ਐੱਨ. ਐੱਸ. ਐੱਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਵਹਿਮਾਂ-ਭਰਮਾਂ ਤੋਂ ਜਾਗਰੂਕ  ਕੀਤਾ

ਖਰੜ, 29 ਮਾਰਚ 2016  (ਕੁਲਵਿੰਦਰ ਨਗਾਰੀ): ਨਵੀਂ ਪੀੜ੍ਹੀ ਵਿੱਚ ਨਵੀਂ ਸੋਚ ਦਾ ਪਸਾਰ ਕਰਨ ਵਾਸਤੇ ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਵੱਲੋਂ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੁਆਰਾ ਲਗਾਏ ਜਾ ਰਹੇ ਐੱਨ. ਐੱਸ. ਐੱਸ ਕੈਂਪ ਦੌਰਾਨ ਵਿਦਿਆਰਥੀਆਂ ਦੀ ‘ਸਕੂਲਿੰਗ’ ਵਾਸਤੇ ਪ੍ਰੋਗਰਾਮ ਕੀਤਾ ਗਿਆ. ਇਸ

ਮੌਕੇ  ਕੈਂਪ ਦੇ ਪ੍ਰੋਗਰਾਮ ਅਫਸਰ ਲੈਕ. ਗੁਰਮੀਤ ਖਰੜ ਨੇ ਕੈਂਪ ਵਲੰਟੀਅਰਾਂ ਦੀ ਤਰਕਸ਼ੀਲ ਕਾਮਿਆਂ ਨਾਲ਼ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਸਮਾਜਿਕ ਢਾਂਚੇ ਨੂੰ ਵਿਗਿਆਨਿਕ ਦ੍ਰਿਸਟੀਕੋਣ ਮੁਤਾਬਿਕ ਉਸਾਰਨ ਦੀ ਚਾਹਵਾਨ ਤਰਕਸ਼ੀਲ ਸੁਸਾਇਟੀ ਪੰਜਾਬ ਪਿਛਲੇ ਤੀਹ ਸਾਲਾਂ ਤੋਂ ਆਪਣੇ ਮਿਸ਼ਨ ਵਿੱਚ ਜੁਟੀ ਹੋਈ ਹੈ. ਉਨਾਂ ਨੌਜਵਾਨਾਂ ਨੂੰ  ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮਿਸ਼ਨ ਬਹੁਤ ਵੱਡਾ ਹੈ ਤੇ ਕੋਈ ਵੀ ਵੱਡਾ ਮਿਸ਼ਨ ਨੌਜਵਾਨੀ ਦੀ ਸਮੂਲੀਅਤ ਬਿਨਾਂ ਪ੍ਰਵਾਨ ਨਹੀਂ ਚੜ੍ਹ ਸਕਦਾ.

ਇਸ ਮੌਕੇ ਬਿਕਰਮਜੀਤ ਸੋਨੀ ਨੇ ਕਿਹਾ ਕਿ ਸਦੀਆਂ ਪੁਰਾਣੇ ਵੇਲ਼ਾ-ਵਿਹਾ ਚੁੱਕੇ ਵਹਿਮ-ਭਰਮ ਅੱਜ ਵੀ ਜਾਰੀ ਹਨ. ਉਨਾਂ ਅੰਧ-ਵਿਸ਼ਵਾਸਾਂ ਦੇ ਇਤਿਹਾਸਿਕ ਪਿਛੋਕੜ ਬਾਰੇ ਦੱਸਿਆ ਕਿ ਸਮਾਜ ਵਿੱਚ ਪ੍ਰਚਲਿਤ ਵਹਿਮ-ਭਰਮ ਕਿਸੇ ਨਾ ਕਿਸੇ ਸਮੇਂ ਸਮਾਜ ਦੀ ਜਰੂਰਤ ਵਿੱਚੋਂ ਹੀ ਨਿਕਲ਼ੇ ਹੁੰਦੇ ਹਨ. ਜਿਵੇਂ ਅੱਜ-ਕੱਲ੍ਹ ਚੁਰਸਤਿਆਂ ਵਿੱਚ ਭੋਜਨ ਰੱਖ ਕੇ ਲੋਕੀਂ '‘ਬਾਸੜਿਆਂ ਦਾ ਮੱਥਾ' ਟੇਕਦੇ ਹਨ. ਇਹ ਰੀਤ ਕਿਸੇ ਸਮੇਂ ਇਸ ਗੱਲ ਨੂੰ ਮੁੱਖ ਰੱਖ ਕੇ ਸੁਰੂ ਕੀਤੀ ਗਈ ਸੀ ਕਿ ਮੌਸਮ ਦੇ ਬਦਲਣ ਕਰਕੇ ਉਸ ਖਾਸ ਦਿਨ ਤੋਂ ਬਾਅਦ ਰਾਤ ਦਾ ਬਚਿਆ ਬਾਸਾ ਭੋਜਨ ਨਹੀਂ ਖਾਣਾ ਚਾਹੀਦਾ. ਜੇਕਰ ਭੋਜਨ ਬਚ ਵੀ ਜਾਵੇ ਤਾਂ ਜਾਨਵਰਾਂ ਦੇ ਖਾਣ ਵਾਸਤੇ ਸੁੱਟ ਦੇਣਾ ਚਾਹੀਦਾ ਹੈ. ਪਰ ਵਿਗਿਆਨ ਨੇ ਭੋਜਨ ਪਦਾਰਥ ਸੰਭਾਲਣ ਵਾਸਤੇ ਸਾਨੂੰ ਫਰਿੱਜ ਵਰਗੇ ਉਪਕਰਨ ਮੁਹੱਈਆ ਕਰਵਾ ਦਿੱਤੇ ਹਨ ਤਾਂ ਅੱਜ ਵੀ ਅੰਧ-ਵਿਸ਼ਵਾਸੀ ਜਨਤਾ ਭੋਜਨ ਨੂੰ ਸੜਨ ਵਾਸਤੇ ਗਲ਼ੀਆਂ-ਚੌਰਾਹਿਆਂ ਵਿੱਚ ਸੁੱਟ ਦੇਂਦੀ ਹੈ. ਸੁਰਿੰਦਰ ਸਿੰਬਲ਼ਮਾਜਰਾ ਨੇ ਕਿਹਾ ਕਿ ਅੰਧ-ਵਿਸ਼ਵਾਸਾਂ ਵਿੱਚ ਫਸੇ ਲੋਕ ਬਾਬਿਆਂ ਦੇ ਡੇਰਿਆਂ ਵੱਲ ਭੱਜੇ ਤੁਰੀ ਜਾਂਦੇ ਹਨ. ਇਹ ਵਰਤਾਰਾ ਸਿਰਫ ਅਨਪੜ੍ਹਾਂ ਵਿੱਚ ਹੀ ਨਹੀਂ ਬਲਕਿ ਪੜ੍ਹਿਆ-ਲਿਖਿਆ ਤਬਕਾ ਇਸ ਮਾਮਲੇ ਵਿੱਚ ਅਨਪੜ੍ਹਾਂ ਤੋਂ ਵੀ ਅੱਗੇ ਨਿਕਲ਼ ਚੁੱਕਿਆ ਹੈ. ਲੋਕਾਂ ਦਾ ਨਜ਼ਰੀਆ ਵਿਗਿਆਨ-ਮੁਖੀ ਬਣਾਉਣ ਦੀ ਲੋੜ ਹੈ ਤਾਂਕਿ ਉਹ ਜਿੰਦਗੀ ਦੇ ਸੱਚ ਨੂੰ ਨੰਗੀ ਅੱਖ ਨਾਲ਼ ਦੇਖ ਸਕਣ. ਸੁਜਾਨ ਬਡਾਲ਼ਾ ਨੇ ਜਾਦੂ ਦੀਆਂ ਕਿਸਮਾਂ ਅਤੇ ਤਕਨੀਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਦੂ ਕੋਈ ਚਮਤਕਾਰ ਨਹੀਂ ਹੁੰਦਾ ਬਲਕਿ ਇਸ ਦੇ ਪਿੱਛੇ ਸਾਇੰਸ ਦੇ ਕੁਛ ਨਿਯਮ ਕੰਮ ਕਰਦੇ ਹਨ ਜਿੰਨਾਂ ਨੂੰ ਸਮਝਕੇ ਕੋਈ ਵੀ ਸਧਾਰਨ ਮਨੁੱਖ ਵੀ ਜਾਦੂਗਰ ਬਣ ਸਕਦਾ ਹੈ.

ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਾਸਤੇ ਲੈਕਚਰਾਰ ਸੁਖਵਿੰਦਰਜੀਤ ਸਿੰਘ ਅਤੇ ਨਵਦੀਪ ਚੌਧਰੀ ਨੇ ਵਿਸ਼ੇਸ ਯੋਗਦਾਨ ਪਾਇਆ. ਇਸ ਮੌਕੇ ਸਵਾਲ-ਜਵਾਬਾਂ ਦੌਰਾਨ ਸ਼ੁਰੂ ਹੋਈ ਵਿਚਾਰ-ਚਰਚਾ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਦਿਖਾਇਆ.