ਤਰਕਸ਼ੀਲਾਂ ਵੱਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਵਿਚਾਰ ਦੀ ਸਰਾਹਨਾ

ਮ੍ਰਿਤਕ ਸਰੀਰ ਖੋਜ ਕਾਰਜਾਂ ਲਈ ਭੇਂਟ ਕਰਕੇ ਪ੍ਰਦੂਸ਼ਣ ਤੋਂ ਹੋ ਸਕਦੈ ਬਚਾਓ

ਐਸਏ ਐਸ ਨਗਰ, 4 ਫਰਵਰੀ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ  ਪੰਜਾਬ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਉਸ ਵਿਚਾਰ ਦੀ ਭਰਪੂਰ ਸਰਾਹਨਾ ਕੀਤੀ ਹੈ ਜਿਸ ਵਿਚ ਟ੍ਰਿਬਿਊਨਲ ਨੇ ਵਾਤਾਵਰਣ ਮੰਤਰਾਲਾ ਅਤੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਦਾਹ ਸਸਕਾਰ ਲਈ ਲੱਕੜ ਦੀ ਥਾਂ ਕੋਈ ਹੋਰ ਬਦਲਵਾਂ ਪ੍ਰਬੰਧ ਖੋਜਿਆ ਜਾਵੇ. ਇਸ

ਸੁਸਾਇਟੀ ਦੇ ਚੰਡੀਗੜ ਜੋਨ ਦੇ ਮੀਡੀਆ ਵਿਭਾਗ ਮੁਖੀ ਜਰਨੈਲ ਕ੍ਰਾਂਤੀ ਨੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵਿੱਚ ਇਕਾਈ ਮੁਹਾਲੀ ਦੀ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕ ਸਰੀਰ ਖੋਜ ਕਾਰਜਾਂ ਲਈ ਭੇਂਟ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਅਤੇ ਇਸ ਨਾਲ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕਦਾ ਹੈ. ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਲੋੜ ਹੈ. ਉਹਨਾਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਨੇ ਇਸ ਦਾ ਬਦਲਵਾਂ ਹੱਲ ਸਾਲ-2003 ਵਿੱਚ ਦਿੱਤਾ ਸੀ ਜਦੋਂ ਤਰਕਸ਼ੀਲ ਆਗੂ ਕ੍ਰਿਸ਼ਨ ਬਰਗਾੜੀ ਦੀ ਮ੍ਰਿਤਕ ਦੇਹ ਖੋਜ ਕਾਰਜਾਂ ਲਈ ਸੀਐਮ ਸੀ ਲੁਧਿਆਣਾ ਨੂੰ ਦਿੱਤੀ ਗਈ ਸੀਅਤੇ ਪੰਜਾਬ ਵਿੱਚ ਇਸ ਲਹਿਰ ਸਦਕਾ ਸੈਕੜੇ ਹੀ ਮ੍ਰਿਰਤਕ ਸਰੀਰ ਹੁਣ ਤੱਕ ਦਿੱਤੇ ਜਾ ਚੁੱਕੇ ਹਨ.

ਦੱਸਣਯੋਗ ਹੈ ਕਿ ਇੱਕ ਗੈਰ-ਸਰਕਾਰੀ ਸੰਸਥਾ ਪੰਖ ਨੇ ਨੈਸ਼ਨਲ ਗਰੀਨਟ੍ਰਿਬਿਊਨਲ ਕੋਲ ਅਪੀਲ ਕੀਤੀ ਸੀ ਕਿ ਲੱਕੜਾਂ ਨਾਲ ਦਾਹ ਸਸਕਾਰ ਕਰਨ ਦੇ ਪ੍ਰੰਪਰਿਕ ਤਰੀਕੇ ਨਾਲ ਵਾਤਾਵਰਣ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ. ਅਰਜੀ ਤੇ ਸੁਣਵਾਈ ਕਰਦੇ ਹੋਏ ਐਨ ਜੀ ਟੀ ਨੇ ਕਿਹਾ ਕਿ ਪਰੰਪਰਿਕ ਤਰੀਕੇ ਨਾਲ ਲੋਥਾਂ ਦੇ ਸਸਕਾਰ ਕਰਨਾ ਮੌਜੂਦਾ ਪ੍ਰਸਥਿਤੀਆਂ ਵਿੱਚ ਅਨੁਕੂਲ ਨਹੀਂ ਹੈ. ਸਸਕਾਰ ਤੋਂ ਬਾਅਦ ਬਚੀ ਹੋਈ ਸੁਆਹ ਨੂੰ ਪਾਣੀ ਵਿੱਚ ਹੜਾਉਣਾ ਵਾਤਾਵਰਣ ਦੇ ਲਿਹਾਜ ਨਾਲ ਠੀਕ ਨਹੀਂ ਹੈ. ਇਸ ਤੇ ਟਿੱਪਣੀ ਕਰਦਿਆਂ ਤਰਕਸ਼ੀਲ ਆਗੂ ਨੇ ਕਿਹਾ ਕਿ ਮਰਨਤੋਂ ਬਾਅਦ ਦੇਹ ਨੂੰ ਖੋਜ ਕਾਰਜਾਂ ਲਈ ਭੇਂਟ ਕਰਨਾ ਸਮਾਜਿਕ ਹਿੱਤ ਵਿੱਚ ਹੈ. ਇਸ ਨਾਲ ਕੋਈ ਪ੍ਰਦੂਸ਼ਣ ਨਹੀਂ ਹੁੰਦਾ ਸਗੋਂ ਡਾਕਟਰੀ ਦੀ ਪੜਾਈ ਕਰ ਰਹੇ ਵਿਦਿਆਰਥੀ ਮ੍ਰਿਤਕ ਦੇਹ ਤੇ ਖੋਜਾਂ ਕਰ ਕੇ ਸਿੱਖਦੇ ਹਨ.
ਮਰਨ ਤੋਂ ਬਾਅਦ ਆਪਣਾ ਸਰੀਰ ਖੋਜ ਕਾਰਜਾਂ ਲਈ ਭੇਂਟ ਕਰਨ ਦੀ ਵਸੀਅਤ ਕਰ ਚੁੱਕੇ ਸ਼੍ਰੀ ਕ੍ਰਾਂਤੀ ਨੇ ਕਿਹਾ ਕਿ ਇੱਕ ਮ੍ਰਿਤਕ ਸਰੀਰ ਦਾ ਸਸਕਾਰ ਕਰਨ ਤੇ ਕਰੀਬ ਚਾਰ ਤੋਂ ਪੰਜ ਕੁਇੰਟਲ ਲੱਕੜ ਜਾਲ ਦਿੱਤੀ ਜਾਂਦੀ ਹੈ ਜਿਸ ਨਾਲ ਵਾਤਾਵਰਣ ਨੂੰ ਨੁਕਸਾਨ ਪੁੱਜਦਾ ਹੈ. ਇਸ ਤੋਂ ਬਾਅਦ ਬਚੀ ਸੁਆਹ ਨੂੰ ਪਾਣੀ ਵਿੱਚ ਵਿਸਰਜਨ ਕਰਨ ਨਾਲ ਵੀ ਪਾਣੀ ਪ੍ਰਦੂਸ਼ਿਤ ਹੁੰਦਾ ਹੈ. ਸ਼੍ਰੀ ਕ੍ਰਾਂਤੀ ਨੇ ਕਿਹਾ ਕਿ ਇਸ ਤੋਂ ਇਲਾਵਾ ਦਾਹ ਸਸਕਾਰ ਲਈ ਆਧੁਨਿਕ ਤਰੀਕੇ ਅਪਣਾਉਣ ਦੀ ਵੀ ਲੋੜ ਹੈ. ਉਹਨਾਂ ਦਾਹ ਸਸਕਾਰ ਲਈ ਬਿਜਲਈ ਭੱਠੀ ਦੀ ਲੋੜ ਨੂੰ ਵੀ ਮਹੱਤਵਪੂਰਨ ਕਿਹਾ. ਉਹਨਾਂ ਪੰਜਾਬ ਸਰਕਾਰ ਨੂੰ ਜੋਰ ਦੇ ਕੇ ਕਿਹਾ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਸਸਕਾਰ ਲਈ ਬਦਲਵਾਂ ਹੱਲ ਕੱਢਿਆ ਜਾਵੇ. ਮੀਟਿੰਗ ਵਿੱਚ ਜੋਨ ਮੁਖੀ ਲੈਕਚਰਾਰ ਗੁਰਮੀਤ ਖਰੜ, ਲੈਕਚਰਾਰ ਸੁਰਜੀਤ ਸਿੰਘ, ਗੋਰਾ ਹੁਸ਼ਿਆਰਪੁਰੀ ਆਦਿ ਵੀ ਹਾਜਰ ਸਨ.