ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਪੁਰਾਣੀਆਂ ਰਵਾਇਤਾਂ ਤੋੜ ਰਿਹੈ ਤਰਕਸ਼ੀਲ ਮੈਗਜ਼ੀਨ

ਮੋਹਾਲੀ ਇਕਾਈ ਨੇ ਤਰਕਸ਼ੀਲ ਮੈਗਜੀਨ ਪਾਠਕਾਂ ਦੀ ਕਰਵਾਈ ਮਿਲਣੀ

ਐਸ.ਏ.ਐਸ.ਨਗਰ, 21 ਸਤੰਬਰ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਵੱਲੋਂ ਬਾਲ ਭਵਨ, ਫੇਜ-4 ਵਿਖੇ, ਤਰਕਸ਼ੀਲ ਮੈਗਜੀਨ ਅਤੇ ਹੋਰ ਸਾਹਿਤਕ ਪਾਠਕਾਂ ਦੀ ਮਿਲਣੀ ਕਰਵਾਈ ਗਈ ਜਿਸ ਵਿੱਚ ਮੋਹਾਲੀ, ਚੰਡੀਗੜ ਅਤੇ ਕਾਲਕਾ ਆਦਿ ਤੋਂ ਪਾਠਕਾਂ ਨੇ ਸ਼ਿਰਕਤ ਕੀਤੀ. ਸ਼ਹੀਦ ਭਗਤ ਸਿੰਘ ਦੇ ਜਨਮ ਦਿਨ

ਨੂੰ ਸਮਰਪਿਤ ਇਸ ਮਿਲਣੀ ਦਾ ਮੁੱਖ ਮਕਸਦ ਪਾਠਕਾਂ ਵਿੱਚ ਚੰਗੇ ਸਾਹਿਤ ਪ੍ਰਤੀ ਉਤਸ਼ਾਹ ਪੈਦਾ ਕਰਨਾ ਅਤੇ ਵਿਗਿਆਨਿਕ ਸਾਹਿਤ ਨੂੰ ਲੋਕਾਂ ਤੱਕ ਪੁੱਜਦਾ ਕਰਨ ਲਈ ਸੁਝਾਅ ਇਕੱਠੇ ਕਰਨਾ ਸੀ. ਇਸ ਪਾਠਕ ਮਿਲਣੀ ਵਿੱਚ ਸੁਸਾਇਟੀ ਦੇ ਸੂਬਾ ਕਮੇਟੀ ਮੈਂਬਰ ਰਾਮ ਸਵਰਨ ਲੱਖੇਵਾਲੀ ਵਿਸ਼ੇਸ਼ ਤੌਰ ਤੇ ਪੁੱਜੇ. ਪਾਠਕ ਮਿਲਣੀ ਦੀ ਸ਼ੁਰੂਆਤ ਕਰਦਿਆਂ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਆਖਿਆ ਕਿ ਸਮਾਜ ਨੂੰ ਬਦਲਣ ਲਈ ਜਾਂ ਚੰਗਾ ਸਮਾਜ ਉਸਾਰਨ ਲਈ ਸਾਹਿਤ ਦਾ ਵੱਡਾ ਰੋਲ ਹੈ ਪਰ ਦੁਖਾਂਤ ਇਹ ਹੈ ਕਿ ਬਹੁਤਾ ਸਾਹਿਤ ਸਿਸਟਮ ਦੇ ਹੱਕ ਵਿੱਚ ਭੁਗਤ ਰਿਹਾ ਹੈ. ਉਹਨਾਂ ਕਿਹਾ ਕਿ ਹਰੇਕ ਲੇਖਕ-ਕਵੀ ਦੀ ਸੋਚ ਵਿਗਿਆਨਿਕ ਹੋਣੀ ਚਾਹੀਦੀ ਹੈ. ਮਾਸਟਰ ਯਸ਼ਪਾਲ ਨੇ ਕਿਹਾ ਕਿ ਤਰਕਸ਼ੀਲ ਮੈਗਜੀਨ ਵਿੱਚ ਸਿਧਾਂਤਿਕ ਪੱਖ ਤੋਂ ਹੋਰ ਲੇਖ ਛਾਪਣੇ ਚਾਹੀਦੇ ਹਨ ਤਾਂ ਜੋ ਪਾਠਕਾਂ ਨੂੰ ਉਹਨਾਂ ਦੇ ਦੁੱਖ-ਤਕਲੀਫਾਂ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ. ਉਹਨਾਂ ਕਿਹਾ ਕਿ ਤਰਕਸ਼ੀਲ ਵਿਦਵਾਨਾਂ ਜਿਵੇਂ ਡਾ. ਦਾਭੋਲਕਰ, ਗੋਬਿੰਦ ਪਾਨਸਾਰੇ ਜਾਂ ਐਮ.ਐਮ. ਕਲਬੁਰਗੀ ਨੂੰ ਮਾਰ ਕੇ ਵਿਗਿਆਨਿਕ ਵਿਚਾਰਾਂ ਨੂੰ ਰੋਕਣ ਦਾ ਯਤਨ ਕੀਤਾ ਗਿਆਹੈ. ਉਹਨਾਂ ਕਿਹਾ ਕਿ 'ਸਕਿੱਲ ਇੰਡੀਆ' ਪਿੱਛੇ ਮਕਸਦ ਇਹ ਹੈ ਕਿ ਨੌਜਵਾਨ ਸਿਰਫ ਕੰਮ ਕਰਨ, ਕਿਤੇ ਉਹਨਾਂ ਦੀ ਬੁੱਧੀ ਵਿਕਸਿਤ ਨਾ ਹੋ ਜਾਵੇ. ਜੇ ਬੁੱਧੀ ਵਿਕਸਿਤ ਹੁੰਦੀ ਹੈ ਤਾਂ ਉਹ ਸਮੱਸਿਆਵਾਂ ਦੇ ਅਸਲ ਕਾਰਨਾਂ ਤੱਕ ਪੁੱਜਣਗੇ. ਉਹਨਾਂ ਸੁਝਾਅ ਦਿੱਤਾ ਕਿ ਤਰਕਸ਼ੀਲਾਂ ਨੂੰ ਬਲਦੇਵ ਰਾਜ ਦੀ ਲਿਖੀ ਪੁਸਤਕ 'ਵਿਗਿਆਨ ਗੀਤਾ' ਲੋਕਾਂ ਤੱਕ ਲੈ ਕੇ ਜਾਣੀ ਚਾਹੀਦੀ ਹੈ. ਤਰਕਸ਼ੀਲ ਮੈਗਜੀਨ ਦੇ ਪਾਠਕ ਅਤੇ ਕੌਂਸਲਰ ਸ. ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ’ਤੇ ਤਰਕਸ਼ੀਲ ਮੈਗਜੀਨ ਦਾ ਬਹੁਤ ਪ੍ਰਭਾਵ ਹੈ. ਉਹਨਾਂ ਕਿਹਾ ਕਿ ਹੁਣ ਪੁਰਾਣੀਆਂ ਰਵਾਇਤਾਂ ਟੁੱਟ ਰਹੀਆਂ ਹਨ ਅਤੇ ਉਹ ਕਿਸੇ ਵੀ ਵਰਤਾਰੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਦੇ. ਕਾਮਰੇਡ ਜਸਵੰਤ ਸਿੰਘ ਨੇ ਸੁਝਾਅ ਦਿੱਤਾ ਕਿ ਗੁਰੂਆਂ ਨਾਲ ਜੋੜੇ ਜਾਂਦੇ ਚਮਤਕਾਰਾਂ ਬਾਰੇ ਤਰਕਸ਼ੀਲਾਂ ਨੂੰ ਲਿਖਣਾ ਚਾਹੀਦਾ ਹੈ ਤਾਂ ਜੋ ਮਿੱਥਾਂ ਨੂੰ ਤੋੜਿਆ ਜਾ ਸਕੇ. ਸੁਖਵਿੰਦਰ ਸਿੰਘ ਨੇ ਵਿਚਾਰ ਦਿੱਤਾ ਕਿ ਵਿਦਿਆਰਥੀਆਂ ਵਿੱਚ ਵਿਗਿਆਨਿਕ ਸੋਚ ਦੇ ਪ੍ਰਸਾਰ ਹਿੱਤ ਤਰਕਸ਼ੀਲਾਂ ਨੂੰ ਇੰਟਰਨੈੱਟ ਅਤੇ ਵਟਸਐਪ ਤੇ ਹੋਰ ਵੀ ਸਰਗਰਮੀ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਵੀਡੀਓ ਸੀਡੀਆਂ ਰਾਹੀਂ ਨੌਜਵਾਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ. ਹਾਕਮ ਸਿੰਘ ਨੇ ਕਿਹਾ ਕਿ ਸਾਹਿਤ ਬਾਰੇ ਮੁੱਢਲਾ ਸਵਾਲ ਇਹੀ ਹੈ ਕਿ ਇਸ ਨੂੰ ਉਤਸੁਕਤਾ ਭਰਪੂਰ ਕਿਵੇਂ ਬਣਾਇਆ ਜਾਵੇ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਕਿਵੇਂ ਲੈ ਕੇ ਜਾਇਆ ਜਾਵੇ. ਉਹਨਾਂ ਸੋਸਲ ਮੀਡੀਆ ਤੇ ਵੱਧ ਤੋਂ ਵੱਧ ਕੰਮ ਕਰਨ ਦਾ ਸੁਝਾਅ ਦਿੱਤਾ. ਗੁਰਨਾਮ ਸਿੰਘ ਨੇ ਸੁਝਾਅ ਦਿੱਤਾ ਕਿ ਵੈਬਸਾਈਟ ਤੇ ਤਰਕਸ਼ੀਲ ਕਿਤਾਬਾਂ ਪੀਡੀਐਫ ਮੋਡ ਵਿੱਚ ਪਾਉਣੀਆਂ ਚਾਹੀਦੀਆਂ ਹਨ. ਤਰਕਸ਼ੀਲ ਆਗੂ ਸਤਨਾਮ ਦਾਉਂ ਨੇ ਸੁਝਾਅ ਦਿੱਤਾ ਕਿ ਪੰਜਾਬੀ ਦੀ ਥਾਂ ਹੁਣ ਵਿਗਿਆਨਿਕ ਸਾਹਿਤ ਹਿੰਦੀ ਜਾਂ ਅੰਗਰੇਜੀ ਵਿੱਚ ਛਾਪਣ ਦੇ ਵੱਧ ਉਪਰਾਲੇ ਕਰਨੇ ਪੈਣਗੇ. ਸੂਬਾ ਕਮੇਟੀ ਮੈਂਬਰ ਰਾਮ ਸਵਰਨ ਲੱਖੇਵਾਲੀ ਨੇ ਚਰਚਾ ਨੂੰ ਸਮੇਟਦਿਆਂ ਪਾਠਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਕਿਹਾ ਕਿ ਵਿਗਿਆਨਿਕ ਸਾਹਿਤ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਨਿੱਜੀ ਤੌਰ ਤੇ ਹਰੇਕ ਨੂੰ ਯੋਗਦਾਨ ਦੇਣਾ ਪਵੇਗਾ. ਉਹਨਾਂ ਕਿਹਾ ਕਿ ਕੱਟੜਵਾਦੀਆਂ ਦੀ ਕਾਟ ਸਾਹਿਤ ਹੀ ਹੈ. ਇਸ ਮੌਕੇ ਲੈਕਚਰਾਰ ਗੁਰਮੀਤ ਖਰੜ, ਸੁਰਜੀਤ ਸਿੰਘ, ਜਸਵੰਤ ਮੋਹਾਲੀ, ਨਰਿੰਦਰ ਕੁਮਾਰ, ਅਜੀਤ ਪ੍ਰਦੇਸੀ, ਅਸ਼ੋਕ ਰੋਪੜ ਆਦਿ ਨੇ ਵੀ ਸੰਬੋਧਨ ਕੀਤਾ.