ਤਰਕਸ਼ੀਲਾਂ ਵੱਲੋਂ ਸਾਹਿਤਿਕ ਪਾਠਕ ਮਿਲਣੀ ਕਰਵਾਉਣ ਦਾ ਫੈਸਲਾ
ਸਾਹਿਤ ਨਾਲ ਜੁੜੇ ਕਈ ਅਹਿਮ ਮੁੱਦਿਆਂ ਤੇ ਹੋਵੇਗੀ ਚਰਚਾ
ਐਸ.ਏ.ਐਸ.ਨਗਰ, 18 ਸਤੰਬਰ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਨੇ ਲੋਕਾਂ ਦੀ ਵਿਗਿਆਨਿਕ ਸਾਹਿਤ ਪ੍ਰਤੀ ਰੁਚੀ ਦੇ ਪ੍ਰਸਾਰ ਲਈ ਪਾਠਕ ਮਿਲਣੀ ਕਰਵਾਉਣ ਦਾ ਫੈਸਲਾ ਕੀਤਾ ਹੈ. ਇਸ ਮਿਲਣੀ ਵਿੱਚ ਸਾਹਿਤ ਨਾਲ ਜੁੜੇ ਕਈ ਅਹਿਮ ਮੁੱਦਿਆਂ ਨੂੰ ਵੀ ਵਿਚਾਰਿਆ ਜਾਵੇਗਾ. ਪਾਠਕ ਮਿਲਣੀ 20 ਸਤੰਬਰ ਨੂੰ ਬਾਲ
ਭਵਨ ਫੇਜ-4 ਵਿਖੇ ਸਵੇਰੇ 10 ਵਜੇ ਕਰਵਾਈ ਜਾਵੇਗੀ. ਸੁਸਾਇਟੀ ਦੀ ਇਸ ਇਕਾਈ ਦੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ, ਬਲੌਂਗੀ ਵਿਖੇ ਹੋਈ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ. ਇਸ ਸੰਬੰਧੀ ਗੱਲਬਾਤ ਕਰਦਿਆਂ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ, ਇਕਾਈ ਮੁਹਾਲੀ ਦੇ ਮੁਖੀ ਲੈਕਚਰਾਰ ਸੁਰਜੀਤ ਸਿੰਘ ਅਤੇ ਜਸਵੰਤ ਮੋਹਾਲੀ ਨੇ ਦੱਸਿਆ ਕਿ ਇਸ ਮਿਲਣੀ ਵਿੱਚ ਤਰਕਸ਼ੀਲ ਮੈਗਜੀਨ ਤੇ ਹੋਰ ਅਗਾਂਹਵਧੂ ਸਾਹਿਤ ਦੇ ਪਾਠਕ ਭਾਗ ਲੈਣਗੇ. ਤਰਕਸ਼ੀਲ ਆਗੂਆਂ ਨੇ ਕਿਹਾ ਕਿ ਇਸ ਮਿਲਣੀ ਦਾ ਮਕਸਦ ਵਿਗਿਆਨਿਕ ਸਾਹਿਤ ਦਾ ਹੋਰ ਪ੍ਰਚਾਰ-ਪ੍ਰਸਾਰ ਕਰਨਾ, ਪਾਠਕਾਂ ਦੇ ਸੁਝਾਵਾਂ ਨੂੰ ਇੱਕਤਰ ਕਰਨਾ ਅਤੇ ਚੰਗੀਆਂ ਪੁਸਤਕਾਂ ਤੇ ਚਰਚਾ ਕਰ ਕੇ ਵੱਧ ਤੋਂ ਵੱਧ ਪਾਠਕਾਂ ਤੱਕ ਲੈ ਕੇ ਜਾਣਾ ਹੈ. ਉਹਨਾਂ ਕਿਹਾ ਕਿ ਸੁਸਾਇਟੀ ਦੀ ਇਕਾਈ ਮੋਹਾਲੀ ਵੱਲੋਂ ਚਲਾਈ ਜਾ ਰਹੀ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਸਾਲ 2007 ਤੋਂ ਇਲਾਕੇ ਦੇ ਲੋਕਾਂ ਵਿੱਚ ਚੰਗਾ ਸਾਹਿਤ ਲੈ ਕੇ ਜਾ ਰਹੀ ਹੈ. ਉਹਨਾਂ ਕਿਹਾ ਕਿ ਮਿਲਣੀ ਦਾ ਮੰਤਵ ਪਾਠਕਾਂ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਨਾ ਵੀ ਹੈ. ਤਰਕਸ਼ੀਲ ਆਗੂਆਂ ਨੇ ਕਿਹਾਕਿ ਮਿਲਣੀ ਵਿੱਚ ਹਰੇਕ ਪਾਠਕ ਨੂੰ ਸਮਾਂ ਦਿੱਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਇਸ ਦੌਰਾਨ ਸਾਹਿਤ ਦੇ ਸਮਾਜ ਉੱਤੇ ਪ੍ਰਭਾਵਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ. ਤਰਕਸ਼ੀਲ ਵਰਕਰਾਂ ਵੱਲੋਂ ਇਸ ਸੰਬੰਧੀ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ. ਇਸ ਮਿਲਣੀ ਵਿੱਚ ਪਾਠਕ ਇਹ ਵੀ ਦੱਸ ਸਕਣਗੇ ਕਿ ਉਹਨਾਂ ਨੂੰ ਕਿਹੜੀ ਕਿਤਾਬ ਨੇ ਸੱਭ ਤੋਂ ਵੱਧ ਪ੍ਰਭਾਵਿਤ ਕੀਤਾ ਅਤੇ ਕਿਤਾਬ ਪੜ੍ਹ ਕੇ ਉਹਨਾਂ ਦੇ ਵਿਚਾਰਾਂ ਵਿੱਚ ਕਿਸ ਤਰਾਂ ਦੀ ਤਬਦੀਲੀ ਆਈ. ਮੀਟਿੰਗ ਵਿੱਚ ਮਿਤੀ 19 ਸਤੰਬਰ ਨੂੰ ਸੈਕਟਰ-42 ਦੇ ਗਰਲਜ ਕਾਲਜ ਵਿੱਚ ਤਰਕਸ਼ੀਲ ਪ੍ਰੋਗਰਾਮ ਕਰਨਦਾ ਵੀ ਫੈਸਲਾ ਕੀਤਾ ਗਿਆ.