ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਸ਼ਾਂਝੀ ਵਰਕਸ਼ਾਪ 7 ਅਤੇ 8 ਦਸੰਬਰ ਨੂੰ

ਉੱਤਰੀ ਭਾਰਤ ਦੇ ਤਰਕਸ਼ੀਲਾਂ ਦੀ ਦੋ ਦਿਨਾਂ ਦੀ ਸ਼ਾਂਝੀ ਵਰਕਸ਼ਾਪ 7 - 8 ਦਸੰਬਰ 2024 ਨੂੰ ਤਰਕਸ਼ੀਲ ਭਵਨ ਬਰਨਾਲਾ (ਪੰਜਾਬ) ਵਿਖੇ ਹੋਵੇਗੀ। ਇਸ ਵਰਕਸ਼ਾਪ ਦੀ ਰਜਿਸਟ੍ਰੇਸ਼ਨ ਫੀਸ 600 ਰੁਪਏ ਪ੍ਰਤੀ ਵਿਆਕਤੀ ਹੋਵੇਗੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰਾਂ ਤੋਂ 300 ਰੁਪਏ ਪ੍ਰਤੀ ਮੈਂਬਰ ਰਜਿਸਟੇਸ਼ਨ ਫੀਸ ਲਈ ਜਾਵੇਗੀ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਤਰਕਸ਼ੀਲਾਂ ਨੇ ਬੱਚਿਆਂ ਨੂੰ ਦੱਸੇ ਜਾਦੂ ਦੇ ਭੇਤ

ਮੋਹਾਲੀ, 21 ਜੂਨ (ਹਰਪ੍ਰੀਤ ਸਿੰਘ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਰਕੁੰਨਾਂ ਵੱਲੋਂ ਸਾਰੰਗ ਲੋਕ ਵਿੱਚ ਆਯੋਜਿਤ ਸਮਰ ਕੈਂਪ ਦੌਰਾਨ ਜਾਦੂ ਦੀ ਵਰਕਸ਼ਾਪ ਲਗਾਈ ਗਈ ਜਿਸ ਵਿੱਚ ਬੱਚਿਆਂ ਨੂੰ ਜਾਦੂ ਦੇ ਭੇਤ ਦੱਸੇ ਗਏ. ਵਰਕਸ਼ਾਪ ਦਾ ਉਦਘਾਟਨ ਸਾਰੰਗ ਲੋਕ ਦੀ ਡਾਇਰੈਕਟਰ ਬੀਬੀ ਰਮਾ ਰਤਨ ਨੇ ਕੀਤਾ. ਦੱਸਣਯੋਗ ਹੈ ਕਿ ਸਾਰੰਗ

ਲੋਕ ਵਿੱਚ 20 ਦਿਨਾਂ ਇਸ ਕੈਂਪ ਵਿੱਚ ਬੱਚਿਆਂ ਦੀ ਪ੍ਰਤਿਭਾ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਕਲਾਵਾਂ ਵਿੱਚ ਉਹਨਾਂ ਦੀ ਰੂਚੀ ਪੈਦਾ ਕੀਤੀ ਗਈ. ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਅਤੇ ਸਤਨਾਮ ਦਾਉਂ ਨੇ ਜਾਦੂ ਦੀ ਵਰਕਸ਼ਾਪ ਵਿੱਚ ਬੱਚਿਆਂ ਨੂੰ ਪਹਿਲਾਂ ਜਾਦੂ ਦੇ ਟਰਿੱਕ ਦਿਖਾ ਕੇ ਹੈਰਾਨ ਕੀਤਾ ਅਤੇ ਬਾਅਦ ਵਿੱਚ ਉਹਨਾਂ ਦੀ ਵਿਆਖਿਆ ਵੀ ਕੀਤੀ. ਸ਼੍ਰੀ ਜਰਨੈਲ ਕ੍ਰਾਂਤੀ ਨੇ ਦੱਸਿਆ ਕਿ ਬੱਚਿਆਂ ਨੂੰ ਜਾਦੂ ਦਿਖਾਉਣ ਪਿੱਛੇ ਸਿਰਫ ਉਹਨਾਂ ਦਾ ਮਨੋਰੰਜਨ ਕਰਨਾ ਨਹੀਂ ਸਗੋਂ ਉਹਨਾਂ ਨੂੰ ਇਸ ਪਿੱਛੇ ਕੰਮ ਕਰਦੇ ਕਾਰਨਾਂ ਬਾਰੇ ਦੱਸਣਾ ਹੈ. ਉਹਨਾਂ ਕਿ ਬਹੁਤ ਸਾਰੇ ਬੱਚੇ ਅਤੇ ਵੱਡੇ ਇਹ ਸੋਚਦੇ ਹਨ ਕਿ ਜਾਦੂ ਲਈ ਕੋਈ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨੀਆਂ ਪੈਂਦੀਆਂ ਹਨ ਜਾਂ ਇਸ ਪਿੱਛੇ ਕੋਈ ਗੈਬੀ ਸ਼ਕਤੀ ਕੰਮ ਕਰਦੀ ਹੈ. ਉਹਨਾਂ ਕਿਹਾ ਕਿ ਅਸਲ  ਵਿੱਚ ਇਹ ਧਾਰਨਾਵਾਂ ਗੈਰ ਵਿਗਿਆਨਿਕ ਹਨ ਅਤੇ ਜਾਦੂ ਪਿੱਛੇ ਕੋਈ ਗੈਬੀ ਸ਼ਕਤੀ ਕੰਮ ਨਹੀਂ ਕਰਦੀ ਤੇ ਇਸ ਨੂੰ ਹਰ ਕੋਈ ਸਿੱਖ ਸਕਦਾ ਹੈ. ਉੱਧਰ ਸਾਰੰਗ ਲੋਕ ਦੀ ਡਾਇਰੈਕਟਰ ਬੀਬੀ ਰਮਾ ਰਤਨ ਨੇ ਦੱਸਿਆ ਕਿ ਤਰਕਸ਼ੀਲ ਪ੍ਰੋਗਰਾਮ ਤੇ ਜਾਦੂ ਦੀ ਵਰਕਸ਼ਾਪ ਸਮਰ ਕੈਂਪ ਦੇ ਪ੍ਰੋਗਰਾਮ ਦਾ ਹਿੱਸਾ ਸੀ. ਉਹਨਾਂ ਕਿਹਾ ਕਿ ਉਹ ਸਮਝਦੇ ਹਨ ਕਿ 21ਵੀਂ ਸਦੀ ਵਿੱਚ ਬੱਚਿਆ ਦੀ ਸੋਚ ਵਿਗਿਆਨਿਕ ਹੋਣੀ ਚਾਹੀਦੀ ਹੈ ਜਿਸ ਲਈ ਇਹ ਪ੍ਰੋਗਰਾਮ ਕਰਵਾਇਆ ਗਿਆ. ਉਹਨਾਂ ਦਾਅਵਾ ਕੀਤਾ ਕਿ ਬੱਚਿਆਂ ਦਾ ਤਕਨੀਕੀ ਵਿਕਾਸ ਤਾਂ ਹੋ ਰਿਹਾ ਹੈ ਪਰ ਤਕਨੀਕ ਦੇ ਵਿਕਾਸ ਦੇ ਮੁਕਾਬਲੇ ਸਾਡੇ ਲੋਕਾਂ ਦੀ ਸੋਚ ਪਿਛਾਂਹਖੜੀ ਹੈ ਜਿਸ ਨੂੰ ਸੰਤੁਲਿਤ ਕੀਤਾ ਜਾਣਾ ਸਮੇਂ ਦੀ ਲੋੜ ਹੈ. ਤਰਕਸ਼ੀਲਾਂ ਨੇ ਇਸ ਮੌਕੇ ਜਾਦੂ ਦੇ ਨਾਲ ਨਾਲ ਬੱਚਿਆਂ ਨੂੰ ਅੰਧਵਿਸ਼ਵਾਸਾਂ ਪ੍ਰਤੀ ਵੀ ਸੁਚੇਤ ਕੀਤਾ. ਉਹਨਾਂ ਕਿਹਾ ਕਿ ਵਿਦਿਆਰਥੀ ਆਪਣੇ ਮਾਪਿਆਂ ਦੇ ਕਹੇ ਅਨੁਸਾਰ ਬਹੁਤ ਸਾਰੇ ਅਜਿਹੇ ਕੰਮ ਕਰਦੇ ਹਨ, ਜੋ ਗੈਰ ਵਿਗਿਆਨਿਕ ਤਾਂ ਹੁੰਦੇ ਹੀ ਹਨ ਸਗੋਂ ਉਹਨਾਂ ਦੇ ਮਾਨਸਿਕ ਵਿਕਾਸ ਵਿੱਚ ਰੋੜਾ ਵੀ ਬਣਦੇ ਹਨ. ਉਹਨਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਤਵੀਤਾਂ ਪਾਉਣ, ਹੱਥਾਂ ਤੇ ਖੰਮਣੀਆਂ ਬੰਨਣ, ਮਾਂ ਬਾਪ ਵੱਲੋਂ ਬੱਚਿਆਂ ਦੇ ‘ਓਪਰੀਨਜਰ’ਤੋਂ ਬਚਾਉਣ ਲਈ ਕਾਲੇ ਟਿੱਕੇ ਲਾਉਣ ਦਾ ਅੰਧਵਿਸ਼ਵਾਸ ਆਮ ਪਾਇਆ ਜਾਂਦਾ ਹੈ ਜਿਸ ਨੂੰ ਮੌਜੂਦਾ ਸਮੇਂ ਵਿੱਚ ਛੱਡਿਆ ਜਾਣਾ ਬਣਦਾ ਹੈ. ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਨਾਲ-ਨਾਲ ਆਪਣੀ ਸੋਚ ਨੂੰ ਵਿਗਿਆਨਿਕ ਬਣਾਉਣ ਲਈ ਉਪਰਾਲੇ ਕਰਨ ਅਤੇ ਬੱਚਿਆਂ ਤੇ ਗੈਰਵਿਗਿਆਨਿਕ ਗੱਲਾਂ ਨਾ ਥੋਪਣ. ਸੁਸਾਇਟੀ ਮੈਂਬਰ ਅਰਵਿੰਦਰ ਕੌਰ ਵੱਲੋਂ ਪੁਸਤਕ ਪ੍ਰਦਸ਼ਨੀ ਲਾਈ ਗਈ ਜਿੱਥੇ ਬੱਚਿਆਂ ਨੇ ਆਪਣੀ ਪਸੰਦ ਮੁਤਾਬਕ ਇੱਕ-ਇੱਕ ਕਿਤਾਬ ਖਰੀਦੀ.