ਤਰਕਸ਼ੀਲ ਨਾਟ-ਮੇਲੇ ਨੇ ਬਿਖੇਰਿਆ ਪੁਸਤਕ ਸਭਿਆਚਾਰ ਦਾ ਰੰਗ
ਤਿੰਨ ਦਿਨ ਪੁਸਤਕਾਂ ਖਰੀਦਣ ਲਈ ਉਮੜਦੇ ਰਹੇ ਮੇਲੀ
ਸ਼੍ਰੀ ਮੁਕਤਸਰ ਸਾਹਿਬ, 21 ਜਨਵਰੀ (ਬੂਟਾ ਸਿੰਘ ਵਾਕਿਫ਼): ਮਾਘੀ ਮੇਲੇ ਚ ਵਿਗਿਆਨਕ ਚੇਤਨਾ ਦੇ ਪਾਸਾਰ ਤੇ ਸਾਹਿਤ-ਕਲਾ ਨਾਲ ਸਮਾਜ ਨੂੰ ਸੁਖਾਵੇਂ ਰੁਖ਼ ਤੋਰਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਇਆ ਜਾਂਦਾ ਤਿੰਨ ਰੋਜ਼ਾ ਲੋਕ ਨਾਟ ਉਤਸਵ ਇਸ ਵਾਰ ਵੀ ਪੁਸਤਕ ਸਭਿਆਚਾਰ ਦਾ ਰੰਗ ਬਿਖੇਰ ਗਿਆ. ਮੇਲੇ ਚ ਤਿੰਨ ਦਿਨ
ਆਉਂਦੇ ਮੇਲੀ ਪੁਸਤਕਾਂ ਖਰੀਦਣ ਲਈ ਉਮੜਦੇ ਰਹੇ. ਭਾਵੇਂ ਲੇਖਕਾਂ ਤੇ ਪ੍ਰਕਾਸ਼ਕਾਂ ਵੱਲੋਂ ਇਹ ਗਿਲਾ ਅਕਸਰ ਹੀ ਕੀਤਾ ਜਾਂਦਾ ਹੈ ਕਿ ਪੰਜਾਬੀ ਚ ਪਾਠਕਾਂ ਦੀ ਘਾਟ ਹੈ, ਪਰ ਤਰਕਸ਼ੀਲਾਂ ਵੱਲੋਂ ਸੁਹਿਰਦਤਾ ਨਾਲ ਜੁਟਾਏ ਜਾ ਰਹੇ ਯਤਨਾਂ ਦੇ ਚਲਦਿਆਂ ਪੇਂਡੂ ਪਾਠਕ ਵੀ ਪੁਸਤਕਾਂ ਨਾਲ ਸੰਵਾਦ ਰਚਾਉਣ ਲੱਗੇ ਹਨ. ਪ੍ਰੇਰਨਾ ਤੇ ਪਹਿਲ ਨਾਲ ਨੌਜਵਾਨ ਪੁਸਤਕਾਂ ਵੱਲ ਵਧਣ ਲੱਗੇ ਹਨ. ਨਾਟ-ਮੇਲੇ ਚ ਇਹ ਸੁਖਦ ਵਰਤਾਰਾ ਵੇਖਣ ਨੂੰ ਮਿਲਿਆ ਜਦ ਮੰਚ ਤੋਂ ਪੇਸ਼ਕਾਰੀ ਦੇ ਚਲਦਿਆਂ ਵੀ ਪਾਠਕ ਪੁਸਤਕਾਂ ਦੀ ਸਟਾਲ ਤੇ ਜੁਟੇ ਰਹੇ. ਮੇਲੇ ਦੇ ਪ੍ਰਬੰਧਕ ਤੇ ਸਾਹਿਤ-ਸਭਿਆਚਾਰ ਦੇ ਕਾਮੇ ਰਾਮ ਸਵਰਨ ਲੱਖੇਵਾਲੀ ਨੇ ਦੱਸਿਆ ਕਿ ਆਮ ਲੋਕਾਂ ਨੇ ਜਿਥੇ ਤਰਕਸ਼ੀਲ ਸਾਹਿਤ ਖਰੀਦਣ ਚ ਭਰਵੀਂ ਰੁਚੀ ਵਿਖਾਈ, ਉਥੇ ਸਾਹਿਤ ਦੇ ਪਾਠਕਾਂ ਨੇ ਕਵਿਤਾ, ਨਾਵਲ ਤੇ ਵਾਰਤਕ ਨੂੰ ਖਰੀਦਣ ਚ ਪਹਿਲ ਕੀਤੀ. ਉਹਨਾਂ ਦੱਸਿਆ ਕਿ ਯੁੱਗ ਕਵੀ ਪਾਸ਼ ਦੀ ਸਮੁੱਚੀ ਕਵਿਤਾ, ਤਰਕਸ਼ੀਲ ਲਹਿਰ ਦੀ ਪਲੇਠੀ ਪੁਸਤਕ ਤੇ ਦੇਵ ਪੁਰਸ਼ ਹਰ ਗਏ, ਬਲਦੇਵ ਸਿੰਘ ਸੜਕਨਾਮਾ ਦਾ ਨਵਾਂ ਨਾਵਲ ਗੰਧਲੇ ਪਾਣੀ ,ਮਨ ਮਾਹੌਲ ਤੇ ਮਨੋਰੋਗ, ਪਹਿਲਾ ਅਧਿਆਪਕ, ਸ਼ਹੀਦ ਭਗਤ ਸਿੰਘ ਦੀ ਜੇਲ੍ਹ ਡਾਇਰੀ, ਸ਼ਿਵ ਬਟਾਲਵੀ ਦੀ ਲੂਣਾ, ਮੇਰਾ ਦਾਗਿਸਤਾਨ, ਤੁਹਾਡੀ ਰਾਸ਼ੀ ਕੀ ਕਹਿੰਦੀ ਹੈ ਤੇ ਜੋਤਿਸ਼ ਦਾ ਪੋਸਟਮਾਰਟਮ ਆਦਿ ਪੁਸਤਕਾਂ ਪਾਠਕਾਂ ਦੀ ਪਹਿਲੀ ਪਸੰਦ ਬਣੀਆਂ.ਉਹਨਾਂ ਲੋਕਾਂ ਵੱਲੋਂ ਪੁਸਤਕਾਂ ਖਰੀਦਣ ਲਈ ਦਿੱਤੇ ਸਹਿਯੋਗ ’ਤੇ ਤੱਸਲੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਸੁਖਦ ਵਰਤਾਰੇ ਪਿੱਛੇ ਸਾਹਿਤ ਤੇ ਕਿਰਤ ਦੀ ਸਾਂਝ ਅਤੇ ਨਰੋਈਆਂ ਕਦਰਾਂ-ਕੀਮਤਾਂ ਦਾ ਰਾਜ਼ ਛੁਪਿਆ ਹੋਇਆ ਹੈ.ਨਾਟ ਉਤਸਵ ਚ ਪਾਠਕਾਂ ਦੀ ਪੁਸਤਕਾਂ ਨਾਲ ਸਾਂਝ ਵਧਾਉਣ ਚ ਮਾਸਟਰ ਕੁਲਜੀਤ, ਪ੍ਰੋ. ਅਵਤਾਰਦੀਪ, ਪ੍ਰਵੀਨ ਜੰਡਵਾਲਾ, ਮਨਦੀਪ ਸੈਦੋਕੇ, ਬੂਟਾ ਸਿੰਘ ਵਾਕਿਫ਼, ਸ਼ਿਵਰਾਜ ਖੁੰਡੇ ਹਲਾਲ, ਲਖਵਿੰਦਰ ਸ਼ਰੀਹਵਾਲਾ, ਜਸਵੰਤ ਤੇ ਪਰਮਿੰਦਰ ਖੋਖਰ ਨੇ ਅਹਿਮ ਭੂਮਿਕਾ ਨਿਭਾਈ. ਇਸ ਸਾਰਥਿਕ ਉੱਦਮ ਦੇ ਨਤੀਜੇ ਵਜੋਂ ਮੇਲੀਆਂ ਨੇ ਪੁਸਤਕ ਸਟਾਲ ਤੋਂ ਹਜ਼ਾਰਾਂ ਰੁਪਏ ਦਾ ਸਾਹਿਤ ਖਰੀਦਿਆ. ਪੁਸਤਕ ਸਭਿਆਚਾਰ ਦੇ ਵਧਦੇ ਕਦਮਾਂ ਤੇ ਸੰਤੁਸ਼ਟੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਸਿੱਧ ਪੰਜਾਬੀ ਕਵੀ ਪ੍ਰੋ. ਲੋਕ ਨਾਥ ਤੇ ਡਾ. ਰਾਜਬਿੰਦਰ ਸਿੰਘ ਸੂਰੇਵਾਲੀਆ ਨੇ ਆਖਿਆ ਕਿ ਇਹ ਸੁਖਾਵੇਂ ਯਤਨ ਚੰਗੇਰੇ ਸਮਾਜ ਲਈ ਸਹਾਈ ਹੋਣਗੇ.