ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਕੁਝ ਘੰਟਿਆਂ ਦੀ ਖੁਸ਼ੀ ਖਾਤਿਰ ਹੋ ਰਿਹਾ ਵਾਤਾਵਰਣ ਪਲੀਤ: ਗੁਰਮੀਤ ਖਰੜ

ਦੀਵਾਲ਼ੀ ਮੌਕੇ ਤਰਕਸ਼ੀਲ ਕਿਤਾਬਾਂ ਦੀ ਸਟਾਲ਼ ਵੀ ਲਗਾਈ

 ਖਰੜ, 30 ਅਕਤੂਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਵੱਲੋਂ ਦੀਵਾਲ਼ੀ ਮੌਕੇ ‘ਕਿਤਾਬਾਂ ਖਰੀਦੋ, ਪਟਾਕੇ ਨਹੀਂ’ਦਾ ਸੁਨੇਹਾ ਦਿੰਦੀ ‘ਤਰਕਸ਼ੀਲ ਪੁਸਤਕ ਪ੍ਰਦਰਸ਼ਨੀ ਲਗਾਈ ਗਈ. ਇਸ ਮੌਕੇ ਪੌਣ-ਪਾਣੀ ਦੀ ਸੰਭਾਲ਼ ਦਾ ਹੋਕਾ ਦਿੰਦਿਆਂ ਤਰਕਸ਼ੀਲ ਕਾਰਕੁੰਨਾਂ ਨੇ ਕਿਹਾ ਕਿ ਦੀਵਾਲੀ ਨੂੰ ਪ੍ਰਦੂਸਣ ਦਾ ਤਿਓਹਾਰ ਬਣਾ ਦਿੱਤਾ

ਗਿਆ ਹੈ. ਪਿਛਲੇ ਚਾਲ਼ੀ ਸਾਲਾਂ ਤੋਂ ਵਿਗਿਆਨੀ ਪਾਣੀ ਦੀ ਕਿੱਲਤ ਬਾਰੇ ਸੁਚੇਤ ਕਰਦੇ ਆ ਰਹੇ ਹਨ. ਅਸੀਂ ਇਸ ਵੱਲ ਧਿਆਨ ਨਾ ਦੇਕੇ ਪਾਣੀ ਨੂੰ ਇੰਨਾ ਦੂਸ਼ਿਤ ਕਰ ਦਿੱਤਾ ਹੈ ਕਿ ਅੱਜ ਪੀਣਯੋਗ ਪਾਣੀ ਮਹਿੰਗੇ ਯੰਤਰਾਂ ਦੁਆਰਾ ਸਾਫ ਕਰਕੇ ਹੀ ਪ੍ਰਾਪਤ ਕਰਨਾ ਸੰਭਵ ਹੈ. ਚੰਡੀਗੜ੍ਹ ਜ਼ੋਨ ਦੇ ਮੁਖੀ ਗੁਰਮੀਤ ਖਰੜ ਨੇ ਕਿਹਾ ਕਿ ਇਹ ਜਾਣੀ-ਪਛਾਣੀ ਸਚਾਈ ਹੈ ਕਿ ਧਰਤੀ ਉੱਤਲੇ ਹਰ ਪ੍ਰਕਾਰ ਦੇ ਜੀਵਨ ਦੀ ਹੋਂਦ ਸ਼ੁੱਧ ਹਵਾ, ਪਾਣੀ, ਅਤੇ ਭੋਜਨ ਉੱਤੇ ਨਿਰਭਰ ਕਰਦੀ ਹੈ. ਅਸੀਂ ਦੀਵਾਲ਼ੀ ਵਾਲੇ ਦਿਨ ਚੰਦ ਕੁ ਘੰਟਿਆਂ ਵਿੱਚ ਹੀ ਅਰਬਾਂ ਰੁਪਏ ਦੇ ਪਟਾਕੇ ਜਲ਼ਾ ਕੇ ਕਾਰਬਨ-ਮੋਨੋਆਕਸਾਇਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਾਲ਼ ਵਾਯੂਮੰਡਲ ਨੂੰ ਜ਼ਹਿਰੀਲਾ ਕਰ ਦਿੰਦੇ ਹਾਂ. ਇਸ ਦੇ ਸਿੱਟੇ ਵਜੋਂ ਸਿਰਫ ਸਾਨੂੰ ਹੀ ਚਮੜੀ ਰੋਗ, ਕੈਂਸਰ ਅਤੇ ਸਾਹ ਦੀਆਂ ਬੀਮਾਰੀਆਂ ਨਹੀਂ ਚਿੰਬੜਦੀਆਂ ਬਲਕਿ ਸਾਡੀਆਂ ਗਲਤੀਆਂ ਦੇ ਘਾਤਕ ਨਤੀਜੇ ਸਾਡੀਆਂ ਆਉਣ ਵਾਲ਼ੀਆਂ ਨਸਲਾਂ ਨੂੰ ਵੀ ਭੁਗਤਣੇ ਪੈਣਗੇ.

ਇਸ ਮੌਕੇ ਇਕਾਈ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਊਰਜਾ ਸੰਕਟ ਦੇ ਮੁਸ਼ਕਿਲ ਦੌਰ ਵਿੱਚੋਂ ਗੁਜਰ ਰਹੇ ਸਾਡੇ ਦੇਸ ਵਿੱਚ ਬਿਜਲੀ ਵਰਗੀ ਵਡਮੁੱਲੀ ਊਰਜਾ ਨੂੰ ਸਿਰਫ ਸਜਾਵਟੀ ਉਪਕਰਨਾਂ ਦੁਆਰਾ ਫੂਕ ਦੇਣਾ ਦੇਸਵਾਸੀਆਂ ਦੀ ਗੈਰ-ਸੰਜੀਦਗੀ ਦਾ ਪ੍ਰਗਟਾਵਾ ਹੈ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਗੇਟ ਮੂਹਰੇ ਲਗਾਈ ਇਸ ਬੁੱਕ ਸਟਾਲ ਮੌਕੇ ਬਿਕਰਮਜੀਤ ਸੋਨੀ, ਕਰਮਜੀਤ ਸਕਰੁਲਾਂਪੁਰੀ, ਸੁਜਾਨ ਬਡਾਲ਼ਾ ਨੇ ਲੋਕਾਂ ਨੂੰ ਪ੍ਰਗਤੀਵਾਦੀ ਸੋਚ ਅਪਨਾਉਣ ਲਈ ਪ੍ਰੇਰਿਆ.