ਭੂਤ ਕੱਢਣ ਦੇ ਨਾਂ ’ਤੇ ਗਰਮ ਚਿਮਟੇ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਤਰਕਸ਼ੀਲਾਂ ਵੱਲੋਂ ਸ਼ਖਤ ਨਿਖੇਧੀ
ਖਰੜ, 5 ਅਕਤੂਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਵਿਸ਼ੇਸ ਮੀਟਿੰਗ ਇਕਾਈ ਮੁਖੀ ਬਿਕਰਮਜੀਤ ਸੋਨੀ ਦੀ ਪ੍ਰਧਾਨਗੀ ਹੇਠ ਹੋਈ. ਇਸ ਮੀਟਿੰਗ ਵਿੱਚ ਜਿਲ੍ਹਾ ਬਠਿੰਡਾ ਦੇ ਅਖੌਤੀ ਸਿਆਣਿਆਂ ਵੱਲੋਂ ਭੂਤ-ਪ੍ਰੇਤ ਕੱਢਣ ਦੇ ਨਾਂ ਤੇ ਮੱਖੂ ਨੇੜਲੇ ਪਿੰਡ ਘੁੱਦੂਵਾਲ਼ਾ ਦੇਕਿਸਾਨ ਨੂੰ ਗਰਮ ਚਿਮਟੇ ਮਾਰ ਕੇ ਮੌਤ ਦੇ
ਘਾਟ ਉਤਾਰਨ ਦੀ ਨਿੰਦਾ ਕੀਤੀ ਗਈ. ਮੀਟਿੰਗ ਦੌਰਾਨ ਤਰਕਸ਼ੀਲਾਂ ਨੇ ਕਿਹਾ ਕਿ ਵਿਗਿਆਨ ਦੇ ਅਜੋਕੇ ਯੁੱਗ ਵਿੱਚ ਵੀ 'ਅੰਧ-ਵਿਸ਼ਵਾਸੀ ਕਤਲ' ਵਰਗੀਆਂ ਘਟਨਾਵਾਂ ਦਾ ਵਾਰ-ਵਾਰ ਵਾਪਰਨਾ ਪੂਰੇ ਸਮਾਜ ਲਈ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੋਣਾ ਚਾਹੀਦਾ ਹੈ. ਉਹਨਾਂ ਕਿਹਾ ਕਿ ਇਸ ਤਰਾਂ ਦੀ ਕੋਈ ਘਟਨਾ ਜਦੋਂ ਅਖਬਾਰਾਂ ਦੀ ਸੁਰਖੀ ਬਣ ਜਾਂਦੀ ਹੈ ਤਾਂ ਸਾਡੇ ਲੋਕ ਕੁਛ ਦਿਨ ਹਾਲ ਦੁਹਾਈ ਮਚਾ ਕੇ ਅਗਲੀ ਘਟਨਾ ਦੇ ਵਾਪਰਨ ਤੱਕ ਚੁਪ ਕਰ ਜਾਂਦੇ ਹਨ ਜਦਕਿ ਲੋੜ ਤਾਂ ਸਮੁੱਚੇ ਅੰਧ-ਵਿਸ਼ਵਾਸਾਂ ਖਿਲਾਫ ਲਗਾਤਾਰ ਸੰਘਰਸ਼ ਜਾਰੀ ਰੱਖਣ ਦੀ ਹੈ.
ਇਸ ਮੌਕੇ ਲੈਕ. ਗੁਰਮੀਤ ਖਰੜ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਹਰ ਸਾਲ ਹਜ਼ਾਰਾਂ ਜਾਨਾਂ ਅੰਧ-ਵਿਸ਼ਵਾਸਾਂ ਦੀ ਭੇਂਟ ਚੜ੍ਹ ਜਾਂਦੀਆਂ ਹਨ. ਇਸ ਤਰਾਂ ਦੀਆਂ ਘਟਨਾਵਾਂ ਨਾਲ਼ ਨਜਿੱਠਣ ਲਈ ਮੌਜੂਦਾ ਕਾਨੂੰਨ ਨਾਕਾਫੀ ਹੈ ਇਸ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਿਆਰ ਕੀਤੇ ‘ਅੰਧ-ਵਿਸ਼ਵਾਸ ਰੋਕੂ ਕਾਨੂੰਨ’ ਦੇ ਖਰੜੇ ਮੁਤਾਬਕ ਨਵਾਂ ਕਾਨੂੰਨ ਬਣਾਉਣਾ ਸਮੇਂ ਦੀ ਲੋੜ ਬਣ ਚੁੱਕੀ ਹੈ. ਉਨਾਂ ਕਿਹਾ ਕਿ ਤਰਕਸ਼ੀਲ ਪਿਛਲੇ ਤੀਹ ਸਾਲਾਂ ਤੋਂ ਸਮਾਜ ਨੂੰ ਅੰਧ-ਵਿਸਵਾਸ਼ਾਂ ਵਿੱਚੋਂ ਕੱਢਣ ਵਾਸਤੇ ਯਤਨਸ਼ੀਲ ਹਨ ਪਰ ਬਹੁਤ ਸਾਰੀਆਂ ਕਾਨੂੰਨੀ ਅੜਚਣਾ ਸਾਡੇ ਰਸਤੇ ਦਾ ਰੋੜਾ ਬਣੀਆਂ ਹੋਈਆਂ ਹਨ ਜਿੰਨਾਂ ਨੂੰ ਨਵਾਂ ਕਾਨੂੰਨ ਬਣਾ ਕੇ ਹੀ ਦੂਰ ਕੀਤਾ ਜਾ ਸਕਦਾ ਹੈ.
ਇਸ ਮੀਟਿੰਗ ਸਮੇਂ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਇਸ ਦੁਨੀਆਂ ਵਿੱਚ ਭੂਤ-ਪ੍ਰੇਤਾਂ ਦੀ ਕਿਤੇ ਕੋਈ ਹੋਂਦ ਨਹੀਂ, ਇਹ ਸਿਰਫ ਸਾਡੇ ਮਨ ਦੇ ਵਹਿਮ ਦਾ ਨਾਂ ਹੈ. ਜਿੰਨਾਂ ਨੂੰ ਲੋਕੀਂ ਜਾਂ ਤਾਂਤਰਿਕ-ਸਿਆਣੇ ਆਦਿ ਭੂਤ ਚਿੰਬੜੇ ਹੋਣ ਦਾ ਦਾਅਵਾ ਕਰਦੇ ਹਨ ਉਹ ਅਸਲ ਵਿੱਚ ਇਕ ਮਾਨਸਿਕ ਰੋਗ ਹੁੰਦਾ ਹੈ. ਇਸ ਤਰਾਂ ਦੇ ਰੋਗੀ ਨੂੰ ਸਾਧਾਂ-ਬਾਬਿਆਂ, ਤਾਂਤਰਿਕ-ਸਿਆਣਿਆਂ ਪਾਸ ਲੈਕੇ ਜਾਣ ਦੀ ਬਜਾਇ ਮਾਨਸਿਕ ਰੋਗਾਂ ਦੇ ਕਿਸੇ ਮਾਹਿਰ ਡਾਕਟਰ ਤੋਂ ਇਲਾਜ ਕਰਾਉਣਾ ਚਾਹੀਦਾ ਹੈ. ਇਸ ਮੌਕੇ ਤਰਕਸ਼ੀਲਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਦੇ ਘਰ, ਗਲ਼ੀ-ਮੁਹੱਲੇ ਜਾਂ ਰਿਸ਼ਤੇਦਾਰੀ ਵਿੱਚ ਅਖੌਤੀ ਭੂਤਾਂ-ਪ੍ਰੇਤਾਂ ਨਾਲ਼ ਸਬੰਧਤ ਕੋਈ ਕੇਸ ਹੋਵੇ ਤਾਂ ਉਸ ਨੂੰ ਅਖੌਤੀ ਸਿਆਣਿਆਂ, ਤਾਂਤਰਿਕਾਂ, ਬਾਬਿਆਂ ਆਦਿ ਦੇ ਚੁੰਗਲ਼ ਵਿੱਚ ਫਸਣ ਦੀ ਬਜਾਇ ਸਹੀ ਇਲਾਜ ਦੀ ਜਾਣਕਾਰੀ ਵਾਸਤੇ ਤਰਕਸ਼ੀਲ ਸੁਸਾਇਟੀ ਦੇ ਨੁਮਾਇੰਦਿਆਂ ਨਾਲ਼ ਸੰਪਰਕ ਕਰਨਾ ਚਾਹੀਦਾ ਹੈ.
ਇਸ ਮੀਟਿੰਗ ਵਿੱਚ ਹਾਜ਼ਰ ਕਰਮਜੀਤ ਸਕਰੁੱਲਾਂਪੁਰੀ, ਸੁਜਾਨ ਬਡਾਲ਼ਾ, ਜਗਵਿੰਦਰ ਸਿੰਬਲ਼ਮਾਜਰਾ, ਭੁਪਿੰਦਰ ਮਦਨਹੇੜੀ, ਰਾਜੇਸ਼ ਸਹੌੜਾਂ, ਅਵਤਾਰ ਸਹੌੜਾਂ, ਹਰਜਿੰਦਰ ਪਮੌਰ ਆਦਿ ਤਰਕਸ਼ੀਲ ਕਾਮਿਆਂ ਨੇ ਅੰਧ-ਵਿਸ਼ਵਾਸਾਂ ਖਿਲਾਫ ਚੱਲਦੇ ਸੰਘਰਸ਼ ਨੂੰ ਹੋਰ ਤੇਜ ਕਰਨ ਤੇ ਜੋਰ ਦਿੱਤਾ.