ਡਾ. ਦਾਭੋਲਕਰ ਨੂੰ 'ਮੈਗਜ਼ੀਨ ਹਫ਼ਤਾ' ਮਨਾ ਕੇ ਦਿੱਤੀਆਂ ਜਾਣਗੀਆਂ ਸ਼ਰਧਾਂਜਲੀਆਂ
ਖਰੜ, 17 ਜੁਲਾਈ (ਜਰਨੈਲ ਕ੍ਰਾਂਤੀ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਚੰਡੀਗੜ੍ਹ ਦੀਆਂ ਵੱਖ ਵੱਖ ਇਕਾਈਆਂ ਦੀ ਖਰੜ ਵਿਖੇ ਹੋਈ ਮੀਟਿੰਗ ਵਿੱਚ ਸੁਸਾਇਟੀ ਦੇ ਸੱਭਿਆਚਾਰਕ ਵਿਭਾਗ ਦੇ ਸੂਬਾਈ ਮੁਖੀ ਮਾਸਟਰ ਤਰਲੋਚਨ ਸਮਰਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਸੁਸਾਇਟੀ ਦੇ ਭਵਿੱਖ ਸੰਬੰਧੀ ਕੀਤੇ ਜਾਣ ਵਾਲੇ ਕਾਰਜਾਂ ਸੰਬੰਧੀ
ਵਿਊਂਤਬੰਦੀ ਕੀਤੀ ਗਈ. ਇਸ ਦੌਰਾਨ ਸੁਸਾਇਟੀ ਦੀਆਂ ਚੰਡੀਗੜ੍ਹ, ਮੋਹਾਲੀ, ਖਰੜ, ਰੋਪੜ, ਨੰਗਲ ਤੇ ਬਸੀ ਆਦਿ ਇਕਾਈਆਂ ਦੇ ਕਾਮਿਆਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ. ਸੂਬਾਈ ਆਗੂ ਮਾਸਟਰ ਤਰਲੋਚਨ ਸਮਰਾਲਾ ਨੇ ਦੱਸਿਆ ਕਿ ਮਹਾਰਾਸ਼ਟਰ ਦੀ ਤਰਕਸ਼ੀਲ ਜੱਥੇਬੰਦੀ ਅੰਧਸ਼ਰਧਾ ਨਿਰਮੂਲਨ ਸੰਮਤੀ ਦੇ ਪ੍ਰਧਾਨ ਡਾ.ਨਰਿੰਦਰ ਦਾਭੋਲਕਰ ਦਾ 20 ਅਗਸਤ 2013 ਨੂੰ ਧਾਰਮਿਕ ਜਨੂੰਨੀਆਂ ਵੱਲੋਂ ਪੂਨੇ ਵਿਖੇ ਸੈਰ ਕਰਦਿਆਂ ਕਤਲ ਕਰ ਦਿੱਤਾ ਗਿਆ ਸੀ. ਉਹਨਾਂ ਕਿਹਾ ਕਿ ਜਿੱਥੇ ਸੁਸਾਇਟੀ ਵੱਲੋਂ ਡਾ. ਦਾਭੋਲਕਰ ਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਲੋਕਾਂ ਤੱਕ ਪੁੱਜਦਾ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ. ਉਹਨਾਂ ਅੱਗੇ ਕਿਹਾ ਕਿ ਸੁਸਾਇਟੀ ਵੱਲੋਂ ਆਪਣੀਆਂ ਇਕਾਈਆਂ ਨੂੰ ਮਿਤੀ 17 ਤੋਂ 24 ਜੁਲਾਈ ਤੱਕ ਮੈਗਜ਼ੀਨ ਹਫਤਾ ਮਨਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਮੁਤਾਬਕ ਸੁਸਾਇਟੀ ਦੀਆਂ ਇਕਾਈਆਂ ਵਿਗਿਆਨਿਕ ਸੋਚ ਦਾ ਪ੍ਰਚਾਰ ਕਰ ਰਹੇ ਮੈਗਜ਼ੀਨ 'ਤਰਕਸ਼ੀਲ' ਨੂੰ ਘਰ-ਘਰ ਪੁੱਜਦਾ ਕਰਨ ਦਾ ਅਹਿਦ ਕਰਨਗੀਆਂ. ਇਸ ਦੌਰਾਨ ਸੁਸਾਇਟੀ ਦੇ ਸੱਭਿਆਚਾਰਿਕ ਵਿਭਾਗ ਵੱਲੋਂ ਜਾਰੀ ਕੀਤੀ ਗਈ ਢੋਂਗੀ ਬਾਬਿਆਂ ਦਾ ਪਾਜ਼ ਉਧੇੜਦੀ ਫਿਲਮ 'ਸਾੜ੍ਹਸਤੀ' ਨੂੰ ਪ੍ਰੋਜੈਕਟਰ ਸਿਸਟਮ ਰਾਹੀਂ ਲੋਕਾਂ ਨੂੰ ਦਿਖਾਉਣ ਸੰਬੰਧੀ ਵੀ ਚਰਚਾ ਕੀਤੀ ਗਈ.
ਇਸ ਸਮੇਂ ਹਾਜ਼ਰ ਜ਼ੋਨ ਮੁਖੀ ਲੈਕਚਰਾਰ ਗੁਰਮੀਤ ਖਰੜ ਨੇ ਦੱਸਿਆ ਕਿ ਗਿਆਨ-ਵਿਗਿਆਨ ਨੂੰ ਪ੍ਰਚਾਰਦੀ ਤਰਕਸ਼ੀਲ ਵੈਨ ਅਗਸਤ ਮਹੀਨੇ ਵਿੱਚ ਜ਼ੋਨ ਚੰਡੀਗੜ੍ਹ 'ਚ ਆਵੇਗੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵਿਗਿਆਨਿਕ ਸੋਚ ਦਾ ਪ੍ਰਚਾਰ ਕਰੇਗੀ. ਇਸ ਵੈਨ ਰਾਹੀਂ ਜਿੱਥੇ ਲੋਕਾਂਨੂੰ ਵਹਿਮਾਂ ਭਰਮਾਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ ਉਥੇ ਵਿਦਿਆਰਥੀਆਂ ਤੱਕ ਵਿਗਿਆਨਿਕ ਦ੍ਰਿਸ਼ਟੀਕੋਣ ਬਣਾਉਣ ਲਈ ਸਾਹਿਤ ਪਹੁੰਚਾਇਆ ਜਾਵੇਗਾ.