ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਲਈ ਸਹਾਇਤਾ ਦੀ ਅਪੀਲ

         ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਹੈ ਤੇ ਹੋਰ ਵੀ ਉਹਨਾਂ ਦੀਆਂ ਲੋੜਾਂ ਅਨੁਸਾਰ ਪਹੁੰਚਾ ਰਹੀਆਂ ਹਨ। ਉਹਨਾਂ ਸਾਹਮਣੇ ਹੋਰ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹਨ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਦੀਆਂ ਲੋੜਾਂ ਵਿਚੋਂ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਹਿਲੀ ਸ੍ਰੇਣੀ ਤੋਂ ਲੈ ਕੇ ਬਾਰਵੀਂ ਸ੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਹਨਾਂ ਦੀ ਲੋੜ ਅਨੁਸਾਰ ਰਜਿਸਟਰ, ਕਾਪੀਆਂ, ਪੈਨ , ਪੈਨਸਲਾਂ ਆਦਿ ਸਟੇਸ਼ਨਰੀ ਦੇਣ ਦਾ ਫੈਸਲਾ ਕੀਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਰੀ ਟੀਮ ਕੁੱਝ ਸਮੇਂ ਤੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਹੀ ਹੈ। ਜਿਸ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਪਹਿਲੀ ਕਿਸ਼ਤ ਵਜੋਂ ਦਸ ਲੱਖ ਰੁਪਏ ਦੀ ਸਟੇਸ਼ਨਰੀ ਖਰੀਦ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਜਿਵੇਂ ਜਿਵੇਂ ਹੋਰ ਸਹਾਇਤਾ ਰਾਸ਼ੀ ਇਕੱਠੀ ਹੁੰਦੀ ਜਾਵੇਗੀ ਹੋਰ ਸਮੱਗਰੀ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਰਹੇਗੀ। ਸਹੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਤ ਸੂਬਾ ਆਗੂਆਂ ਅਤੇ ਜੋਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ ਜੋ 30 ਸਤੰਬਰ 2025 ਤੱਕ ਵਿਦਿਆਰਥੀਆਂ ਦੀ ਸ੍ਰੇਣੀ ਵਾਇਜ਼ ਵੇਰਵੇ ਇਕੱਤਰ ਕਰਕੇ ਸੂਬਾ ਕਮੇਟੀ ਨੂੰ ਦੇਣਗੇ। ਉਸ ਅਨੁਸਾਰ ਕਿੱਟਾਂ ਬਣਾ ਕੇ ਵਿਦਿਆਰਥੀਆਂ ਨੂੰ ਸਮੱਗਰੀ ਦਿੱਤੀ ਜਾਵੇਗੀ।

          ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਮੈਂਬਰਾਂ, ਮੈਗਜ਼ੀਨ ਦੇ ਪਾਠਕਾਂ, ਹਮਦਰਦ ਸਾਥੀਆਂ ਅਤੇ ਹੋਰ ਉਹਨਾਂ ਸਾਰੇ ਸੱਜਣਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਤਰਕਸ਼ੀਲ ਆਗੂ ਮਾਸਟਰ ਪਰਮਵੇਦ ਨੇ ਵਿਦਿਆਰਥੀਆਂ ਨੂੰ ਦਿੱਤਾ ਵਿਗਿਆਨਕ ਦ੍ਰਿਸ਼ਟੀਕੋਣ ਦਾ ਸੁਨੇਹਾ

ਟਿਆਲਾ 16 ਜਨਵਰੀ (ਪਵਨ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਤੇ ਇਕਾਈਂ ਸੰਗਰੂਰ ਵੱਲੋਂ ਸਰਕਾਰੀ ਮਿਡਲ ਸਕੂਲ ਸਨਿਆਰ ਹੇੜੀ ਵਿਖੇ ਇਕ ਸਿੱਖਿਆਦਾਇਕ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ ਗਿਆ. ਇਸ ਪ੍ਰੋਗਰਾਮ ਵਿੱਚ ਸਕੂਲ ਦੇ ਬੱਚਿਆਂ, ਅਧਿਆਪਕਾਂ ਅਤੇ ਕਾਫੀ ਗਿਣਤੀ ਵਿੱਚ ਪਿੰਡ ਵਾਸੀਆਂ ਖਾਸ ਕਰਕੇ

ਔਰਤਾਂ ਨੇ ਸਮੂਲੀਅਤ ਕੀਤੀ. ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਵਿਨੋਦ ਬਾਲਾ ਵੱਲੋਂ ਸ਼ਮਾਂ ਰੋਸ਼ਨ ਕਰਨ ਉਪਰੰਤ ਹੋਈ.

ਇਸ ਮੌਕੇ ਤਰਕਸ਼ੀਲ ਆਗੂ ਮਾ. ਪਰਮਵੇਦ ਨੇ ਹਾਜ਼ਰੀਨ ਨੂੰ ਵਹਿਮਾਂ-ਭਰਮਾਂ, ਅੰਧਵਿਸ਼ਵਾਸਾਂ ਅਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿੱਚੋਂ ਨਿਕਲ ਕੇ ਵਿਗਿਆਨਕ ਵਿਚਾਰਧਾਰਾ ਦੀ ਰੋਸ਼ਨੀ ਵਿੱਚ ਆਉਂਣ ਲਈ ਪ੍ਰੇਰਿਆ. ਉਹਨਾਂ ਨੇ ਬਹੁਤ ਸਾਰੀਆਂ ਉਦਾਹਰਣਾਂ ਦੇ ਕੇ ਦੱਸਿਆ ਕਿ ਕਿਸ ਤਰ੍ਹਾਂ ਅਖੌਤੀ ਸਿਆਣੇ ਲੋਕਾਂ ਨੂੰ ਆਪਣੇ ਭਰਮਜਾਲ ਵਿੱਚ ਫਸਾ ਕੇ ਉਹਨਾਂ ਦੀ ਆਰਥਿਕ, ਮਾਨਸਿਕ ਅਤੇ ਸ਼ਰੀਰਕ ਲੁੱਟ ਕਰਦੇ ਹਨ. ਉਹਨਾਂ ਕਿਹਾ ਕਿ ਇਸ ਦੁਨੀਆਂ ਵਿੱਚ ਚਮਤਕਾਰ ਨਾਮ ਦੀ ਕੋਈ ਚੀਜ਼ ਨਹੀਂ, ਘਟਨਾਵਾਂ ਵਾਪਰਦੀਆਂ ਹਨ ਅਤੇ ਉਹਨਾਂ ਦੇ ਕਾਰਣ ਜਾਨਣਾ ਹੀ ਤਰਕਸ਼ੀਲਤਾ ਹੈ. ਉਹਨਾਂ ਅੱਗੇ ਕਿਹਾ ਕਿ ਜੋਤਿਸ਼ ਤੇ ਵਾਸਤੂ ਸਾਸ਼ਤਰ ਗੈਰਵਿਗਿਆਨਕ ਹਨ. ਉਹਨਾਂ ਨੇ ਬੱਚਿਆਂ ਨੂੰ ਮਿਹਨਤ, ਇਮਾਨਦਾਰੀ, ਪੜ੍ਹਾਈ ਵਿੱਚ ਲਗਾਤਾਰਤਾ ਅਤੇ ਵਿਗਿਆਨਕ ਵਿਚਾਰਾਂ ਦਾ ਲੜ ਫੜ ਕੇ ਸਫਲਤਾ ਦੀ ਮੰਜਿਲ ਹਾਸਲ ਕਰਨ ਦਾ ਸੁਨੇਹਾ ਦਿੱਤਾ.

ਇਸ ਮੌਕੇ ਸੁਰਜੀਤ ਸਿੰਘ ਭੱਠਲ ਨੇ ਆਪਣੇ ਗੀਤਾਂ ਰਾਹੀਂ ਵਿਗਿਆਨਕ ਵਿਚਾਰਾਂ ਦਾ ਛੱਟਾ ਬਖੇਰਿਆ. ਚਮਕੌਰ ਸਿੰਘ ਮਹਿਲਾਂ ਤੇ ਵਰਿੰਦਰ ਕੁਮਾਰ ਨੇ ਜਾਦੂ ਸ਼ੋਅ ਪੇਸ਼ ਕਰਦਿਆਂ ਦੱਸਿਆ ਕਿ ਜਾਦੂ ਇਕ ਕਲਾ ਹੈ, ਹੱਥ ਦੀ ਸਫਾਈ ਹੈ ਇਸ ਵਿੱਚ ਕੋਈ ਗੈਬੀ ਸ਼ਕਤੀ ਨਹੀਂ. ਉਹਨਾਂ ਨੇ ਸ਼ੋਅ ਰਾਹੀਂ ਫੁਲ ਗਾਇਬ ਕਰਨਾ, ਪੱਤਿਆਂ ਦੇ ਰੰਗ ਬਦਲਣਾ, ਰੱਸੀ ਕੱਟ ਕੇ ਸਬਤ ਕਰਨਾ, ਮੋਮਬੱਤੀ ਨੂੰ ਗੁਲਦਸਤੇ ਵਿੱਚ ਬਦਲਣਾ ਆਦਿ ਟਰਿਕ ਦਿਖਾਉਂਦਿਆਂ ਵਿਦਿਆਰਥੀਆਂ ਅਤੇ ਹੋਰ ਦਰਸ਼ਕਾਂ ਨੂੰ ਅੰਧ-ਵਿਸ਼ਵਾਸ ਵਿੱਚੋਂ ਨਿਕਲਣ ਦਾ ਸੁਨੇਹਾ ਦਿੱਤਾ. ਮੁੱਖ ਅਧਿਆਪਕਾ ਨੇ ਪਿੰਡ ਵਾਸੀਆਂ ਤੇ ਤਰਕਸ਼ੀਲ ਟੀਮ ਦਾ ਧੰਨਵਾਦ ਕਰਦਿਆਂ ਹਾਜਰੀਨ ਨੂੰ ਆਪਣੀ ਸੋਚ ਵਿਗਿਆਨਕ ਬਣਾਉਂਣ ਲਈ ਆਖਿਆ. ਇਸ ਮੌਕੇ ਜਸਮਿੰਦਰ ਪਾਲ ਕੌਰ, ਸੁਨੇਨਾ ਧਵਨ, ਸਤਵੰਤ ਕੌਰ, ਕਮਲੇਸ਼ ਸ਼ਰਮਾ, ਸਿੰਕਦਰ ਸਿੰਘ, ਕਰਮ ਸਿੰਘ, ਜਸਮੀਤ ਸਿੰਘ ਅਦਿ ਅਧਿਆਪਕਾਂ ਸਮੇਤ ਗੁਰਦੀਪ ਕੌਰ, ਗੁਰਚਰਨ ਸਿੰਘ, ਹਰਜੀਤ ਸਿੰਘ, ਨਛੱਤਰ ਸਿੰਘ, ਦਲੀਪ ਸਿੰਘ ਤੇ ਪ੍ਰੀਤਮ ਸਿੰਘ ਆਦਿ ਪਿੰਡ ਦੇ ਪਤਵੰਤਿਆਂ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ.

powered by social2s