ਚੰਡੀਗੜ੍ਹ ਜ਼ੋਨ ਨੇ ਡਾ. ਦਾਭੋਲਕਰ ਦੀ ਯਾਦ ਵਿੱਚ ‘ਮੈਗਜ਼ੀਨ ਹਫਤਾ’ ਮਨਾਇਆ
ਖਰੜ, 26 ਜੁਲਾਈ (ਕੁਲਵਿੰਦਰ ਨਗਾਰੀ): ਅੰਧਵਿਸ਼ਵਾਸਾਂ ਖਿਲਾਫ ਵਿਗਿਆਨਿਕ-ਜਾਗ੍ਰਿਤੀ ਦਾ ਝੰਡਾ ਬੁਲੰਦ ਕਰਨ ਵਾਲ਼ੇ ਸ਼ਹੀਦ ਡਾ. ਦਾਭੋਲਕਰ ਦੇ ਮਿਸ਼ਨ ਨੂੰ ਸਮਰਪਿਤ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ‘ਮੈਗਜ਼ੀਨ ਹਫਤਾ’ ਮਨਾਇਆ ਗਿਆ. ਇਸ ਹਫਤੇ ਦੌਰਾਨ ਜ਼ੋਨ ਚੰਡੀਗੜ੍ਹ ਦੀਆਂ ਸਾਰੀਆਂ ਇਕਾਈਆਂ ਵੱਲੋਂ ਤਰਕਸ਼ੀਲ
ਮੈਗਜ਼ੀਨ ਵੱਧ ਤੋਂ ਵੱਧ ਹੱਥਾਂ ਤੱਕ ਪਹੁੰਚਾਣ ਵਾਸਤੇ ਲਹਿਰ ਚਲਾਈ ਗਈ. ਇਸ ‘ਮੈਗਜ਼ੀਨ ਹਫਤੇ' ਮੌਕੇ ਤਰਕਸ਼ੀਲ ਕਾਮਿਆਂ ਦੀ ਹੌਸਲਾ ਅਫ਼ਜਾਈ ਕਰਨ ਲਈ ਜ਼ੋਨ ਚੰਡੀਗੜ੍ਹ ਵਿੱਚ ਵਿਸ਼ੇਸ਼ ਤੌਰ ਉੱਤੇ ਪੁੱਜੇ ਸੂਬਾ ਕਮੇਟੀ ਦੇ ਜਥੇਬੰਦਕ ਮੁਖੀ ਸ੍ਰੀ ਰਜਿੰਦਰ ਭਦੌੜ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ ਮੈਗਜ਼ੀਨ ਹਫਤੇ ਦੌਰਾਨ 3940 ਨਵੇਂ ਪਾਠਕਾਂ ਦੇ ਇੱਕ ਸਾਲ ਵਾਸਤੇ ਚੰਦੇ ਕੱਟੇ ਗਏ. ਇਸ ਮੌਕੇ ਜ਼ੋਨ ਆਗੂਆਂ ਅਤੇ ਇਕਾਈ ਖਰੜ ਦੇ ਮੈਂਬਰਾਂ ਨਾਲ਼ ਗੱਲਬਾਤ ਦੌਰਾਨ ਸ੍ਰੀ ਦਾਭੋਲਕਰ ਦੀ ਸ਼ਹਾਦਤ ਅਤੇ ਮਿਸ਼ਨ ਨੂੰ ਯਾਦ ਕਰਦਿਆਂ ਉਨਾਂ ਕਿਹਾ ਕਿ ਸੱਚ ਬੋਲਣ ਵਾਲ਼ੇ ਨੂੰ ਤਾਂ ਗੋਲ਼ੀ ਮਾਰੀ ਜਾ ਸਕਦੀ ਹੈ ਪਰ ਇਹੋ ਜਿਹੀ ਕੋਈ ਗੋਲ਼ੀ ਅਜੇ ਤੱਕ ਨਹੀਂ ਬਣੀ ਜਿਹੜੀ ਸੱਚ ਨੂੰ ਮਾਰੀ ਜਾ ਸਕੇ. ਇਸ ਮੌਕੇ ਜ਼ੋਨਲ ਆਗੂ ਜਰਨੈਲ ਕਰਾਂਤੀ ਨੇ ਕਿਹਾ ਕਿ ਅੰਧਵਿਸ਼ਵਾਸਾਂ ਵਿਰੁੱਧ ਲੜਨ ਵਾਲਿਆਂ ਦੇ ਹੌਸਲੇ ਫਿਰਕੂ ਤਾਕਤਾਂ ਪਸਤ ਨਹੀਂ ਕਰ ਸਕਦੀਆਂ ਬਲਕਿ ਸ੍ਰੀ ਦਾਭੋਲਕਰ ਦੀ ਸ਼ਹਾਦਤ ਨੇ ਸੈਕੂਲਰ ਤਾਕਤਾਂ ਨੂੰ ਇਕਜੁੱਟ ਕਰਕੇ ਅੰਧਵਿਸ਼ਵਾਸਾਂ ਖਿਲਾਫ ਚਲਦੇ ਪ੍ਰਚਾਰ ਨੂੰ ਸਗੋਂ ਹੋਰ ਤੇਜ਼ ਕੀਤਾ ਹੈ.
ਇਸ ਮੌਕੇ ਜ਼ੋਨ ਮੁਖੀ ਲੈਕਚਰਾਰ ਗੁਰਮੀਤ ਖਰੜ ਨੇ ਦੱਸਿਆ ਚੰਡੀਗੜ੍ਹ ਜ਼ੋਨ ਦੀਆਂ ਸਾਰੀਆਂ ਇਕਾਈਆਂ ਖਰੜ, ਰੋਪੜ, ਨੰਗਲ਼, ਮੋਹਾਲ਼ੀ, ਚੰਡੀਗੜ੍ਹ, ਸੰਘੋਲ਼, ਬਸੀ ਪਠਾਣਾ, ਸਰਹਿੰਦ, ਗੋਬਿੰਦਗੜ੍ਹ ਵੱਲੋਂ 365 ਮੈਗਜ਼ੀਨਾਂ ਦੇ ਨਵੇਂ ਚੰਦੇ ਕੱਟ ਕੇ ਭਰਵਾਂ ਯੋਗਦਾਨ ਪਾਇਆ ਗਿਆ. ਮੈਗਜ਼ੀਨ ਬਾਰੇ ਜਾਣਕਾਰੀ ਦਿੰਦਿਆਂ ਸੰਪਾਦਕੀ ਬੋਰਡ ਦੇ ਮੈਂਬਰ ਜਸਵੰਤ ਮੋਹਾਲ਼ੀ ਨੇ ਦੱਸਿਆ ਕਿ ਇਸ ਵਿੱਚ ਬਹੁਤ ਹੀ ਗਿਆਨ ਭਰਪੂਰ ਸਮੱਗਰੀ ਤੋਂ ਇਲਾਵਾ ਘਰ ਦੀ ਪੇਟੀ ਵਿੱਚ ਬੰਦ ਪਏ ਕੱਪੜਿਆਂ ਨੂੰ ਅੱਗ ਲੱਗ ਜਾਣੀ, ਅਲਮਾਰੀ ਵਿੱਚ ਪਏ ਕੱਪੜੇ ਕੱਟੇ ਜਾਣੇ, ਕਿਸੇ ਨੂੰ ਅਖੌਤੀ ਭੂਤ-ਪ੍ਰੇਤ ਚਿੰਬੜੇ ਹੋਣ ਜਾਂ ਓਪਰੀ ਕਸ਼ਰ ਆਦਿ ਘਟਨਾਵਾਂ ਦੇ ਵਿਗਿਆਨਿਕ ਕਾਰਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਹੁੰਦੀ ਹੈ.
ਲੋਕਾਂ ਵਿੱਚ ਵਿਗਿਆਨਿਕ ਚੇਤਨਾਂ ਕਿਉਂ ਜਰੂਰੀ ਹੈ ਦੇ ਸਵਾਲ ਦਾ ਜਵਾਬ ਦਿੰਦਿਆਂ ਕੁਲਵਿੰਦਰ ਨਗਾਰੀ ਨੇ ਦੱਸਿਆ ਕਿ ਜਿਸ ਯੁੱਗ ਵਿੱਚ ਅਸੀਂ ਵਿਚਰ ਰਹੇ ਹਾਂ ਇਹ ਵਿਗਿਆਨ ਦਾ ਯੁੱਗ ਹੈ. ਅੱਜ ਕਿਸੇ ਦਾ ਵਿਗਿਆਨ ਬਾਰੇ ਅਨਜਾਣ ਹੋਣਾ ਪਛੜੇਵੇਂ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ. ਅੱਜ ਕੋਈ ਦੇਸ਼ ਸਿਰਫ ਉੱਨੀ ਹੀ ਤਰੱਕੀ ਕਰ ਰਿਹਾ ਹੈ ਜਿੰਨਾ ਜਿਆਦਾ ਉਸ ਦੇਸ਼ ਨੇ ਵਿਗਿਆਨ ਤੇ ਆਧਾਰਤ ਤਕਨੀਕ ਨੂੰ ਵਿਕਸਿਤ ਕਰ ਲਿਆ ਹੈ. ਅੰਧ-ਵਿਸ਼ਵਾਸਾਂ ਦੀ ਦਲ-ਦਲ ਵਿੱਚ ਖੁੱਭਿਆ ਮਨੁੱਖ ਨਾ ਤਾਂ ਆਪਣਾ ਕੁਝ ਸੰਵਾਰ ਸਕਦਾ ਹੈ ਨਾ ਹੀ ਆਪਣੇ ਸਮਾਜ ਦਾ. ਇਸ ਮੌਕੇ ਕਰਮਜੀਤ ਸਕਰੁੱਲਾਂਪੁਰੀ ਅਤੇ ਸੁਰਿੰਦਰ ਸਿੰਬਲ਼ਮਾਜਰਾ ਵੀ ਹਾਜਰ ਸਨ.