ਦੇਸ਼ ਲਈ ਧਰਮ ਰਹਿਤ ਸਰਕਾਰਾਂ ਹੀ ਲਾਹੇਵੰਦ: ਬਲਵਿੰਦਰ ਬਰਨਾਲਾ
ਬੰਗਲੁਰੂ, 01 ਨਵੰਬਰ (ਹਰਚੰਦ ਭਿੰਡਰ): ਫੈਡਰੇਸ਼ਨ ਆਫ ਇੰਡੀਅਨ ਰੈਸ਼ਨੇਲਿਸਟ ਐਸੋਸੀਏਸਨ ਦੇ ਕੌਮੀ ਜਨਰਲ ਸਕੱਤਰ ਸ੍ਰੀ ਬਲਵਿੰਦਰ ਬਰਨਾਲਾ ਨੇ ਕਰਨਾਟਕਾ ਸਟੇਟ ਵਿਗਿਆਨ ਪ੍ਰੀਸਦ ਅਤੇ ਕਰਨਾਟਕਾ ਸਟੇਟ ਰੈਸ਼ਨੇਲਿਸਟ ਫੋਰਮ ਵਲੋਂ ਸਾਂਝੇ ਰੂਪ ਵਿੱਚ ‘ਦੇਸ ਲਈ ਧਰਮਨਿਰਪੱਖ ਸਰਕਾਰਾਂ ਦੀ ਜਰੂਰਤ’ ਵਿਸ਼ੇ ਤੇ ਕਰਵਾਏ
ਕੌਮੀ ਸੈਮੀਨਾਰ ਵਿੱਚ ਬੋਲਦਿਆਂ ਕਿਹਾ ਕਿ ਦੇਸ ਲਈ ਧਰਮ ਨਿਰਪੱਖ ਨਹੀਂ ਧਰਮ ਰਹਿਤ ਸਰਕਾਰਾਂ ਦੀ ਜਰੂਰਤ ਹੈ. ਉਹਨਾਂ ਕਿਹਾ ਕਿ ਧਰਮ ਰਾਜਨੀਤਿਕਾਂ ਲਈ ਠੱਗਣ ਦਾ ਹਥਿਆਰ ਬਣ ਗਿਆ ਹੈ ਅਤੇ ਭਾਰਤੀ ਸੰਵਿਧਾਨ ਵਿੱਚ ਦਿੱਤੀ ਧਰਮ ਨਿਰਪੱਖਤਾ ਦੀ ਧਾਰਨਾ ਦੇ ਰਾਜਨੀਤਿਕ ਲੋਕ ਉਲਟ ਅਰਥ ਲੈ ਰਹੇ ਹਨ. ਜਨਤਕ ਅਹੁਦਿਆਂ ਤੇ ਹੁੰਦਿਆਂ ਉਹ ਧਰਮ ਸਥਾਨਾਂ ਨੂੰ ਗਰਾਂਟਾ ਦਿੰਦੇ ਹਨ ਅਤੇ ਇਹਨਾਂ ਦੇ ਉਦਘਾਟਨ ਕਰਨ ਤੋਂ ਵੀ ਨਹੀ ਝਿਝਕਦੇ. ਇਥੋਂ ਤੱਕ ਵਿਗਿਆਨ ਦੇ ਕਾਰਨਾਮਿਆਂ ਦੀਆਂ ਮਹੂਰਤਾਂ ਵੀ ਧਾਰਮਿਕ ਰਸ਼ਮਾ ਨਾਲ ਕਰਵਾਉਂਦੇ ਹਨ. ਉਹਨਾਂ ਨੇ ਦੁਖ ਪ੍ਰਗਟ ਕੀਤਾ ਕਿ ਦੇਸ ਦਾ ਪ੍ਰਧਾਨ ਮੰਤਰੀ ਜਪਾਨ ਦੇ ਪ੍ਰਧਾਨ ਮੰਤਰੀ ਨੂੰ ਗੀਤਾ ਭੇਂਟ ਕਰਦਾ ਹੈ. ਉਹਨਾ ਕਿਹਾ ਜੇ ਅਜਿਹਾ ਕਰਨਾ ਪ੍ਰਧਾਨ ਮੰਤਰੀ ਦੀ ਮਜਬੂਰੀ ਸੀ ਤਾਂ ਦੇਸ ਵਿੱਚ ਨਿੱਕੇ ਮੋਟੇ 200ਦੇ ਕਰੀਬ ਧਰਮ ਹਨ ਉਹਨਾਂ ਨੂੰ ਸਾਰੇ ਧਾਰਮਿਕ ਗਰੰਥ ਹੀ ਨਾਲ ਲਿਜਾਣੇ ਚਾਹੀਦੇ ਸੀ. ਉਸਨੂੰ ਭਾਰਤ ਦੇ ਸਾਰੇ ਲੋਕਾਂ ਦੇ ਨੁਮਾਇੰਦੇ ਵਜੋਂ ਵਿਚਰਨਾ ਚਾਹੀਦਾ ਹੈ ਅਤੇ ਉਹ ਖੁਦ ਵੀ ਇਹ ਸਵੀਕਾਰਦੇ ਹਨ ਕਿ ਉਹ ਭਾਰਤ ਦੇ 125 ਕਰੋੜ ਲੋਕਾਂ ਦੇ ਪ੍ਰਧਾਨ ਮੰਤਰੀ ਹਨ. ਦੇਸ਼ ਅੰਦਰ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲਿਆਂ ਦੀ ਕਾਫੀ ਵੱਡੀ ਗਿਣਤੀ ਹੈ ਕੀ ਇਹ ਉਹਨਾ ਨਾਲ ਵਿਤਕਰਾ ਨਹੀਂ ਜਦ ਕਿ ਉਹ ਵੀ ਭਾਰਤ ਦੇ ਨਾਗਰਿਕ ਹਨ? ਸ੍ਰੀ ਬਰਨਾਲਾ ਕਰਨਾਟਕ ਸਟੇਟ ਸਾਇੰਸ ਪ੍ਰੀਸ਼ਦ, ਬੈਂਗਲੁਰੂ ਵਿਖੇ ਬੁਲਾਈ ਫੀਰਾ ਦੀ ਕੌਮੀ ਮੀਟਿੰਗ ਅਤੇ ਇਸ ਨੈਸ਼ਨਲ ਸੈਮੀਨਾਰ ਵਿੱਚ ਉਚੇਚੇ ਤੌਰ ਸ਼ਮੂਲੀਅਤ ਕਰਨ ਆਏ ਸਨ.
ਇਸ ਸੈਮੀਨਾਰ ਨੂੰ ਸੰਬੋਧਤ ਕਰਦਿਆ ਫੀਰਾ ਦੇ ਕੌਮੀ ਪ੍ਰਧਾਨ ਡਾ: ਨਰਿੰਦਰ ਨਾਇਕ ਨੇ ਕਿਹਾ ਕਿ ਦੇਸ ਵਿੱਚ ਅੰਧਵਿਸਵਾਸ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ. ਦੇਸ ਦੀ ਭਾਰੀ ਗਿਣਤੀ ਅਾਬਾਦੀ ਅਜੇ ਵੀ ਅਨਪੜ੍ਹ ਹੈ ਅਤੇ ਵਿਗਿਆਨ ਦੀਆਂ ਸਹੂਲਤਾਂ ਤੋਂ ਕੋਰੀ ਹੈ. ਅੰਧਵਿਸਵਾਸ ਵਿਰੁੱਧ ਦੇਸ ਵਿੱਚ ਕਾਨੂੰਨ ਬਣਨੇ ਚਾਹੀਦੇ ਹਨ. ਰਾਜ ਸਰਕਾਰਾਂ ਵੀ ਆਪਣੀ ਬਣਦੀ ਜੁੰਮੇਵਾਰੀ ਨਿਭਾਉਣ. ਬਦੇਸ਼ੀ ਮੁਲਕਾਂ ਖਾਸ ਕਰਕੇ ਪੱਛਮੀਂ ਮੁਲਕਾਂ ਅੰਦਰ ਵਿਦਿਆ ਵਿੱਚ ਵਿਗਿਆਨ ਦੀ ਪ੍ਰਮੁੱਖਤਾ ਹੈ ਅਤੇ ਸਰਕਾਰਾਂ ਕਾਫੀ ਹੱਦ ਤੱਕ ਸੁਚੇਤ ਹਨ. ਉਥੋਂ ਦੇ ਨਾਗਰਿਕ ਵੀ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹਨ.
ਸੈਮੀਨਾਰ ਨੂੰ ਅੰਧ ਸ਼ਰਧਾ ਨਿਰਮੂਲਣ ਸਮਿਤੀ ਮਹਾਰਸ਼ਟਰ ਦੇ ਜਨਰਲ ਸਕੱਤਰ ਸੁਦੇਸ਼ ਘੋੜੇ ਰਾਉ, ਰੈਸਨਾਲਿਸਟ ਅਸੋਸੀਏਸਨ ਉਡੀਸਾ ਦੇ ਸਕੱਤਰ ਈ ਟੀ ਰਾਉ, ਤਿਲਗਾਨਾ ਦੇ ਆਗੂ ਕਰਾਂਤੀਕਾਰ, ਪੇਰੀਆਰ ਰੈਸ਼ਨਾਲਿਸ਼ਟ ਫਰੰਟ ਕੇਰਲਾ ਦੇ ਪ੍ਰਧਾਨ ਲਾਲ ਸਲਾਮ, ਰੈਸ਼ਨੇਲਿਸਟ ਫਰੰਟ ਤਾਮਿਲਨਾਡੂ ਦੀ ਆਗੂ ਸਤਿਆ ਮੂਰਤੀ ਅਤੇ ਰੈਸ਼ਨੇਲਿਸਟ ਫਰੰਟ ਗੋਆ ਦੇ ਸੋਮੂ ਰਾਉ ਨੇ ਵੀ ਸੰਬੋਧਤ ਕੀਤਾ.
ਫੀਰਾ ਦੇ ਨੈਸ਼ਨਲ ਬਾਡੀ ਦੇ ਹਾਜ਼ਰ ਮੈਬਰਾਂ ਵਿੱਚ ਫੀਰਾ ਸਰਪਰਸਤ ਯੂ ਕਲਾਨਾਥਨ ਕੇਰਲਾ, ਬਸੰਤੀ ਅਚਾਰੀਆ ਉਡੀਸਾ, ਡਾ: ਕਰੂਵਿਲਾ ਕੇਰਲਾ, ਇਰੀਂਗਲ ਕਰਿਸਨਨ ਕੇਰਲਾ ਯੁਗਤੀਵਾਦੀ ਸੰਗਮ, ਸੁਕਮਾਰਨ ਦਾਨੁਅਚਾਪੋਰਮ, ਡਾ: ਐਚ ਨਾਗੰਨਾ ਕਰਨਾਟਕ, ਮ. ਕਰਨਾਨਿਧੀ ਬੈੰਗਲੋਰ, ਜ. ਤਾਮਿਲ ਚੈਲੀ ਰੈਸ਼ਨੇਲਿਸਟ ਫੌਰਮ ਚੈਨਈ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਹਰਚੰਦ ਭਿੰਡਰ ਵੀ ਸਨ.
ਸੈਮੀਨਾਰ ਦੇ ਬਾਅਦ ਵਿੱਚ ਹੋਈ ਫੀਰਾ ਦੀ ਮੀਟੰਗ ਵਿੱਚ ਫੈਸ਼ਲਾ ਲਿਆ ਗਿਆ ਕਿ ਅਗਲੀ ਕੌਮੀ ਕਾਨਫਰੰਸ ਕੇਰਲਾ ਦੇ ਸ਼ਹਿਰ ਤਰਵੇਂਦਰਮ ਵਿੱਚ 25 ਅਤੇ 26 ਫਰਵਰੀ 2017 ਨੂੰ ਹੋਵੇਗੀ ਜਿਸ ਵਿੱਚ ਅਗਲੀ ਕੌਮੀ ਲੀਡਰਸ਼ਿਪ ਦੀ ਚੋਣ ਕੀਤੀ ਜਾਵੇਗੀ.ਇਸ ਮੀਟਿੰਗ ਵਿੱਚ ਮਥੁਰਾ ਵਿੱਚ ਨਾਸਤਿਕ ਕਾਨਫਰੰਸ ਤੇ ਹਿੰਦੂ ਕੱਟੜਪ੍ਰਸ਼ਤਾਂ ਵਲੋਂ ਕੀਤੇ ਹਥਿਆਰਬੰਦ ਹਮਲੇ ਦੀ ਨਿੰਦਿਆ ਕੀਤੀ ਗਈ.