ਤਰਕਸ਼ੀਲ ਇਕਾਈ ਖਰੜ ਨੇ ਵਿਧਾਇਕ ਨੂੰ ਸੌਂਪਿਆ ‘ਅੰਧ-ਵਿਸ਼ਵਾਸ ਰੋਕੂ ਕਾਨੂੰਨ’ ਦਾ ਖਰੜਾ

ਖਰੜ, 28 ਫਰਵਰੀ (ਕੁਲਵਿੰਦਰ ਨਗਾਰੀ): ‘ਅੱਜ ‘ਵਿਗਿਆਨ-ਦਿਵਸ’ ਮੌਕੇ ਅੰਧ-ਵਿਸ਼ਵਾਸਾਂ ਵਿਰੁੱਧ ਕਾਨੂੰਨ ਬਣਵਾਉਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਿਆਰ ਕੀਤਾ ‘ਅੰਧ-ਵਿਸ਼ਵਾਸ ਰੋਕੂ ਕਾਨੂੰਨ’ ਦਾ ਖਰੜਾ, ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕਰਨ ਵਾਸਤੇ ਇਕਾਈਆਂ ਰਾਹੀਂ ਸਾਰੇ ਪੰਜਾਬ ਦੇ ਵਿਧਾਇਕਾਂ ਨੂੰ ਦੇਣ ਦੇ ਪ੍ਰੋਗਰਾਮ ਦੇ ਹਿੱਸੇ

ਵਜੋਂ ਇਕਾਈ ਖਰੜ ਵੱਲੋਂ ਚਮਕੌਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਚਰਨਜੀਤ ਚੰਨੀ ਨੂੰ ਕਾਨੂੰਨ ਦਾ ਖਰੜਾ ਅਤੇ ਮੰਗ-ਪੱਤਰ ਸੌਪਦਿਆਂ ਤਰਕਸ਼ੀਲ ਆਗੂਆਂ ਨੇ ਕਿਹਾ ਕਿ ਅੰਧਵਿਸ਼ਵਾਸਾਂ ਵਿਰੁੱਧ ਲੜਾਈ ਲੜਨ ਵਾਲੇ ਕਾਮਿਆਂ ਦਾ ਰਸਤਾ ਰੋਕਣ ਵਾਲੀ ਕਾਨੂੰਨ ਦੀ ਧਾਰਾ 295 ਤਾਂ ਹੈ ਪਰ ਅੰਧ ਵਿਸ਼ਵਾਸਾਂ ਵਿਰੱਧ ਲੜਾਈ ਵਿੱਚ ਕਾਨੂੰਨੀ ਮੱਦਦ ਕਰਨ ਵਾਲ਼ੀ ਕੋਈ ਵੀ ਧਾਰਾ ਮੌਜੂਦ ਨਹੀਂ.

ਇਸ ਮੌਕੇ ਜੋਨ ਮੁਖੀ ਲੈਕ. ਗੁਰਮੀਤ ਖਰੜ ਨੇ ਕਿਹਾ ਤਰਕਸ਼ੀਲ ਸੁਸਾਇਟੀ ਇੱਕ ਅਮਨ ਪਸੰਦ ਅਤੇ ਹਰ ਪੱਖ ਤੋਂ ਜਿੰਮੇਵਾਰ ਜਥੇਬੰਦੀ ਹੈ ਜੋ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਕੰਮ ਕਰਨ ਨੂੰ ਤਰਜੀਹ ਦੇਂਦੀ ਹੈ. ਇਸ ਕਰਕੇ ਇਹ ਕਾਨੂੰਨ ਤਰਕਸ਼ੀਲਾਂ ਦੀ ਬਿਲਕੁਲ ਵਾਜਿਬ ਅਤੇ ਹੱਕੀ ਮੰਗ ਹੈ. ਇਸ ਮੌਕੇ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਅੱਜ ਅੰਧ-ਵਿਸ਼ਵਾਸ ਫੈਲਣ ਜਾਂ ਫੈਲਾਉਣ ਦੇ ਪਿੱਛੇ ਕੋਰੀ ਅਗਿਆਨਤਾ ਨਹੀਂ ਬਲਕਿ ਇਸ ਸੋਚ ਦੇ ਪਿੱਛੇ ਬਹੁਤ ਵੱਡੇ ਵਪਾਰਕ ਮਾਫੀਆ ਦਾ ਦਿਮਾਗ ਕੰਮ ਕਰ ਰਿਹਾ ਹੈ. ਜਿਹੜਾ ਲੋਕਾਂ ਦੀਆਂ ਬਿਮਾਰੀਆਂ, ਦੁੱਖ-ਤਖਲੀਫਾਂ ਅਤੇ ਹੋਰ ਸਮੱਸਿਅਵਾਂ ਦੇ ਹੱਲ ਦੇ ਨਾਂ ਉੱਤੇ ਮੋਟੀ ਕਮਾਈ ਕਰਨ ਨੂੰ ਤਰਜੀਹ ਦੇਂਦਾ ਹੈ.

ਇਸ ਮੌਕੇ ਸ੍ਰੀ ਚੰਨੀ ਨੇ ਇਸ ਖਰੜੇ ਨੂੰ ਪੰਜਾਬ ਵਿਧਾਨ ਸਭਾ ਰਾਹੀਂ ਕਾਨੂੰਨੀ ਰੂਪ ਲਈ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ. ਇਸ ਮੌਕੇ ਇਕਾਈ ਮੁਖੀ ਬਿਕਰਮਜੀਤ ਸੋਨੀ, ਭੁਪਿੰਦਰ ਮਦਨਹੇੜੀ, ਕਰਮਜੀਤ ਸਕਰੁੱਲਾਂਪੁਰੀ, ਸੁਜਾਨ ਬਡਾਲ਼ਾ, ਸੁਰਿੰਦਰ ਸਿੰਬਲ਼ਮਾਜਰਾ, ਜਸਪਾਲ ਬਡਾਲ਼ਾ, ਗੁਰਮੀਤ ਸਹੌੜਾਂ ਵੀ ਹਾਜਰ ਸਨ.