ਅੰਧਵਿਸ਼ਵਾਸ਼ਾਂ ਖ਼ਿਲਾਫ ਜੰਗ: ਤਰਕਸ਼ੀਲਾਂ ਕੀਤੀ ਕਾਨੂੰਨ ਬਣਾਉਣ ਦੀ ਮੰਗ

ਅੰਧਵਿਸ਼ਵਾਸ਼ ਸਮਾਜਿਕ ਵਿਕਾਸ ਦੇ ਰਾਹ 'ਚ ਬਣੇ ਰੁਕਾਵਟ

ਬਰਨਾਲਾ, 15 ਅਪ੍ਰੈਲ (ਰਾਮ ਸਵਰਨ ਲੱਖੇਵਾਲੀ): ‘ਅਜੋਕੇ ਵਿਗਿਆਨਕ ਯੁੱਗ ਵਿੱਚ ਵੀ ਬਿਜਲਈ ਮੀਡੀਆ ਵੱਲੋਂ ਦਿਨ-ਰਾਤ ਅੰਧ-ਵਿਸ਼ਵਾਸਾਂ ਦੇ ਕੀਤੇ ਜਾ ਰਹੇ ਕੂੜ ਪ੍ਰਚਾਰ ਨੇ ਜਿਥੇ ਬਾਲ ਮਨਾਂ ਵਿੱਚ ਸਹਿਮ ਤੇ ਡਰ ਦਾ ਮਾਹੌਲ ਪੈਂਦਾ ਕਰ ਰੱਖਿਆ ਹੈ ਉਥੇ ਲੋਕਾਂ ਨੂੰ ਕਿਰਤ ਸਭਿਆਚਾਰ ਨਾਲੋਂ ਤੋੜ ਕੇ ਟੂਣੇ-ਟਾਮਣਾਂ ਤੇ ਰਾਸ਼ੀਆਂ ਦੇ

ਚੱਕਰਵਿਊ ਵਿੱਚ ਫਸਾ ਕੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਪ੍ਰਸਾਰ ਵਿੱਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ.’ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਗਿਆਨ ਤੇ ਸਮਾਜਿਕ ਚੇਤਨਾ ਦੇ ਪ੍ਰਚਾਰ-ਪ੍ਰਸਾਰ ਵਿੱਚ ਜੁੱਟੀ ਜਥੇਬੰਦੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੇ ਸੂਬਾਈ ਮੀਡੀਆ ਮੁਖੀ ਰਾਮ ਸਵਰਨ ਲੱਖੇਵਾਲੀ ਨੇ ਆਖਿਆ ਕਿ ਅੰਧ-ਵਿਸ਼ਵਾਸਾ ਦੇ ਪ੍ਰਚਾਰ ਨੇ ਮਨੁੱਖੀ ਜੀਵਨ ਨੂੰ ਹਮੇਸ਼ਾ ਬੁਰੇ ਰੁਖ ਪ੍ਰਭਾਵਿਤ ਕੀਤਾ ਹੈ. ਜਿਸ ਸਦਕਾ ਬਹੁਤ ਸਾਰੇ ਲੋਕ ਜਿੰਦਗੀ ਦੇ ਅਸਲੀ ਰਾਹਾਂ ਤੋਂ ਭਟਕ ਜਾਂਦੇ ਹਨ. ਉਹਨਾਂ ਸਪੱਸ਼ਟ ਕੀਤਾ ਕਿ ਵਿਗਿਆਨੀਆਂ ਵੱਲੋਂ ਜਿੰਦਗੀਆਂ ਲਗਾ ਕੇ ਕੀਤੀਆਂ ਖੋਜਾਂ ਕਾਰਨ ਮੈਡੀਕਲ ਖੇਤਰ ਦੀ ਅਥਾਹ ਤਰੱਕੀ ਦੇ ਚਲਦਿਆਂ ਵੀ ਲੋਕੀਂ ਕੈਂਸਰ, ਪੀਲੀਆ, ਟੀ.ਬੀ. ਤੇ ਹੋਰ ਨਾਮੁਰਾਦ ਬਿਮਾਰੀਆਂ ਦਾ ਇਲਾਜ ਧਾਗੇ-ਤਵੀਤਾਂ, ਹੱਥ-ਹਥੌਲਿਆਂ ਨਾਲ ਕਰਵਾਉਂਣ ਲਈ ਡੇਰਿਆਂ ਤੇ ਭਟਕ ਰਹੇ ਹਨ. ਇਸ ਅਮਲ ਨਾਲ ਕੀਮਤੀ ਮਨੁੱਖੀ ਜਾਨਾਂ ਨਾਲ ਖਿਲਵਾੜ ਤਾਂ ਹੋ ਹੀ ਰਿਹਾ ਹੈ, ਨਾਲ ਹੀ ਲੋਕਾਂ ਦੀ ਆਰਥਿਕ ਤੇ ਮਾਨਸਿਕ ਲੁੱਟ ਵੀ ਹੋ ਰਹੀ ਹੈ. ਉਹਨਾਂ ਆਖਿਆ ਕਿ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਮਹਾਰਾਸ਼ਟਰ ਦੀ ਤਰਜ਼ ਤੇ ਅੰਧ-ਵਿਸ਼ਵਾਸ਼ ਵਿਰੋਧੀ ਕਾਨੂੰਨ ਬਣਾੳਣਾ ਸਮੇਂ ਦੀ ਲੋੜ ਹੈ. ਤਰਕਸ਼ੀਲ ਆਗੂ ਨੇ ਦੱਸਿਆ ਕਿ ਸੁਸਾਇਟੀ ਦੇ ਕਾਨੂੰਨ ਵਿਭਾਗ ਵੱਲੋਂ ਐਡਵੋਕੇਟ ਹਰਿੰਦਰ ਲਾਲੀ ਦੀ ਅਗਵਾਈ ਹੇਠ ਇਸ ਕਾਨੂੰਨ ਦਾ ਖਰੜਾ ਮੁਕੰਮਲ ਕਰ ਲਿਆ ਗਿਆ ਹੈ ਜਦਕਿ ਉਸ ਤੇ ਚਰਚਾ ਵੀ ਕਰਵਾਈ ਜਾ ਚੁੱਕੀ ਹੈ. ਇਸ ਮੌਕੇ ਤੇ ਮੌਜੂਦ ਜ਼ੋਨ ਫਾਜਿਲਕਾ ਦੇ ਜਥੇਬੰਦਕ ਮੁਖੀ ਕੁਲਜੀਤ ਡੰਗਰ ਖੇੜਾ ਦਾ ਕਹਿਣਾ ਸੀ ਕਿ ਸੁਸਾਇਟੀ ਵੱਲੋਂ ਇਸ ਕਾਨੂੰਨ ਦੇ ਖਰੜੇ ਦੀਆਂ ਕਾਪੀਆਂ ਜਲਦੀ ਹੀ ਪੰਜਾਬ ਸਰਕਾਰ, ਰਾਜ ਦੇ ਸਾਰੇ ਮੰਤਰੀਆਂ, ਸੰਸਦੀ ਸਕੱਤਰਾਂ, ਵਿਰੋਧੀ ਧਿਰ ਦੇ ਆਗੂਆਂ ਤੇ ਸਾਰੇ ਵਿਧਾਇਕਾਂ ਤੱਕ ਪੁਜਦਾ ਕੀਤੀਆਂ ਜਾਣਗੀਆਂ. ਜ਼ਿਕਰਯੋਗ ਹੈ ਕਿ ਭਾਰਤੀ ਸਵਿੰਧਾਨ ਵਿੱਚ ਦਰਜ ਨਿਰਦੇਸ਼ਕ ਸਿਧਾਂਤਾਂ 'ਚ ਸਾਰੇ ਰਾਜਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਿਗਿਆਨਕ ਦ੍ਰਿਸ਼ਟੀਕੋਣ ਦੇ ਪ੍ਰਸਾਰ ਲਈ ਯਤਨ ਜੁਟਾਉਣਗੇ ਪ੍ਰੰਤੂ ਇਹ ਅਹਿਮ ਕਾਰਜ਼ ਤਰਕਸ਼ੀਲ ਸੁਸਾਇਟੀ ਪਿਛਲੇ ਤਿੰਨ ਦਹਾਕਿਆਂ ਤੋਂ ਆਪਣੇ ਬਲਬੂਤੇ ਹੀ ਕਰ ਰਹੀ ਹੈ. ਜਿਸ ਦੇ ਰਾਜ ਭਰ ਦੇ 10 ਜ਼ੋਨਾਂ ਵਿੱਚ ਚੁਣੀਆਂ ਗਈਆਂ 80 ਤਰਕਸ਼ੀਲ ਇਕਾਈਆਂ ਦੇ ਸੈਕੜੇ ਕਾਰਕੁੰਨ ਬਿਨ੍ਹਾਂ ਕਿਸੇ ਸੁਆਰਥ ਦੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਜੁਟੇ ਹੋਏ ਹਨ.