ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਉਣ ਲਈ ਪ੍ਰੋਗਰਾਮ ਉਲੀਕਿਆ
ਖਰੜ, 13 ਮਾਰਚ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਚੰਡੀਗੜ ਜੋਨ ਦੀਆਂ ਵੱਖ ਵੱਖ ਇਕਾਈਆਂ ਨੇ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪ੍ਰੋਗਰਾਮ ਉਲੀਕਿਆ ਹੈ. ਇਸ ਤਹਿਤ ਅੱਜ ਜੋਨ ਦੀਆਂ ਵੱਖ-ਵੱਖ ਇਕਾਈਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਖਰੜ ਵਿਖੇ ਕੀਤੀ ਗਈ. ਇਸ ਮੀਟਿੰਗ ਵਿੱਚ ਮੁਹਾਲੀ, ਚੰਡੀਗੜ,
ਖਰੜ, ਰੋਪੜ, ਸਰਹੰਦ, ਬਸੀ ਪਠਾਣਾ ਆਦਿ ਇਕਾਈਆਂ ਦੇ ਨੁਮਾਇੰਦੇ ਸ਼ਾਮਲ ਹੋਏ. ਇਸ ਮੌਕੇ ਇਕਾਈਆਂ ਵੱਲੋਂ ਕੀਤੀਆਂ ਵੱਖ ਵੱਖ ਸਰਗਰਮੀਆਂ ਦੀ ਰਿਪੋਰਟਿੰਗ ਕੀਤੀ ਗਈ ਅਤੇ ਭਵਿੱਖੀ ਵਿਉਂਤਬੰਦੀ ਕੀਤੀ ਗਈ. ਸੁਸਾਇਟੀ ਦੇ ਜੋਨ ਚੰਡੀਗੜ ਦੇ ਜਥੇਬੰਦਕ ਮੁਖੀ ਲੈਕਚਰਾਰ ਗੁਰਮੀਤ ਖਰੜ ਨੇ ਦੱਸਿਆ ਕਿ ਸੁਸਾਇਟੀ ਦੀ ਇਕਾਈ ਮੁਹਾਲੀ ਵੱਲੋਂ 26 ਮਾਰਚ ਨੂੰ ਸੈਕਟਰ-66 ਵਿਖੇ ਤਰਕਸ਼ੀਲ ਨਾਟਕ ਮੇਲਾ ਕਰਵਾਇਆ ਜਾਵੇਗਾ ਜਿਸ ਵਿੱਚ ਨਾਟਕ ਖੇਡੇ ਜਾਣਗੇ ਅਤੇ ਲੋਕਾਂ ਨੂੰ ਅੰਧਵਿਸ਼ਵਾਸਾਂ ਤੋਂ ਆਜਾਦ ਕਰਵਾਉਣ ਲਈ ਉਪਰਾਲੇ ਕੀਤੇ ਜਾਣਗੇ. ਉਹਨਾਂ ਕਿਹਾ ਕਿ ਸੁਸਾਇਟੀ ਦੀਆਂ ਬਾਕੀ ਇਕਾਈਆਂ ਆਪੋ ਆਪਣੇ ਪੱਧਰ ਤੇ ਪ੍ਰੋਗਰਾਮ ਉਲੀਕਣਗੀਆਂ ਜਿਹਨਾਂ ਵਿੱਚ ਪਿੰਡਾਂ ਵਿੱਚ ਫਿਲਮਾਂ ਦਿਖਾਉਣ ਅਤੇ ਪਰਚੇ ਵੰਡਣਾ ਸ਼ਾਮਲ ਹਨ. ਮੀਟਿੰਗ ਮੌਕੇ ਸੁਸਾਇਟੀ ਦੇ ਮੁੱਖ ਦਫਤਰ ਬਰਨਾਲਾ ਵਿਖੇ ਬਣਾਏ ਜਾ ਰਹੇ ਭਵਨ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ. ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਦੱਸਿਆ ਕਿ ਇਹ ਭਵਨ ਲੋਕਾਂ ਵੱਲੋਂ, ਲੋਕਾਂ ਦੀ ਸਹਾਇਤਾ ਨਾਲ ਹੀ ਬਣਾਇਆ ਜਾ ਰਿਹਾ ਹੈ ਜਿਸ ਦਾ ਕਰੀਬ 50 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ. ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਅੰਧਵਿਸ਼ਵਾਸ ਰੋਕੂ ਕਾਨੂੰਨ ਦਾ ਖਰੜਾ ਵਿਧਾਇਕਾਂ ਨੂੰ ਸੌਂਪਿਆ ਜਾ ਚੁੱਕਾ ਹੈ ਅਤੇ ਉਹਨਾਂ ਕੋਲੋਂ ਮੰਗ ਕੀਤੀ ਗਈ ਹੈ ਕਿ ਇਸ ਦੇ ਕਾਨੂੰਨ ਬਣਨ ਸੰਬੰਧੀ ਬਣਦੀਆਂ ਕਾਰਵਾਈਆਂ ਨੂੰ ਸਾਰਥਿਕ ਢੰਗ ਨਾਲ ਅੱਗੇ ਵਧਾਇਆ ਜਾਵੇ. ਉਹਨਾਂ ਕਿਹਾ ਕਿ ਸਾਰੇ ਵਿਧਾਇਕਾਂ ਨੇ ਸੁਸਾਇਟੀ ਨੂੰ ਹਾਂ ਪੱਖੀ ਹੁੰਗਾਰਾ ਦਿੱਤਾ ਹੈ.