23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਹਥਨ ਵਿਖੇ ਹੋਇਆ ਤਰਕਸ਼ੀਲ ਨਾਟਕ ਮੇਲਾ
ਮਾਲੇਰਕੋਟਲਾ, 24 ਮਾਰਚ (ਗੁਰਦੀਪ ਹਥਨ): ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਤਰਕਸ਼ੀਲ ਨਾਟਕ ਮੇਲਾ ਪਿੰਡ ਹਥਨ ਵਿਖੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਹਥਨ ਵਲੋਂ ਕਰਵਾਇਆ ਗਿਆ. ਨਾਟਕ ਮੇਲੇ ਦਾ ਉਦਘਾਟਨ ਹਥਨ ਪਿੰਡ ਦੇ ਸਰਪੰਚ ਮੇਜਰ ਸਿੰਘ ਦੁਆਰਾ ਕੀਤਾ
ਗਿਆ. ਮੇਲੇ ਦੀ ਸ਼ੁਰੂਆਤ ਇਸ਼ਾਨ ਦੁਆਰਾ ਇੱਕ ਗੀਤ ਨਾਲ ਕੀਤੀ ਗਈ. ਮੁੱਖ ਮਹਿਮਾਨ ਦੇ ਤੌਰ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਡਾ. ਮਜੀਦ ਅਜਾਦ ਨੇ ਸ਼ਿਰਕਤ ਕੀਤੀ. ਇਸ ਮੌਕੇ ਗੁਰਦੀਪ ਸਿੰਘ ਹਥਨ ਦੀ ਨਿਰਦੇਸ਼ਨਾ ਹੇਠ ਤਿਆਰ ਹਥਨ ਦੇ ਨੌਜਵਾਨਾਂ ਦੀ ਟੀਮ ਵਲੋਂ ਤਿਆਰ ਵੱਖ ਵੱਖ ਨਾਟਕ ਖੇਡੇ ਗਏ, ਜਿਸ ਵਿੱਚ ਨਸ਼ਿਆਂ ਦੀ ਸਮੱਸਿਆ ਤੇ ਅਧਾਰਿਤ ਨਾਟਕ ‘ਸੋਚ ਬਦਲੋ’ ਅਤੇ ਭਗਤ ਸਿੰਘ ਦੀ ਸੋਚ ਤੇ ਅਧਾਰਿਤ ਨਾਟਕ ‘ਮੈਂ ਭਗਤ ਸਿੰਘ ਬਣਾਂਗਾ’ ਖੇਡੇ ਗਏ. ਕੋਰਿਉਗਰਾਫੀ ‘ਬੱਚਿਆਂ ਦੀ ਕੁਰਬਾਨੀ’ ‘ਫਾਂਸੀ’ ‘ਭਗਤ ਸਿੰਘ ਸਰਦਾਰ ਸੂਰਮਾਂ’ ਦੁਆਰਾ ਇਤਿਹਾਸ ਦੀ ਵਿਆਖਿਆ ਕੀਤੀ ਗਈ.
ਤਰਕਸ਼ੀਲ ਸੁਸਾਇਟੀ ਦੇ ਆਗੂ ਡਾ. ਮਜੀਦ ਅਜਾਦ ਦੁਆਰਾ ਲੋਕਾਂ ਨੂੰ ਵਹਿਮਾਂ ਭਰਮਾਂ ਖਿਲਾਫ ਮੁਹਿੰਮ ਬਨਾਉਣ ਦਾ ਸੱਦਾ ਦਿੱਤਾ ਗਿਆ. ਉਹਨਾਂ ਕਿਹਾ ਕਿ ਸਮਾਜ ਵਿੱਚ ਕਿਤੇ ਵੀ ਕੋਈ ਚਮਤਕਾਰ ਨਹੀਂ ਵਾਪਪਰਦੇ, ਹਰ ਘਟਨਾਂ ਪਿੱਛੇ ਕੋਈ ਨਾ ਕੋਈ ਵਿਗਿਆਨਕ ਕਾਰਨ ਕੰਮ ਕਰਦਾ ਹੈ. ਮਾਲੇਰਕੋਟਲਾ ਤੋਂ ਆਏ ਉੱਘੇ ਰੰਗ-ਕਰਮੀ ਅਮਜਦ ਵਿਲੋਨ ਨੇ ਨਵੇਕਲੇ ਰੂਪ ਵਿੱਚ ਸਮਾਜ ਵਿੱਚ ਘਟਿਤ ਹੋ ਰਹੀਆਂ ਘਟਨਾਵਾਂ ਪਿੱਛੇ ਕੰਮ ਕਰਦੇ ਵਿਗਿਆਨਕ ਕਾਰਨਾਂ ਦੀ ਵਿਆਖਿਆ ਕੀਤੀ.
ਸ਼ਾਮ 7 ਵਜੇ ਤੋਂ ਦੇਰ ਰਾਤ ਤੱਕ ਚੱਲੇ ਇਸ ਮੇਲੇ ਦੀ ਸਟੇਜ ਦਾ ਸੰਚਾਲਨ ਜੱਸੀ ਦੁਆਰਾ ਕੀਤਾ ਗਿਆ. ਨਾਟਕ ਮੇਲੇ ਨੂੰ ਸਫਲ ਬਨਾਉਣ ਵਿੱਚ ਬੱਬੂ ਸਿੰਘ, ਸੁਖਜੀਤ ਸਿੰਘ, ਲਵਲੀ, ਸੰਦੀਪ ਵੜੈਚ ਆਮ ਆਦਮੀ ਪਾਰਟੀ, ਵੀਰਾ ਪੰਚ, ਨਾਹਰ ਸਿੰਘ ਹਥਨ ਭਾਰਤੀ ਕਿਸਾਨ ਯੁਨੀਅਨ, ਧਰਮਜੀਤ ਸਿੰਘ ਆਦਿ ਨੇ ਵਿਸੇਸ਼ ਰੂਪ ਵਿੱਚ ਭੂਮਿਕਾ ਨਿਭਾਈ.