ਤਰਕਸ਼ੀਲਾਂ ਵੱਲੋਂ ਮਾਨਵੀ ਅਧਿਕਾਰਾਂ ਦੀ ਰਾਖੀ ਦੀ ਪੈਰ੍ਹਵਾਈ ਦਾ ਸੱਦਾ

ਸੂਬਾਈ ਇਜਲਾਸ ਸੰਪੰਨ: ਰਾਜਿੰਦਰ ਭਦੌੜ ਬਣੇ ਸੂਬਾ ਜਥੇਬੰਦਕ ਮੁਖੀ

ਬਰਨਾਲਾ, 3 ਅਪ੍ਰੈਲ (ਰਾਮ ਸਵਰਨ ਲੱਖੇਵਾਲੀ): ਪਿਛਲੇ 30 ਸਾਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਵਹਿਮਾਂ, ਭਰਮਾਂ ਅਤੇ ਅੰਧਵਿਸ਼ਵਾਸ਼ਾਂ ਤੋਂ ਛੁਟਕਾਰਾ ਦਿਵਾਉਣ ਲਈ ਵਿਗਿਆਨਕ ਚੇਤਨਾ ਦਾ ਪਾਸਾਰ ਕਰ ਰਹੀ ਸਮਾਜਿਕ ਜਥੇਬੰਦੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦਾ ਸੂਬਾਈ ਇਜਲਾਸ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ

ਸੰਪੰਨ ਹੋਇਆ, ਜਿਸ ਵਿੱਚ ਰਾਜ ਭਰ ਦੀਆਂ 75 ਤਰਕਸ਼ੀਲ ਇਕਾਈਆਂ ਦੇ ਕੁੱਲ 183 ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ. ਸੁਸਾਇਟੀ ਦੇ ਸੂਬਾਈ ਇਜਲਾਸ 'ਚ ਹਾਜ਼ਰ ਡੈਲੀਗੇਟਾਂ ਨੇ ਤਰਕਸ਼ੀਲ ਸਾਹਿਤ ਵੈਨ ਦੇ ਸਫ਼ਰ, ਸਭਿਆਚਾਰ ਵਿੱਚ ਨਸ਼ਿਆਂ ਤੇ ਅੰਧਵਿਸ਼ਵਾਸ਼ਾਂ ਦੇ ਵਧ ਰਹੇ ਪਾਸਾਰ, ਮੀਡੀਆ ਰਾਹੀਂ ਕੀਤੇ ਜਾ ਰਹੇ ਕੂੜ ਪ੍ਰਚਾਰ, ਰਾਜ ਭਰ ਵਿਚ ਹੋ ਰਹੀਆਂ ਤਰਕਸ਼ੀਲ ਸਰਗਰਮੀਆਂ ਤੇ ਸਾਹਿਤ ਰਾਹੀਂ ਲੋਕਾਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਜੋੜਨ ਦੇ ਮੁੱਦਿਆਂ ਤੇ ਭਰਵੀਂ ਵਿਚਾਰ-ਚਰਚਾ ਕੀਤੀ ਗਈ. ਵਿਚਾਰ-ਚਰਚਾ ਵਿੱਚ ਭਾਗ ਲੈਂਦਿਆਂ ਪ੍ਰੋ: ਅਵਤਾਰਦੀਪ, ਜਰਨੈਲ ਕ੍ਰਾਂਤੀ, ਗੁਰਮੀਤ ਖਰੜ, ਰਣਜੀਤ ਮੋਠਾਂਵਾਲੀ, ਗੁਰਪ੍ਰੀਤ ਸ਼ਹਿਣਾ, ਰਾਮ ਸਿੰਘ ਨਿਰਮਾਣ, ਮਾਸਟਰ ਪਰਮਵੇਦ ਆਦਿ ਤਰਕਸ਼ੀਲ ਬੁਲਾਰਿਆਂ ਨੇ ਸਮਾਜ ਦੇ ਵਿਕਾਸ ਤੇ ਚੇਤਨਾ ਲਈ ਤਰਕਸ਼ੀਲਤਾ ਦੇ ਪ੍ਰਚਾਰ ਤੇ ਪਾਸਾਰ ਦੀ ਲੋੜ ਤੇ ਜੋਰ ਦਿੱਤਾ. ਉਹਨਾਂ ਤਰਕਸ਼ੀਲ ਸਾਹਿਤ ਵੈਨ ਰਾਹੀਂ ਰਾਜ ਭਰ ਵਿਚ ਚਲਾਏ ਜਾ ਰਹੇ ਪੁਸਤਕ ਸਭਿਆਚਾਰ ਦੀ ਸ਼ਲਾਘਾ ਕਰਦਿਆਂ ਤਰਕਸ਼ੀਲ ਤੇ ਅਗਾਂਹ ਵਧੂ ਸਾਹਿਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਤੇ ਜੋਰ ਦਿੱਤਾ. ਤਰਕਸ਼ੀਲ ਆਗੂਆਂ ਨੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਅੰਧਵਿਸ਼ਵਾਸਾਂ ਦੇ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਨਿੰਦਿਆ ਕਰਦਿਆਂ ‘ਮੈਜ਼ਿਕ ਰੈਮਡੀਜ਼ ਐਕਟ’ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ. ਆਗੂਆਂ ਨੇ ਮਹਾਂਰਾਸ਼ਟਰ ਦੀ ਤਰਜ਼ ਤੇ ਪੰਜਾਬ ਵਿਚ ਵੀ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਬਣਾਏ ਜਾਣ ਦੀ ਮੰਗ ਕੀਤੀ. ਆਗੂਆਂ ਨੇ ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ ਫਿਰਕਾਪ੍ਰਸਤ ਤਾਕਤਾਂ ਵੱਲੋਂ ਪੜ੍ਹਨ, ਲਿਖਣ ਤੇ ਬੋਲਣ ਦੀ ਆਜ਼ਾਦੀ ਜਿਹੇ ਮਾਨਵੀ ਅਧਿਕਾਰਾਂ ਉੱਪਰ ਕੀਤੇ ਜਾ ਰਹੇ ਹਮਲਿਆਂ ਦੀ ਨਿੰਦਾ ਕਰਦਿਆਂ ਅਧਿਕਾਰਾਂ ਦੀ ਪੈਰਵਾਈ ਦਾ ਸੱਦਾ ਦਿੱਤਾ.

ਇਜਲਾਸ ਦੌਰਾਨ ਨਵੇਂ ਸ਼ੈਸ਼ਨ ਲਈ ਸਰਵ ਸੰਮਤੀ ਨਾਲ ਹੋਈ ਚੋਣ ਵਿਚ ਰਾਜਿੰਦਰ ਭਦੌੜ ਨੂੰ ਮੁੜ ਤੋਂ ਸੂਬਾਈ ਜਥੇਬੰਦਕ ਮੁਖੀ, ਹੇਮ ਰਾਜ ਸਟੈਨੋ ਨੂੰ ਸੂਬਾਈ ਵਿੱਤ ਸਕੱਤਰ, ਬਲਬੀਰ ਚੰਦ ਲੌਗੋਵਾਲ ਨੂੰ ਮੁੱਖ ਸੰਪਾਦਕ ‘‘ਤਰਕਸ਼ੀਲ’ ਮੈਗਜ਼ੀਨ, ਬਲਵਿੰਦਰ ਬਰਨਾਲਾ ਨੂੰ ਕੌਮੀ/ਕੌਮਾਂਤਰੀ ਵਿਭਾਗ ਦਾ ਮੁਖੀ, ਮਾਸਟਰ ਤ੍ਰਲੋਚਣ ਸਿੰਘ ਨੂੰ ਸਭਿਆਚਾਰਕ ਵਿਭਾਗ ਦਾ ਮੁਖੀ, ਸੁਖਵਿੰਦਰ ਬਾਗਪੁਰ ਨੂੰ ਪ੍ਰਕਾਸ਼ਨ ਵਿਭਾਗ ਦਾ ਮੁਖੀ  ਤੇ ਰਾਮ ਸਵਰਨ ਲੱਖੇਵਾਲੀ ਨੂੰ ਸੂਬਾ ਮੀਡੀਆ ਵਿਭਾਗ ਦਾ ਮੁਖੀ, ਐਡਵੋਕੇਟ ਹਰਿੰਦਰ ਲਾਲੀ ਨੂੰ ਕਾਨੂੰਨ ਵਿਭਾਗ ਦਾ ਮੁਖੀ ਜਦਕਿ ਬਹੁ ਸੰਮਤੀ ਨਾਲ ਭੂਰਾ ਸਿੰਘ ਨੂੰ ਸਾਹਿਤ ਵਿਭਾਗ ਦਾ ਮੁਖੀ ਤੇ ਚੰਨਣ ਵਾਂਦਰ ਨੂੰ ਮਾਨਸਿਕ ਸਿਹਤ ਚੇਤਨਾ ਵਿਭਾਗ ਦਾ ਮੁਖੀ ਚੁਣਿਆ ਗਿਆ. ਚਰਚਾ ਵਿੱਚ ਹੋਰਨਾਂ ਤੋਂ ਇਲਾਵਾ ਸੁਰਿੰਦਰ ਰਾਮਪੁਰਾ, ਰਾਮ ਕੁਮਾਰ ਪਟਿਆਲਾ, ਹਰਚੰਦ ਭਿੰਡਰ, ਰਾਜਵੰਤ ਬਾਗੜੀਆਂ ਤੇ ਮੁਖਤਿਆਰ ਗੋਪਲਾਪੁਰਾ ਨੇ ਵੀ ਆਪਣੇ ਵਿਚਾਰ ਰੱਖੇ.

ਇਜਲਾਸ ਵਿਚ ਹਾਜ਼ਰ ਡੈਲੀਗੇਟਾਂ ਨੇ ਸਮਾਜ ਨੂੰ ਸੁਖਾਵੇਂ ਰੁਖ ਤੋਰਨ ਤੇ ਭਰਮ ਮੁਕਤ ਬਣਾਉਣ ਲਈ ਤਰਕਸ਼ੀਲ  ਸਰਗਰਮੀਆਂ ਵਧਾਉਣ ਦਾ ਅਹਿਦ ਲਿਆ.