ਸੁੰਘਣ ਸ਼ਕਤੀ ਰਾਹੀਂ ਪੜਨ ਦੇ ਦਾਅਵੇ ਹੋਏ ਠੁੱਸ, ਬਰੇਨ ਪੀਡੀਆ ਦੀ ਜਮਾਨਤ ਜ਼ਬਤ
ਤਰਕਸ਼ੀਲਾਂ ਨੇ ਜਿੱਤ ਉਪਰੰਤ ਗੈਰ ਵਿਗਿਆਨਕ ਪ੍ਰਚਾਰ ਖਿਲਾਫ ਉਠਾਈ ਮੰਗ
ਜਲੰਧਰ, 17 ਜੂਨ (ਰਾਮ ਸਵਰਨ ਲੱਖੇਵਾਲੀ): ਸਮਾਜ 'ਚੋਂ ਅੰਧਵਿਸ਼ਵਾਸਾਂ ਅਤੇ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਵਿਗਿਆਨਕ ਚੇਤਨਾ ਨਾਲ ਭਰਮ ਮੁਕਤ ਤੇ ਬਰਾਬਰੀ ਦੇ ਸੁਖਾਵੇਂ ਸਮਾਜ ਲਈ ਪਿਛਲੇ ਤਿੰਨ ਦਹਾਕਿਆਂ 'ਚੋਂ ਕਾਰਜਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਕਾਫਲੇ ਨੂੰ ਵਡੇਰੀ ਸਫ਼ਲਤਾ ਮਿਲੀ ਜਦ ਸੁੰਘਣ
ਸ਼ਕਤੀ ਰਾਹੀਂ ਅੱਖਾਂ ਦੀ ਨਜ਼ਰ ਬੰਦ ਕਰਕੇ ਪੜ੍ਹਨ ਦਾ ਦਾਅਵਾ ਕਰਨ ਵਾਲੀ ਹੁਸ਼ਿਆਰਪੁਰ ਦੀ ਬਰੇਨ ਪੀਡੀਆ ਨਾਂ ਦੀ ਸੰਸਥਾ ਨੂੰ ਤਰਕਸ਼ੀਲ ਸਾਹਵੇਂ ਆਪਣੇ ਨਾਲ ਲਿਆਂਦੇ ਬੱਚਿਆਂ ਵੱਲੋਂ ਪੜ੍ਹ ਸਕਣ ਤੋਂ ਅਸਮਰਥਤਾ ਪ੍ਰਗਟ ਕਰਨ 'ਤੇ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ. ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਰਾਜ ਭਰ ਤੋਂ ਪੁੱਜੇ ਤਰਕਸ਼ੀਲਾਂ ਬੁੱਧੀਜੀਵੀਆਂ, ਮੀਡੀਆ 'ਤੇ ਹੋਰਨਾਂ ਚਿੰਤਨਸ਼ੀਲ ਲੋਕਾਂ ਦੀ ਹਾਜ਼ਰੀ 'ਚ ਬਰੇਨਪੀਡੀਆ ਸੰਸਥਾ ਦੇ ਸਿਖਲਾਈ ਪ੍ਰਾਪਤ ਬੱਚੇ ਦਾਅਵਿਆਂ ਅਨੁਸਾਰ ਪੇਸ਼ਕਾਰੀ ਨਹੀਂ ਕਰ ਸਕੇ. ਜਿਕਰਯੋਗ ਹੈ ਕਿ ਬੀਤੀ 3ਜੂਨ ਨੂੰ ਸੰਸਥਾ ਦੇ ਮੁਖੀ ਗੁਰਦੇਵ ਸਿੰਘ ਸੈਣੀ ਨੇ ਤਰਕਸ਼ੀਲਾਂ ਨੂੰ 10,000 ਰੁਪੈ ਦੀ ਜਮਾਨਤ ਜਮ੍ਹਾਂ ਕਰਵਾ ਕੇ ਅੱਜ ਦੇ ਦਿਨ ਸੁੰਘਣ ਸ਼ਕਤੀ ਰਾਹੀਂ ਪੜ੍ਹਨ ਦੇ ਦਾਅਵੇ ਨੂੰ ਸੱਚ ਸਾਬਤ ਕਰਨਾ ਸੀ. ਪਰਖ ਕਾਲ ਸਮੇਂ ਹਾਲ ਦੇ ਟਰੱਸਟੀ ਮੈਂਬਰਾਂ ਡਾ. ਰਘੁਬੀਰ ਕੌਰ, ਕਾਮਰੇਡ ਅਜਮੇਰ ਸਿੰਘ ਅਤੇ ਕਾ. ਗੁਰਮੀਤ ਦੀ ਹਾਜਰੀ 'ਚ ਤਰਕਸ਼ੀਲ ਸੁਸਾਇਟੀ ਵੱਲੋਂ ਬੱਚਿਆਂ ਦੀ ਨਜ਼ਰ ਬੰਦ ਕਰਨ ਉਪਰੰਤ ਉਹ ਦਿੱਤੇ ਗਈ ਲਿਖਤ ਪੜ੍ਹਨ ਵਿੱਚ ਸਫਲ ਨਹੀਂ ਹੋਏ ਇਥੋਂ ਤੱਕ ਕਿ ਉਹ ਕਾਗਜ ਦਾ ਰੰਗ ਵੀ ਨਹੀਂ ਦੱਸ ਸਕੇ. ਕੀਤੇ ਇਕਰਾਰਨਾਮੇ ਅਨੁਸਾਰ ਸੰਸਥਾ ਦੇ ਸਿਖਿਅਤ ਬੱਚਿਆਂ ਨੇ ਅੰਗਰੇਜੀ ਵਿੱਚ ਦਿੱਤੀ ਲਿਖਤ ਹੀ ਪੜ੍ਹਨੀ ਸੀ ਪਰੰਤੂ ਸੰਸਥਾ ਦੁਆਰਾ ਲਿਆਦਾ ਬੱਚਾ ਕਹਿ ਰਿਹਾ ਸੀ ਕਿ ਉਸਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਜਦ ਕਿ ਦਿੱਤੀ ਲਿਖਤ ਅੰਗਰੇਜੀ ਵਿੱਚ ਸੀ. ਜੱਜਾਂ ਦੇ ਫੈਸਲੇ ਅਨੁਸਾਰ ਬਰੇਨ ਪੀਡੀਆ ਵੱਲੋਂ ਸੁੰਘਣ ਦੀ ਸ਼ਕਤੀ ਨਾਲ ਪੜ੍ਹਨ ਵਿੱਚ ਅਸਫਲ ਰਹਿਣ 'ਤੇ ਉਹਨਾਂ ਦੀ ਜਮਾਨਤ ਜਬਤ ਹੋ ਗਈ. ਇਸ ਉਪਰੰਤ ਤਰਕਸ਼ੀਲ ਕਾਰਕੁੰਨ ਵੇਦ ਪ੍ਰਕਾਸ਼ ਜੀਰਾ ਨੇ ਆਪਣੇ ਨਾਲ ਲਿਆਂਦੇ ਬੱਚਿਆਂ ਰਾਹੀਂ ਮੰਚ 'ਤੇ ਸਫਲ ਪੇਸ਼ਕਾਰੀ ਕਰਕੇ ਬਰੇਨ ਪੀਡੀਆ ਦੁਆਰਾ ਹੇਰਾਫੇਰੀ ਨਾਲ ਬੱਚਿਆਂ 'ਤੇ ਮਾਪਿਆਂ ਦੇ ਕੀਤੇ ਜਾਂਦੇ ਸ਼ੋਸ਼ਣ ਨੂੰ ਬੇਪਰਦ ਕੀਤਾ. ਸੰਸਥਾ ਦੀ ਅਸਫਲਤਾ ਤੋਂ ਬਾਅਦ ਖਚਾ-ਖਚ ਭਰੇ ਹਾਲ 'ਚ ਜੁੜੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਸੂਬਾਈ ਮੁਖੀ ਰਾਜਿੰਦਰ ਭਦੌੜ ਨੇ ਦਿਮਾਗੀਆਂ ਸ਼ਕਤੀਆਂ ਦੇ ਵਿਕਾਸ ਦਾ ਗੈਰ ਵਿਗਿਆਨਕ ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਅਜਿਹੇ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ. ਉਹਨਾਂ ਅਖਬਾਰਾਂ 'ਚ ਛਪੀਆਂ ਖਬਰਾਂ ਦਾ ਹਵਾਲਾ ਦਿੰਦਿਆ ਦੱਸਿਆ ਕਿ ਕੱਲ੍ਹ ਹੀ ਮੰਡੀ ਡੱਬਵਾਲੀ (ਸਿਰਸਾ) ਵਿਖੇ ਇੱਕ ਅਜਿਹੀ ਹੀ ਸੰਸਥਾ ਦੇ ਸੈਮੀਨਾਰ ਦੌਰਾਨ ਬਰੇਨ ਪੀਡੀਆ ਦਾ ਪ੍ਰਦਸ਼ਨ ਕਰਨ ਵਾਲੇ ਸੰਚਾਲਕਾਂ ਨੂੰ ਤਰਕਸ਼ੀਲਾਂ ਦੀ ਦਖਲ ਅੰਦਾਜੀ 'ਤੇ ਪੁਲਿਸ ਦੀ ਹਾਜ਼ਰੀ 'ਚ ਮਾਪਿਆਂ ਤੋਂ ਬਟੋਰੇ ਇੱਕ ਲੱਖ ਅੱਸੀ ਹਜ਼ਾਰ ਰੁਪਏ ਵਾਪਸ ਕਰਕੇ ਲਿਖਤੀ ਮੁਆਫੀ ਵੀ ਮੰਗਣੀ ਪਈ ਹੈ. ਜਿਕਰਯੋਗ ਹੈ ਕਿ ਅਜਿਹੇ ਹੀ ਪ੍ਰਦਰਸ਼ਨ ਨੂੰ ਫੈਡਰੇਸ਼ਨ ਆਫ ਇੰਡੀਅਨ ਰੈਸ਼ਨੇਲਿਸਟ ਐਸੋਸੀਏਸ਼ਨ (ਫੀਰਾ) ਦੇ ਕੌਮੀ ਆਗੂ ਡਾ. ਨਰੇਂਦਰ ਨਾਇਕ ਕੇਰਲਾ ਵਿੱਚ ਇੱਕ ਜਨਤਕ ਸਮਾਗਮ ਵਿੱਚ ਝੂਠਾ ਸਾਬਤ ਕਰ ਚੁੱਕੇ ਹਨ. ਇਸ ਮੌਕੇ 'ਤੇ ਐਡਵੋਕੇਟ ਹਰਿੰਦਰ ਲਾਲੀ ਨੇ ਜਾਦੂਈ ਇਸ਼ਤਿਹਾਰਬਾਜੀ ਸਬੰਧੀ ਕਾਨੂੰਨੀ ਧਾਰਾਵਾਂ ਦਾ ਜਿਕਰ ਕਰਦਿਆਂ ਸਪੱਸ਼ਟ ਕੀਤਾ ਕਿ ਮੈਜਿਕ ਰੈਮੇਡਿਜ਼ ਐਕਟ ਦੇ ਹੁੰਦਿਆਂ ਵੀ ਇਲੈਕਟ੍ਰਾਨਿਕ ਮੀਡੀਆ ਰਾਹੀਂ ਅੰਧਵਿਸ਼ਵਾਸਾਂ ਦਾ ਪ੍ਰਚਾਰ ਪਾਸਾਰ ਜੋਰ ਸ਼ੋਰ ਨਾਲ ਜਾਰੀ ਹੈ. ਹੇਮ ਰਾਜ ਸਟੈਨੋ ਨੇ ਅਜਿਹੀਆਂ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਲੁੱਟ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਸਮਝਣ ਦੀ ਲੋੜ 'ਤੇ ਜੋਰ ਦਿੱਤਾ ਜਦ ਕਿ ਸੁਰਜੀਤ ਦੌਧਰ ਨੇ ਜੋਤਿਸ਼ ਦੇ ਨਾਂ 'ਤੇ ਕੀਤੇ ਜਾ ਰਹੇ ਵਪਾਰ ਅਤੇ ਕੀਤੀ ਜਾ ਰਹੀ ਦੁਕਾਨਦਾਰੀ ਦਾ ਪਰਦਾ ਚਾਕ ਕੀਤਾ. ਸੁਸਾਇਟੀ ਦੇ ਸੂਬਾਈ ਆਗੂਆਂ ਸੁਖਵਿੰਦਰ ਬਾਗਪੁਰ, ਰਾਮ ਸਵਰਨ ਲੱਖੇਵਾਲੀ, ਚੰਨਣ ਵਾਂਦਰ, ਭੂਰਾ ਸਿੰਘ, ਸੁਖਦੇਵ ਫਗਵਾੜਾ ਤੋਂ ਇਲਾਵਾ ਰਾਜ ਭਰ ਤੋਂ ਆਏ ਮਾ. ਕੁਲਜੀਤ ਅਬੋਹਰ, ਮੁਖਵਿੰਦਰ ਚੋਹਲਾ, ਅਜੀਤ ਪ੍ਰਦੇਸੀ ਰੋਪੜ, ਦਲਬੀਰ ਕਟਾਣੀ ਲੁਧਿਆਣਾ, ਰਾਜਵੰਤ ਬਾਗੜੀਆਂ ਅਤੇ ਗੁਰਪ੍ਰੀਤ ਸ਼ਹਿਣਾ ਆਦਿ ਸੂਬਾਈ ਆਗੂ ਵੀ ਹਾਜਰ ਸਨ. ਪਿਛਲੇ ਦੋ ਹਫਤਿਆਂ ਤੋਂ ਬਰੇਨ ਪੀਡੀਆ ਦੀ ਅਸਲੀਅਤ ਜਾਨਣ ਲਈ ਉਤਾਵਲੇ ਲੋਕਾਂ ਦਾ ਅੱਜ ਵਿਗਿਆਨਕ ਸੋਚ ਦੇ ਜੇਤੂ ਰਹਿਣ ਅਤੇ ਪੀਡੀਆ ਸੰਸਥਾ ਨੂੰ ਮਿਲੀ ਮਾਤ 'ਤੇ ਅੱਜ ਦੇਸ਼ ਭਗਤ ਹਾਲ ਵਿੱਚ ਉਤਸ਼ਾਹ ਦੇਖਿਆਂ ਹੀ ਬਣਦਾ ਸੀ. ਸੱਚ-ਝੂਠ ਦੀ ਪਰਖ ਵੇਖਣ ਆਏ ਮੁਕਤਸਰ ਜਿਲੇ ਦੇ ਪਿੰਡ ਖੋਖਰ ਦੇ ਸਰਪੰਚ ਗੁਰਮੀਤ ਸਿੰਘ ਭਲਵਾਨ ਨੇ ਤਰਕਸ਼ੀਲਾਂ ਦੇ ਕਾਰਜ ਦੀ ਭਰਵੀਂ ਪ੍ਰਸੰਸਾ ਕਰਦਿਆਂ ਦੇਸ਼ ਭਰ ਵਿੱਚ ਦਿਮਾਗੀ ਵਿਕਾਸ ਦੇ ਨਾਂ 'ਤੇ ਖੇਡੀ ਜਾ ਰਹੀ ਇਸ ਲੁੱਟ ਦੀ ਖੇਡ ਦੀ ਖੇਡ ਦੇ ਖਾਤਮੇ ਲਈ ਹੋਰ ਵਧੇਰੇ ਯਤਨਾਂ ਦੀ ਲੋੜ 'ਤੇ ਜੋਰ ਦਿੱਤਾ. ਇਸ ਮੌਕੇ ਦੇਸ਼ ਭਗਤ ਹਾਲ ਖੜੀ ਤਰਕਸ਼ੀਲ ਸਾਹਿਤ ਵੈਨ ਤੇ ਹੋਰ ਪੁਸਤਕ ਪ੍ਰਦਰਸ਼ਨੀਆਂ ਨੇ ਸਮਾਰੋਹ 'ਚ ਪੁਸਤਕ ਸਭਿਆਚਾਰ ਦਾ ਰੰਗ ਬਿਖੇਰਿਆ.