ਬਰਨਾਲਾ ਵਿਖੇ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਨੂੰ

ਸਮਾਜ ਵਿੱਚ ਉਸਾਰੂ ਸਾਹਿਤ, ਸਿਹਤਮੰਦ ਸਭਿਆਚਾਰ ਅਤੇ ਵਿਗਿਆਨਕ ਚੇਤਨਾ ਨੂੰ ਵਿਕਸਤ ਕਰਨ ਦੇ ਮੰਤਵ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਨਾਮਵਰ ਤਰਕਸ਼ੀਲ ਬੁੱਧੀਜੀਵੀ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲਾ ਤਰਕਸ਼ੀਲ ਭਵਨ ਬਰਨਾਲਾ ਵਿਖੇ 21 ਤੋਂ 23 ਅਗਸਤ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। ਇਸ ਮੇਲੇ ਦੀ ਵਧੇਰੇ ਜਾਣਕਾਰੀ ਤੇ ਮੇਲੇ ਦੀ ਥਾਂ ਬਾਰੇ →ਇਥੋਂ ਸੱਦਾ ਪੱਤਰ ਡਾਉਨਲੋਡ ਕਰੋ।

ਵੱਲੋਂ- ਤਰਕਸ਼ੀਲ ਸੁਸਾਇਟੀ ਪੰਜਾਬ

ਦੀਵਾਲੀ ਤੇ ਤਰਕਸ਼ੀਲਾਂ ਦੀ ਪੁਸਤਕ ਪ੍ਰਦਰਸ਼ਨੀ ਨੇ ਦਿੱਤਾ ਸੁਖਦ ਸੁਨੇਹਾ

ਪੁਸਤਕ ਸਾਥ ਚੰਗੇਰੇ ਸਮਾਜ ਲਈ ਜਰੂਰੀ: ਲੱਖੇਵਾਲੀ

ਮੁਕਤਸਰ, 31ਅਕਤੂਬਰ (ਬੂਟਾ ਸਿੰਘ): ਦੀਵਾਲੀ ਦੇ ਤਿਓਹਾਰ ਤੇ ਜਦ ਲੋਕੀਂ ਮਠਿਆਈਆਂ, ਘਰਾਂ ਦੇ ਸ਼ਿੰਗਾਰ ਦਾ ਸਮਾਨ ਤੇ ਪਟਾਕੇ ਖਰੀਦਣ ਚ ਮਸ਼ਰੂਫ ਸਨ ਤਾਂ ਇਸੇ ਸਮੇਂ ਸਮਾਜਿਕ ਚੇਤਨਾ ਦੇ ਅਹਿਮ ਕਾਰਜ ਵਿੱਚ ਜੁਟੇ ਤਰਕਸ਼ੀਲ ਕਾਮੇ ਸਥਾਨਕ ਸ਼ਹਿਰ ਚ ਪੁਸਤਕ ਪ੍ਰਦਰਸ਼ਨੀ ਲਗਾ ਕੇ ਦੀਵਾਲੀ ਨੂੰ ਪ੍ਰਦੂਸ਼ਨ ਮੁਕਤ ਕਰਨ, ਵਾਤਾਵਰਨ ਨੂੰ

ਬਚਾਉਣ ਤੇ ਪੁਸਤਕਾਂ ਦੇ ਸਾਥ ਨਾਲ ਜਿੰਦਗੀ ਤੇ ਸਮਾਜ ਨੂੰ ਸੁਖਾਵੇਂ ਰੁਖ਼ ਤੋਰਨ ਦਾ ਸੁਖਦ ਸੁਨੇਹਾ ਦੇ ਰਹੇ ਸਨ. ਉਹ ਲੋਕਾਂ ਨੂੰ ਪਟਾਖੇ ਨਹੀਂ ਪੁਸਤਕਾਂ ਖਰੀਦਣ ਲਈ ਪ੍ਰੇਰਿਤ ਕਰ ਰਹੇ ਸਨ. ਪੁਸਤਕ ਪ੍ਰਦਰਸ਼ਨੀ ਨੂੰ ਤਿਉਹਾਰ ਸਮੇਂ ਸ਼ਹਿਰ ਆਏ ਲੋਕਾਂ ਨੇ ਚੰਗਾ ਹੁੰਗਾਰਾ ਦਿੱਤਾ. ਪ੍ਰਦਰਸ਼ਨੀ ਵਿੱਚ ਤਰਕਸ਼ੀਲ ਸਾਹਿਤ ਤੋਂ ਇਲਾਵਾ ਗਿਆਨ-ਵਿਗਿਆਨ, ਸਾਹਿਤਕ, ਬਾਲ ਸਾਹਿਤ ਤੇ ਵਿਸ਼ਵ ਪ੍ਰਸਿੱਧ ਪੁਸਤਕਾਂ ਵੀ ਸਨ.

ਪ੍ਰਦਰਸ਼ਨੀ ਮੌਕੇ ਮੌਜੂਦ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਸੂਬਾਈ ਮੀਡੀਆ ਮੁਖੀ ਰਾਮ ਸਵਰਨ ਲੱਖੇਵਾਲੀ ਦਾ ਕਹਿਣਾ ਸੀ ਕਿ ਪੁਸਤਕਾਂ ਦਾ ਸਾਥ ਚੰਗੇਰੇ ਸਮਾਜ ਲਈ ਬਹੁਤ ਜਰੂਰੀ ਹੈ. ਇਸੇ ਲਈ ਉਹ ਮੇਲਿਆਂ, ਤਿਉਹਾਰਾਂ ਤੇ ਹੋਰ ਮੌਕਿਆਂ ਤੇ ਲੋਕਾਂ ਦੀ ਪੁਸਤਕਾਂ ਨਾਲ ਸਾਂਝ ਪਾਉਣ ਲਈ ਯਤਨਸ਼ੀਲ ਰਹਿੰਦੇ ਹਨ. ਉਹਨਾਂ ਆਖਿਆ ਕਿ ਚੰਗੀਆਂ ਪੁਸਤਕਾਂ ਦਾ ਘਰਾਂ ਚ ਜਾਣਾ ਚੰਗੇ ਭਵਿੱਖ ਦੀ ਨਿਸ਼ਾਨੀ ਹੈ. ਪ੍ਰਦਰਸ਼ਨੀ ਤੇ ਆਈਆਂ ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਰਾਜਵੀਰ ਕੌਰ ਤੇ ਨਸੀਬ ਕੌਰ ਨੇ ਆਖਿਆ ਕਿ ਪੁਸਤਕ ਸਭਿਆਚਾਰ ਲਈ ਸਾਰਿਆਂ ਨੂੰ ਹੰਭਲਾ ਮਾਰਨ ਦੀ ਲੋੜ ਹੈ. ਤਰਕਸ਼ੀਲਾਂ ਦੇ ਇਸ ਉੱਦਮ ਦੀ ਸਰਾਹਨਾ ਕਰਦਿਆਂ ਨਾਮਵਰ ਪੰਜਾਬੀ ਕਵੀ ਪ੍ਰੋ. ਲੋਕ ਨਾਥ ਨੇ ਆਖਿਆ ਕਿ ਤਿਉਹਾਰਾਂ ਮੌਕੇ ਮਠਿਆਈ ਨਾਲ ਪੁਸਤਕਾਂ ਦਾ ਘਰਾਂ ਵਿੱਚ ਜਾਣਾ ਆਉਣ ਵਾਲੇ ਭਲੇ ਦਿਨਾਂ ਦੀ ਨਿਸ਼ਾਨੀ ਹੈ. ਪ੍ਰਦਰਸ਼ਨੀ ਤੇ ਹੋਰਨਾਂ ਤੋਂ ਇਲਾਵਾ ਸ਼ਿਵਰਾਜ ਖੁੰਡੇ ਹਲਾਲ, ਰੰਗਕਰਮੀ ਮਾਈਕਲ ਜੌਹਨ ਤੇ ਮਾਸਟਰ ਸਰਬਜੀਤ ਵੀ ਹਾਜ਼ਰ ਸਨ.

powered by social2s