ਭਾਰਤ ਸਰਕਾਰ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ: ਗੋਗੀਨੇਨੀ
ਜਾਣਕਾਰੀ ਭਰਪੂਰ ਸੀ “ਸਾਇੰਸ ਤੇ ਸਭਿਆਚਾਰ” ਵਿਸ਼ੇ ਤੇ ਭਾਸ਼ਣ
ਸਰੀ (ਕਨੇਡਾ), 19 ਜੁਲਾਈ (ਗੁਰਮੇਲ ਗਿੱਲ): ਬੀਤੇ ਦਿਨੀਂ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫਕੈਨੇਡਾ ਤੇ ਸਾਊਥ ਏਸ਼ੀਅਨ ਹਿਊਮਨਿਸਟ ਐਸੋਸੀਏਸ਼ਨ ਵਲੋਂ ਸਾਂਝੇ ਤੌਰ ਤੇ ਪ੍ਰੋਗਰੈਸਿਵ ਕਲਚਰਲ ਸੈਂਟਰ ਵਿੱਚ ਉਪਰੋਕਤ ਵਿਸ਼ੇ ਤੇ ਕਰਾਏ ਗਏ ਭਾਸ਼ਣ ਨੂੰ ਪੰਜਾਬੀ ਅਤੇ ਤੇਲਗੂ ਭਾਈਚਾਰੇ ਵਲੋਂ ਭਰਵਾਂ ਹੁੰਘਾਰਾ ਮਿਲਿਆ. ਖਚਾਖਚ
ਭਰੇ ਹਾਲ ਵਿੱਚ ਦੋ ਘੰਟਿਆਂ ਤੋਂ ਵੀ ਜ਼ਿਆਦਾ ਦੇਰ ਤੱਕ ਬਾਬੂ ਗੋਗੀਨੇਨੀ ਨੇ ਸਰੋਤਿਆਂ ਨੂੰ ਕੀਲੀ ਰੱਖਿਆ. ਬਾਬੂ ਗੋਗੀਨੇਨੀ ਜੋ ਕਿ ਇੱਕ ਸੰਸਾਰ ਪ੍ਰਸਿੱਧ ਤਰਕਸ਼ੀਲ, ਮਨੁੱਖਤਾਵਾਦੀ, ਮਨੁੱਖੀ ਅਧਿਕਾਰਾਂ ਦਾ ਰਾਖਾ, ਨਸਲੀ ਤੇ ਜਾਤੀ ਵਿਤਕਰੇ ਦਾ ਵਿਰੋਧੀ ਅਤੇ ਅੰਤਰਰਾਸ਼ਟਰੀ ਹਿਊਮਨਿਸਟ ਤੇ ਐਥੀਕਲ ਯੂਨੀਅਨ ਦਾ ਪਿੱਛਲੇ 17 ਸਾਲਾਂ ਤੋਂ ਈ ਡੀ ਹੈ ਨੇ ਭਾਰਤੀ ਲੋਕਾਂ ਵਿੱਚ ਚੱਲ ਰਹੇ ਅੰਧਵਿਸ਼ਵਾਸ਼ੀ ਵਰਤਾਰੇ ਵਾਰੇ ਨਵੇਂ ਤੱਤ ਸਰੋਤਿਆਂ ਸਾਹਮਣੇ ਰੱਖ ਕੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿਤੀਆਂ. ਉਨ੍ਹਾਂ ਨੇ ਭਾਰਤ ਵਿੱਚ ਤਰਕਸ਼ੀਲਾਂ ਵਲੋਂ ਧਾਰਮਿਕ ਕੱਟੜਪੰਥੀਆਂ ਤੇ ਸਰਕਾਰਾਂ ਦੇ ਅੰਨ੍ਹੇ ਵਿਰੋਧ ਦੇ ਖਤਰਿਆਂ ਨੂੰ ਸਹੇੜ ਕੇ ਤੇ ਆਪਣੀ ਜਾਨ ਨੂੰ ਜ਼ੋਖਮ ਵਿੱਚ ਪਾ ਕੇ ਲੋਕਾਂ ਨੂੰ ਅੰਧਵਿਸ਼ਵਾਸ਼ਾਂ ਵਿਚੋਂ ਕੱਢਣ ਲਈ ਕੀਤੇ ਜਾਂਦੇ ਯਤਨਾਂ ਦੀ ਵਿਸਥਾਰ ਨਾਲ ਜਾਣਕਾਰੀ ਦਿਤੀ. ਇਕ ਉਦਾਰਹਣ ਤੇ ਤੌਰ ਤੇ ਉਨ੍ਹਾਂ ਦੱਸਿਆ ਜਦੋਂ ਸੂਰਜ ਗ੍ਰਹਿਣ ਲੱਗਿਆ ਹੋਇਆ ਸੀ ਤਾਂ ਇਸ ਸਮੇਂ ਵਾਰੇ ਲੋਕਾਂ ਵਿੱਚ ਚੱਲ ਰਹੀਆਂ ਗੈਰਵਿਗਿਆਨਿਕ ਧਾਰਨਾਵਾਂ ਨੂੰ ਖਤਮ ਕਰਨ ਲਈ ਤੇ ਵਿਗਿਆਨਿਕ ਜਾਣਕਾਰੀ ਦੇਣ ਲਈ ਜਦੋਂ ਉਹ ਹੈਦਰਾਬਾਦ ਵਿੱਚ ਬਾਹਰ ਤੰਬੂ ਲੈ ਕੇ ਖਾਣਾ ਬਣਾ ਰਹੇ ਸੀ ਤਾਂ ਪੁਲੀਸ ਨੇ ਆ ਕੇ ਉਨ੍ਹਾਂ ਦੇ ਤੰਬੂ ਪੁੱਟ ਦਿਤੇ ਤੇ ਉਨ੍ਹਾਂ ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰਨ ਦੀ ਧਮਕੀ ਦਿੱਤੀ. ਇੰਨਾ ਹੀ ਨਹੀਂ ਇਕ ਤਰਕਸ਼ੀਲ ਗਰਭਵਤੀ ਔਰਤ ਨੂੰ ਗ੍ਰਹਿਣ ਵਿੱਚ ਘਰੋਂ ਬਾਹਰ ਨਿਕਲ ਕੇ ਆਪਣੇ ਪੇਟ ਵਿੱਚ ਪਲ ਰਹੇ ਬੱਚੇ ਨੂੰ ਮਾਰਨ ਦਾ ਕੇਸ ਦਰਜ ਕਰਨ ਦੀ ਵੀ ਧਮਕੀ ਦਿਤੀ ਕਿਉਂਕਿ ਲੋਕਾਂ ਦੇ ਦਿਮਾਗ ਵਿੱਚ ਇਹ ਅੰਧਵਿਸ਼ਵਾਸ਼ ਘਰ ਕਰਕੇ ਬੈਠਾ ਹੈ ਕਿ ਜੇ ਕੋਈ ਗਰਭਵਤੀ ਔਰਤ ਸੂਰਜ ਗ੍ਰਹਿਣ ਵਿੱਚ ਘਰੋਂ ਬਾਹਰ ਨਿਕਲਦੀ ਹੈ ਤਾਂ ਉਸਦੇ ਪੇਟ ਵਿੱਚ ਪੱਲ ਰਿਹਾ ਬਚਾ ਮਰ ਜਾਵੇਗਾ. ਉਸ ਔਰਤ ਨੂੰ ਜਦੋਂ ਬਚਾ ਪੈਦਾ ਹੋਇਆ ਜੋ ਕਿ ਬਿਲਕੁਲ ਤੰਦਰੁਸਤ ਸੀ ਤਾਂ ਲੋਕਾਂ ਦਾ ਵਹਿਮ ਖਤਮ ਕਰਨ ਲਈ ਤਰਕਸ਼ੀਲਾਂ ਨੇ ਟੀ ਵੀ ਤੇ ਦਿਖਾਇਆ.
ਬਾਬੂ ਨੇ ਭਾਰਤ ਦੀ ਬੀ ਜੇ ਪੀ ਸਰਕਾਰ ਵਲੋਂ ਫੈਲਾਏ ਜਾ ਰਹੇ ਧਾਰਮਿਕ ਜਨੂੰਨੀ ਕੱਟੜਵਾਦ ਤੇ ਵਿਦਿਆ ਦੇ ਕੀਤੇ ਜਾ ਰਹੇ ਭਗਵੇਂਕਰਨ ਦੇ ਖਤਰਨਾਕ ਰੁਝਾਨ ਵਾਰੇ ਚਾਨਣਾ ਪਾਉਂਦਿਆਂ ਦਸਿਆ ਕਿ ਵਿਗਿਆਨਿਕ ਖੋਜਾਂ ਦੇ ਫੰਡਾਂ ਦੀ ਕਟੌਤੀ ਕਰਕੇ ਇਹ ਪੈਸਾ ਜੋਤਿਸ਼ ਤੇ ਹੋਰ ਗ਼ੈਰਵਿਗਿਆਨਿਕ ਪੜ੍ਹਾਈ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਸ਼ੁਰੂ ਕਰਨ ਤੇ ਖਰਚਿਆ ਜਾ ਰਿਹਾ ਹੈ. ਇਸ ਤਰਾਂ ਜਿਥੇ ਸਾਰੀ ਦੁਨੀਆ ਵਿਗਿਆਨ ਦੀ ਤਰੱਕੀ ਵਾਲੇ ਪਾਸੇ ਅਗੇ ਵੱਧ ਰਹੀ ਉਥੇ ਭਾਰਤ ਸਰਕਾਰ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ. ਇਸ ਰੁਝਾਨ ਨੂੰ ਠੱਲ ਪਾਉਣ ਲਈ ਸਾਰੀਆਂ ਅਗ੍ਹਾਂ ਵਧੂ ਤਾਕਤਾਂ ਨੂੰ ਇਕਮੁੱਠ ਹੋ ਕੇ ਹਲਾ ਮਾਰਨਾ ਚਾਹੀਦਾ ਹੈ. ਸਰੋਤਿਆਂ ਨੇ ਇਸ ਪ੍ਰੋਗਰਾਮ ਦੀ ਸਰਾਹਣਾ ਕੀਤੀ ਤੇ ਸੁਝਾਅ ਦਿਤੇ ਕਿ ਇਸ ਤਰਾਂ ਦੇ ਜਾਣਕਾਰੀ ਭਰਪੂਰ ਭਾਸ਼ਣ ਹੁੰਦੇ ਰਹਿਣੇ ਚਾਹੀਦੇ ਹਨ.