ਤਰਕਸ਼ੀਲ ਨਾਟ ਮੇਲਾ ਬਣਿਆ ਮਾਘੀ ਮੇਲੇ ਦਾ ਅਹਿਮ ਹਿੱਸਾ

*ਤਰਕਸ਼ੀਲ ਸਾਹਿਤ ਖਰੀਦਣ ਲਈ ਉਮੜੇ ਮੇਲੀ*

 ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਬੂਟਾ ਸਿੰਘ ਵਾਕਫ਼): ਮਾਘੀ ਮੇਲੇ ਤੇ ਲੋਕਾਂ ਨੂੰ ਅਗਿਆਨਤਾ ਤੇ ਅੰਧਵਿਸ਼ਵਾਸ਼ਾਂ ਦੇ ਚੁੰਗਲ ਚੋ ਬਾਹਰ ਕੱਢਣ ਲਈ ਤੇ ਪੁਸਤਕ ਸੱਭਿਆਚਾਰ ਰਾਹੀਂ ਜਿੰਦਗੀ ਤੇ ਸਮਾਜ ਨੂੰ ਸੁਖਾਵੇਂ ਰੁਖ ਤੋਰਨ ਲਈ ਤਿੰਨ ਰੋਜ਼ਾ ਤਰਕਸ਼ੀਲ ਨਾਟ ਮੇਲਾ ਨਾਟਕਾਂ, ਗੀਤਾਂ ਤੇ ਕੋਰੀਓਗਰਾਫੀਆਂ ਰਾਹੀਂ ਭਰਮ ਮੁਕਤ ਤੇ

ਬਰਾਬਰੀ ਦੇ ਸਮਾਜ ਦਾ ਸੱਦਾ ਦਿੰਦਾ ਹੋਇਆ ਮਾਘੀ ਮੇਲੇ ਦਾ ਅਹਿਮ ਹਿੱਸਾ ਹੋ ਨਿਬੜਿਆ. ਸ਼ਹੀਦ ਭਗਤ ਸਿੰਘ ਤੇ ਉੱਘੇ ਲੋਕ ਨਾਟਕਕਾਰ ਗੁਰਸ਼ਰਨ ਭਾਅ ਜੀ ਦੇ ਸੁਪਨਿਆਂ ਤੇ ਆਦਰਸ਼ਾਂ ਨੂੰ ਸਮਰਪਿਤ ਲੋਕ ਨਾਟ ਉਤਸਵ ਦੇ ਪਹਿਲੇ ਦਿਨ ਤਰਕਸ਼ੀਲਾਂ ਦੇ ਮੰਚ ਤੋਂ ਚੰਡੀਗੜ੍ਹ ਸਕੂਲ ਆਫ ਡਰਾਮਾ ਦੇ ਕਲਾਕਾਰਾਂ ਨੇ ‘ਨਵਾਂ ਜਨਮ’, ‘ਕਿਰਤੀ’,‘ਭੰਡ ਮਟਕਾ ਚੌਂਕ’ ਤੇ ‘ਪੰਡਤ ਬਲਾਕੀ ਰਾਮ’ ਨਾਟਕਾਂ ਦਾ ਸਫਲ ਮੰਚਨ ਕਰਕੇ ਮੇਲੀਆਂ ਨੂੰ ਸੋਚਣ ਸਮਝਣ, ਅਗਿਆਨਤਾ ਦੇ ਭਰਮ ਜਾਲ ਚੋਂ ਨਿਕਲਣ ਤੇ ਨਵੇਂ ਵਿਚਾਰਾਂ ਵਾਲਾ ਸਮਾਜ ਸਿਰਜਣ ਦਾ ਸੱਦਾ ਦਿੱਤਾ. ਮੇਲੇ 'ਚ ਦਰਸ਼ਕਾਂ ਦੀ ਜੁਟੀ ਭੀੜ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਮੀਡੀਆ ਮੁਖੀ ਰਾਮ ਸਵਰਨ ਲੱਖੇਵਾਲੀ ਨੇ ਆਖਿਆ ਕਿ ਸਮਾਜ ਤੇ ਜਿੰਦਗੀ ਦੇ ਭਲੇ ਲਈ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣਾ ਸਮੇਂ ਦੀ ਲੋੜ ਹੈ. ਉਨ੍ਹਾਂ ਇਸ ਦ੍ਰਿਸ਼ਟੀਕੋਣ ਦੇ ਪਾਸਾਰ ਲਈ ਤਰਕਸ਼ੀਲਾਂ ਵੱਲੋਂ ਨਾਟ ਮੇਲਿਆਂ, ਸੈਮੀਨਾਰਾਂ ਤੇ ਕਾਫਲਿਆਂ ਰਾਹੀਂ ਲੋਕਾਂ ਦੀ ਸੋਚ ਨੂੰ ਬਦਲਣ ਲਈ ਯਤਨਾਂ ਦਾ ਜ਼ਿਕਰ ਕੀਤਾ. ਸੁਸਾਇਟੀ ਦੇ ਜੋਨ ਪ੍ਰਧਾਨ ਮਾਸਟਰ ਕੁਲਜੀਤ ਨੇ ਮੇਲੀਆਂ ਨੂੰ ਪੁਸਤਕਾਂ ਦੀ ਚੇਤਨਾ ਨਾਲ ਗਿਆਨਵਾਨ ਬਨਣ ਦਾ ਸੱਦਾ ਦਿੰਦਿਆਂ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਲਈ ਪੁਸਤਕਾਂ ਸੰਗ ਦੋਸਤੀ ਪਾਉਣ ਲਈ ਪ੍ਰੇਰਿਆ. ਮੇਲੇ ਦੇ ਦੂਸਰੇ ਦਿਨ ਵੀ ਨਾਟਕਾਂ, ਗੀਤ ਸੰਗੀਤ, ਕੋਰੀਓਗਰਾਫੀਆਂ ਤੇ ਜਾਦੂ ਸ਼ੋਅ ਦੇ ਪ੍ਰਵਾਹ ਦਾ ਰੰਗ ਲਗਾਤਾਰ ਬਿਖਰਦਾ ਰਿਹਾ. ਅਦਾਕਾਰ ਮੰਚ ਮੁਹਾਲੀ ਵੱਲੋਂ ਡਾ. ਸਾਹਿਬ ਸਿੰਘ ਦੀ ਨਿਰਦੇਸ਼ਨਾਂ ਹੇਠ ਖੇਡੇ ਗਏ ਨਾਟਕਾਂ ‘ਪਲਾਨਿੰਗ’ ਤੇ ‘‘ਅਖਾੜਾ’ ਦੇ ਮੰਚਨ ਨੇ ਮੇਲੇ ਚ ਜੁਟੇ ਦਰਸ਼ਕਾਂ ਦਾ ਮਨ ਮੋਹ ਲਿਆ. ਨਾਟਕਕਾਰ ਨੇ ਆਪਣੀ ਪੇਸ਼ਕਾਰੀ ਰਾਹੀਂ ਨਾਟ ਕਲਾ ਨਾਲ ਜਿੰਦਗੀ ਤੇ ਸਮਾਜ ਨੂੰ ਸੁਖਾਵਾਂ ਬਨਾਉਣ ਦੀ ਛਾਪ ਛੱਡੀ. ਮੰਚ ਤੋਂ ਪੇਸ਼ ਕੀਤੀਆਂ ਗਈਆਂ ਕੋਰੀਓਗਰਾਫੀਆਂ ‘ਇਹ ‘ਮੁੰਡਾ ਨਿਰਾ ਛਨਿੱਚਰ ਈ’,‘ਧੀ ਦੀ ਪੁਕਾਰ’ ਤੇ ‘‘ਭਗਤ ਸਿੰਘ ਤੇਰਾ ਦੇਸ਼’ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ. ਮੇਲੇ ਚ ਦਰਸ਼ਕਾਂ ਨਾਲ ਗੱਲਬਾਤ ਕਰਨ ਲਈ ਪੁੱਜੇ ਪੰਜਾਬ ਲੋਕ ਸਭਿਆਚਾਰਕ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੇ ਲੱਚਰ ਸਭਿਆਚਾਰ ਤੋਂ ਬਚਾਉਣ ਲਈ ਪੁਸਤਕਾਂ ਨਾਲ ਦੋਸਤੀ ਪਾਉਣ ਦਾ ਸੱਦਾ ਦਿੱਤਾ. ਉਹਨਾਂ ਆਖਿਆ ਕਿ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਸਮਾਜ ਲਈ ਲੋਕ ਚੇਤਨਾ ਸਮੇਂ ਦੀ ਲੋੜ ਹੈ. ਮੰਚ ਤੋਂ ਬਰੇਨ ਪੀਡੀਆ ਦੀ ਅਸਲੀਅਤ ਦਰਸਾਉਣ ਲਈ ਵੇਦ ਪ੍ਰਕਾਸ਼ ਸੋਨੀ ਨੇ ਹਜ਼ਾਰਾਂ ਲੋਕਾਂ ਸਾਹਮਣੇ ਅੱਖਾਂ ਤੇ ਪੱਟੀ ਬੰਨ੍ਹ ਕੇ ਬੱਚਿਆਂ ਨੂੰ ਪੜਾਉਣ ਤੇ ਰੰਗ ਪਹਿਚਾਨਣ ਦਾ ਭੇਦ ਸਮਝਾਇਆ.

ਨਾਟ ਮੇਲੇ ਦੇ ਤੀਸਰੇ ਦਿਨ ਅਦਾਕਾਰ ਮੰਚ ਮੁਹਾਲੀ ਵੱਲੋਂ ਡਾ. ਸਾਹਿਬ ਸਿੰਘ ਦੀ ਨਿਰਦੇਸ਼ਨਾਂ ਹੇਠ ਦੋ ਨਾਟਕ ‘‘ਲੀਰਾਂ' ’ਤੇ ‘‘ਟੋਆ’ ਦਾ ਸਫ਼ਲ ਮੰਚਨ ਕੀਤਾ ਗਿਆ, ਜਿੰਨਾਂ ਵਿਚ ਸਿਆਸਤ ਤੇ ਸਮਾਜਕ ਨਾ ਬਰਾਬਰੀ ਉਪਰ ਚੋਟ ਕੀਤੀ ਗਈ ਸੀ. ਨੌਜਵਾਨ ਨਾਟਕਕਾਰ ਡਾ. ਸਾਹਿਬ ਸਿੰਘ ਨੇ ਨਾਟਕਾਂ ਦਾ ਮੰਚਨ ਕਰਦਿਆਂ ਕਲਾ ਤੇ ਕਿਰਤ ਦੀ ਸਾਂਝ ਨੂੰ ਪਕੇਰੀ ਕਰਨ ਲਈ ਕਲਾ ਨਾਲ ਜਿੰਦਗੀ ਨੂੰ ਖੁਸ਼ਹਾਲ ਕਰਨ ਦੀ ਤਾਈਦ ਕੀਤੀ. ਮੇਲੇ ਵਿਚ ਪਰਵਾਸੀ ਭਾਰਤੀ ਮਨਦੀਪ ਖੁਰਮੀ ਹਿੰਮਤਪੁਰਾ ਦੇ ਚਰਚਿਤ ਗੀਤ ‘‘ਓ ਪੰਜਾਬ ਸਿਆਂ ਤੇਰਾ ਅੱਲਾ ਵੀ ਨੀ ਬੇਲੀ’ ਉੱਪਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਕੋਰੀਓਗਰਾਫੀ ਨੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕੀਤਾ. ਚੇਤਨਾ ਕਲਾ ਮੰਚ ਮਲੂਕਪੁਰ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤਾ ਨਾਟਕ ‘‘ਇਹ ਲਹੂ ਕਿਸਦਾ ਹੈ?’ ਅਤੇ ਕੋਰੀਓਗਰਾਫੀਆਂ ਦਰਸ਼ਕਾਂ ਦੀ ਪਸੰਦ ਬਣੀਆਂ. ਮੇਲੇ ਚ ਮਾਨਵ ਕਲਾ ਮੰਚ ਲੰਬੀ ਵੱਲੋਂ ਗੁਰਸ਼ਰਨ ਸਿੰਘ ਦਾ ਲਿਖਿਆ ‘ਨਾਟਕ ‘ਕੁਰਸੀ ਮੋਰਚਾ ਤੇ ਹਵਾ 'ਚ ਲਟਕਦੇ ਲੋਕ’ ਵੀ ਖੇਡਿਆ ਗਿਆ. ਤਿੰਨੇ ਦਿਨ ਭਰ ਸੁਖਦੇਵ ਮਲੂਕਪੁਰੀ ਮੇਲੀਆਂ ਦੀ ਜੁੜੀ ਭੀੜ ਨੂੰ ਜਾਦੂ ਕਲਾ ਦੇ ਭੇਦ ਸਮਝਾਉਦਾ ਰਿਹਾ. ਤਰਕਸ਼ੀਲ ਨਾਟ ਮੇਲੇ ਨੂੰ ਮਿਲ ਰਹੇ ਲੋਕਾਂ ਦੇ ਸਹਿਯੋਗ ਤੇ ਖੁਸ਼ੀ ਜਾਹਿਰ ਕਰਦਿਆਂ ਤਰਕਸ਼ੀਲ ਸੂਬਾ ਮੀਡੀਆ ਮੁਖੀ ਦਾ ਕਹਿਣਾ ਸੀ ਕਿ ਉਹ ਸਮਾਜ ਚੋਂ ਅੰਧਵਿਸ਼ਵਾਸ ਤੇ ਅਗਿਆਨਤਾ ਦੇ ਖਾਤਮੇ ਲਈ ਪਿਛਲੇ ਢਾਈ ਦਹਾਕਿਆਂ ਤੋ ਸੁਹਿਰਦਤਾ ਨਾਲ ਯਤਨਸ਼ੀਲ ਹਨ. ਤਰਕਸ਼ੀਲ ਤੇ ਸਾਹਿਤਕ ਪੁਸਤਕਾਂ ਦੀ ਸਟਾਲ ਤੇ ਮੇਲੀਆਂ ਦੀ ਭੀੜ ਜੁੜੀ ਰਹੀ. ਮੇਲੇ ਚ ਮੰਚ ਸੰਚਾਲਨ ਦੀ ਭੂਮਿਕਾ ਬੂਟਾ ਸਿੰਘ ਵਾਕਫ਼ ਨੇ ਨਿਭਾਈ ਜਦ ਕਿ ਮੇਲੇ ਦੀ ਸਫਲਤਾ ਲਈ ਗੁਰਮੀਤ ਭਲਵਾਨ, ਪਰਵੀਨ ਜੰਡ ਵਾਲਾ, ਬਲਦੇਵ ਲੱਧੂਵਾਲਾ, ਲਖਵਿੰਦਰ ਸ਼ਰੀਂਹਵਾਲਾ, ਸ਼ਿਵਰਾਜ ਖੁੰਡੇ ਹਲਾਲ, ਡਾ. ਸੁਖਚੈਨ ਸੈਦੋਕੇ ਤੇ ਪਰਮਿੰਦਰ ਖੋਖਰ ਨੇ ਭਰਵਾਂ ਸਾਥ ਦਿੱਤਾ. ਇਸ ਨਾਟ ਮੇਲੇ ਦੀ ਵਿਲੱਖਣ ਗੱਲ ਇਹ ਵੀ ਰਹੀ ਕਿ ਤਿੰਨ ਦਿਨ ਸ਼ਾਮ ਨੂੰ ਮੰਚ ਤੋਂ ਤਰਕਸ਼ੀਲ ਡਾਕੂਮੈਟਰੀ ਫਿਲਮ ਵੀ ਵਿਖਾਈ ਗਈ ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ. ਤਰਕਸ਼ੀਲਾਂ ਵੱਲੋਂ ਸਮਾਜਕ ਚੇਤਨਾ ਲਈ ਲਗਾਇਆ ਗਿਆ ਤਿੰਨ ਰੋਜ਼ਾ ਨਾਟ ਮੇਲਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਿਹਾ ਤੇ ਆਮ ਲੋਕ ਵੀ ਉਤਸ਼ਾਹ ਨਾਲ ਪੁਸਤਕਾਂ ਖਰੀਦਦੇ ਵੇਖੇ ਗਏ.