ਕਰਵਾਏ.

ਆਗੂਆਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਇਸ ਸੰਕਟ ਮੌਕੇ ਜਿੰਨੇ ਵੀ ਸਰਕਾਰੀ ਜਾਂ ਗੈਰਸਰਕਾਰੀ ਮੁਲਾਜਮ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਜੋਖਮ ਵਿੱਚ ਪਾਕੇ ਡਿਊਟੀ ਕਰ ਰਹੇ ਹਨ ਸਭ ਨੂੰ ਵਿਸੇਸ਼ ਭੱਤਾ ਅਤੇ ਸਨਮਾਨ ਚਿੰਨ ਦੇਕੇ ਸਨਮਾਨਿਤ ਕੀਤਾ ਜਾਵੇ.ਜਦੋਂ ਪੂਰਾ ਮੁਲਕ ਮਹਾਂਮਾਰੀ ਦੇ ਡਰ ਕਾਰਨ ਘਰਾਂ ਵਿੱਚ ਬੈਠਾ ਹੈ. ਇਸ ਔਖੀ ਘੜੀ ਵਿੱਚ ਸਿਹਤ ਕਾਮੇ, ਪੁਲਿਸ, ਸੁਰੱਖਿਆ, ਸਫਾਈ ਕਰਮਚਾਰੀ ਅਤੇ ਹੋਰ ਜਿੰਨੇ ਵੀ ਹੋਰ ਕਾਮੇ ਦਿਨ-ਰਾਤ ਇੱਕ ਕਰਕੇ ਆਪਣੀ ਡਿਊਟੀ ਨਿਭਾਅ ਰਹੇ ਹਨ ਇਹ ਸਾਰੇ ਕਾਮੇ ਸਾਡੇ ਅਸਲ ਨਾਇਕ ਹਨ. ਤਰਕਸ਼ੀਲ ਸੁਸਾਇਟੀ ਪੰਜਾਬ ਉਨਾਂ ਦੇ ਸਮਰਪਣ ਦੀ ਸਲਾਘਾ ਕਰਦਿਆਂ ਉਨਾਂ ਸਾਰਿਆਂ ਨੂੰ ਸਲੂਟ ਕਰਦੀ ਹੈ.