ਬਰਨਾਲਾ ਵਿਖੇ ਤਰਕਸ਼ੀਲ ਪੁਸਤਕ ਮੇਲਾ 21 ਤੋਂ 23 ਅਗਸਤ ਨੂੰ

ਸਮਾਜ ਵਿੱਚ ਉਸਾਰੂ ਸਾਹਿਤ, ਸਿਹਤਮੰਦ ਸਭਿਆਚਾਰ ਅਤੇ ਵਿਗਿਆਨਕ ਚੇਤਨਾ ਨੂੰ ਵਿਕਸਤ ਕਰਨ ਦੇ ਮੰਤਵ ਵਜੋਂ ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਨਾਮਵਰ ਤਰਕਸ਼ੀਲ ਬੁੱਧੀਜੀਵੀ ਡਾ.ਨਰਿੰਦਰ ਦਾਭੋਲਕਰ ਦੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲਾ ਤਰਕਸ਼ੀਲ ਭਵਨ ਬਰਨਾਲਾ ਵਿਖੇ 21 ਤੋਂ 23 ਅਗਸਤ ਤੱਕ ਲਗਾਇਆ ਜਾਵੇਗਾ ਜਿਸ ਵਿੱਚ ਪੰਜਾਬ ਦੇ ਨਾਮਵਰ ਪ੍ਰਕਾਸ਼ਕਾਂ ਅਤੇ ਪਬਲਿਸ਼ਰਾਂ ਵੱਲੋਂ ਤਰਕਸ਼ੀਲ, ਇਨਕਲਾਬੀ, ਮਾਨਵਵਾਦੀ ਅਤੇ ਅਗਾਂਹਵਧੂ ਸਾਹਿਤ ਦੇ ਸਟਾਲ ਲਗਾਏ ਜਾਣਗੇ। ਇਸ ਮੇਲੇ ਦੀ ਵਧੇਰੇ ਜਾਣਕਾਰੀ ਤੇ ਮੇਲੇ ਦੀ ਥਾਂ ਬਾਰੇ →ਇਥੋਂ ਸੱਦਾ ਪੱਤਰ ਡਾਉਨਲੋਡ ਕਰੋ।

ਵੱਲੋਂ- ਤਰਕਸ਼ੀਲ ਸੁਸਾਇਟੀ ਪੰਜਾਬ

ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਹੀ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ: ਗੁਰਮੀਤ ਖਰੜ

ਖਰੜ, 23 ਮਾਰਚ (ਕੁਲਵਿੰਦਰ ਨਗਾਰੀ):  ਕੁਛ ਸ਼ਖਸੀਅਤਾਂ ਛੋਟੀ ਉਮਰੇ ਇਤਿਹਾਸ ਦੇ ਪੰਨਿਆ ‘ਤੇ ਆਪਣੇ ਕਾਰਨਾਮਿਆ ਦੇ ਨਿਸ਼ਾਨ ਇੰਨੇ ਗਹਿਰੇ ਦਰਜ ਕਰ ਦਿੰਦੀਆਂ ਹਨ ਕਿ ਆਉਣ ਵਾਲ਼ੀਆਂ ਪੀੜੀਆਂ ਲਈ ਉਹ ਚਾਨਣ-ਮੁਨਾਰੇ ਦਾ ਕੰਮ ਕਰਦੇ ਰਹਿੰਦੇ ਹਨ. ‘ਸ਼ਹੀਦ ਭਗਤ ਸਿੰਘ ਵੀ ਭਰ ਜਵਾਨੀ ਵਿੱਚ ਫਾਂਸੀ ਦਾ ਰੱਸਾ ਚੁੰਮਣ ਵਾਲ਼ੀ

ਅਜਿਹੀ ਹੀ ਹਸਤੀ ਦਾ ਨਾਂ ਹੈ ਜਿਸ ਦੀ ਕੁਰਬਾਨੀ ਸਦੀਆਂ ਤੱਕ ਲੋਕ-ਮਨਾਂ ਨੂੰ ਹਲੂਣਦੀ ਰਹੇਗੀ. ਇਹ ਗੱਲ ਤਰਕਸ਼ੀਲ਼ ਸੁਸਾਇਟੀ ਦੇ ਆਗੂ ਲੈਕ. ਗੁਰਮੀਤ ਖਰੜ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ‘ਤਰਕਸ਼ੀਲ ਪੁਸਤਕ ਪ੍ਰਦਰਸਨੀ’ ਮੌਕੇ ਸ਼ਹੀਦਾਂ ਦੀ ਸੋਚ ਉੱਤੇ ਵਿਚਾਰ-ਚਰਚਾ ਕਰਦਿਆਂ ਕਹੀ. ਇਹ ‘ਪੁਸਤਕ ਪ੍ਰਦਰਸਨੀ’ ਸਿਟੀਜਨ ਵੈਲਫੇਅਰ ਕਲੱਬ ਖਰੜ ਵੱਲੋਂ ਸਿਵਲ ਹਸਪਤਾਲ਼ ਵਿੱਚ ਆਯੋਜਿਤ ਅੱਖਾਂ ਦੇ ਕੈਂਪ ਦੌਰਾਨ ਲਗਾਈ ਗਈ.      

ਇਕਾਈ ਮੁਖੀ ਬਿਕਰਮਜੀਤ ਸੋਨੀ ਨੇ ਕਿਹਾ ਕਿ ਭਗਤ ਸਿੰਘ ਦੀ ਸਖਸ਼ੀਅਤ ਦਾ ਦੁਜੇ ਇਨਕਲਾਬੀਆਂ ਨਾਲੋਂ ਇੱਕ ੳੁਘੜਵਾਂ ਪੱਖ ਇਹ ਸੀ ਕਿ ਉਹ ਕਿਸਮਤਵਾਦੀ ਫਲਸਫੇ ਦੇ ਵਿਰੋਧੀ ਸਨ. ਕੌਮਾਂਤਰੀ ਸਾਹਿਤ ਦੇ ਅਧਿਐਨ ਤੋਂ ਉਨਾਂ ਨੇ ਸਮਝ ਲਿਆ ਸੀ ਕਿ ਗੁਲਾਮੀ ਕਿਸੇ ਦੇਸ ਜਾਂ ਕੌਮ ਦੇ ਲੋਕਾਂ ਦੀ ਕਿਸਮਤ ਵਿੱਚ ਨਹੀਂ ਲਿਖੀ ਹੁੰਦੀ. ਇਸ ਦੇ ਪਿੱਛੇ ਇੱਕ ਖਾਸ ਵਰਗ ਦੇ ਆਰਥਿਕ ਅਤੇ ਰਾਜਨੀਤਿਕ ਹਿੱਤ ਛੁਪੇ ਹੁੰਦੇ ਹਨ. ਜਿੰਨਾਂ ਨੂੰ ਸਮਝੇ ਬਿਨਾਂ ਗੁਲਾਮੀ ਦਾ ਫੰਦਾ ਗਲੋਂ ਨਹੀਂ ਲਾਹਿਆ ਜਾ ਸਕਦਾ. ਭਗਤ ਸਿੰਘ ਲਈ ਆਰਥਿਕ ਖੁਸ਼ਹਾਲੀ ਤੋਂ ਬਿਨਾਂ ਆਜ਼ਾਦੀ ਦਾ ਕੋਈ ਅਰਥ ਨਹੀਂ ਸੀ.

ਇਸ ਮੌਕੇ ਇਕਾਈ ਮੀਡੀਆ ਮੁਖੀ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਕੁਛ ਵਿਰੋਧੀ ਉਸਨੂੰ ਸਿਰਫ ਹਿੰਸਾ ਦੇ ਪ੍ਰਤੀਬਿੰਬ ਵਜੋਂ ਪੇਸ਼ ਕਰਦੇ ਹਨ ਜਦਕਿ ਉਹ ਅਧਿਐਨ ਕਰਤਾ ਅਤੇ ਮਾਨਵੀ-ਜਜ਼ਬੇ ਨਾਲ ਭਰਪੂਰ ਇਨਕਲਾਬੀ ਯੋਧਾ ਅਤੇ ਤਰੱਕੀਪਸੰਦ ਵਿਚਾਰਾਂ ਦਾ ਪਹਿਰੇਦਾਰ ਸੀ. ਉਸ ਦਾ ਮਕਸਦ ਭਾਰਤ ਦੇ ਗਲ਼ ਵਿੱਚੋਂ ਸਿਰਫ ਅੰਗਰੇਜੀ ਹਕੂਮਤ ਦਾ ਜੂਲ਼ਾ ਲਾਹੁਣਾ ਤੱਕ ਸੀਮਿਤ ਨਹੀਂ ਸੀ ਬਲਕਿ ਬੇਇਨਸਾਫੀ ਦੀ ਬੁਨਿਆਦ ‘ਤੇ ਖੜੋਤੀ ਵਿਵਸਥਾ ਨੂੰ ਬਦਲਕੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਤੇ ਇੱਕ ਕੌਮ ਉੱਤੇ ਦੁਜੀ ਕੌਮ ਦਾ ਦਾਬਾ ਸਦਾ ਲਈ ਖਤਮ ਕਰਨਾ ਸੀ. ਜਗਵਿੰਦਰ ਸਿੰਬਲ਼ ਮਾਜਰਾ ਨੇ ਕਿਹਾ ਕਿ ਜੇਕਰ ਅਸੀਂ ਸੁਨਹਿਰੇ ਭਵਿੱਖ ਦੇ ਸੁਪਨੇ ਨੂੰ ਸਾਕਾਰ ਕਰਨਾ ਲੋਚਦੇ ਹਾਂ ਤਾਂ ਸਾਨੂੰ ਭਗਤ ਸਿੰਘ ਦੇ ਜੀਵਨ ਤੇ ਵਿਚਾਰਾਂ ਤੋਂ ਸੇਧ ਲੈਕੇ ਅੱਗੇ ਵਧਣਾ ਪਵੇਗਾ. ਭਗਤ ਸਿੰਘ ਦਾ ਰਾਹ ਬਰਾਬਰੀ ਦਾ, ਖੁਸ਼ਹਾਲੀ ਦਾ, ਆਜ਼ਾਦੀ ਦਾ ਰਾਹ ਹੈ. ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਵਾਸਤੇ ਤਰਕਸ਼ੀਲ ਕਾਮਿਆਂ ਕਰਮਜੀਤ ਸਕਰੁਲਾਂਪੁਰੀ, ਸੁਰਿੰਦਰ ਸਿੰਬਲ਼ਮਾਜਰਾ, ਸੁਜਾਨ ਬਡਾਲਾ ਨੇ ਭਰਪੂਰ ਸਹਿਯੋਗ ਦਿੱਤਾ.

powered by social2s