ਬੱਸਾਂ ’ਚ ਲੱਗੇ ਜੋਤਸ਼ੀਆਂ-ਤਾਂਤਰਿਕਾਂ ਦੇ ਪਰਚਿਆਂ ਦਾ ਤਰਕਸ਼ੀਲਾਂ ਵੱਲੋਂ ਵਿਰੋਧ

ਟਰਾਂਸਪੋਰਟ ਮੰਤਰੀ ਕੋਹਾੜ ਨੂੰ ਪੱਤਰ; ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੰਗ

ਐਸ.ਏ.ਐਸ ਨਗਰ, 19 ਅਪ੍ਰੈਲ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਨੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿੱਚ ਲੱਗੇ ਤਾਂਤਰਿਕਾਂ-ਜੋਤਸ਼ੀਆਂ ਦੇ ਪਰਚਿਆਂ/ਸਟਿੱਕਰਾਂ ਦਾ ਵਿਰੋਧ ਕੀਤਾ ਹੈ. ਸੁਸਾਇਟੀ ਨੇ ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਰੋਡਵੇਜ ਅਤੇ ਹੋਰ

ਪ੍ਰਾਈਵੇਟ ਬੱਸਾਂ ਵਿੱਚ ਤਾਂਤਰਿਕਾਂ-ਜੋਤਸ਼ੀਆਂ ਦੇ ਪ੍ਰਚਾਰ ਨੂੰ ਬੰਦ ਕੀਤਾ ਜਾਵੇ ਅਤੇ ਪਰਚੇ ਲਾਉਣ ਵਾਲੇ ਜੋਤਸ਼ੀਆਂ-ਤਾਂਤਰਿਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ. ਤਰਕਸ਼ੀਲਾਂ ਨੇ ਮੰਤਰੀ ਤੋਂ ਮੰਗ ਕੀਤੀ ਕਿ ਗੈਰ-ਕਾਨੂੰਨੀ ਪਰਚੇ ਨਾ ਲਾਉਣ ਸੰਬੰਧੀ ਜਿਲਾ ਟਰਾਂਸਪੋਰਟ ਅਫਸਰ ਜਾਂ ਹੋਰ ਸਟਾਫ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ. ਅੱਜ ਤਰਕਸ਼ੀਲ ਸੁਸਾਇਟੀ ਦੀ ਮੀਟਿੰਗ ਦੌਰਾਨ ਤਰਕਸ਼ੀਲ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਰੋਡਵੇਜ ਦੀਆਂ ਦੀ ਜਿਆਦਾਤਰ ਬੱਸਾਂ ਵਿੱਚ ਤਾਂਤਾਰਿਕਾਂ-ਜੋਤਸ਼ੀਆਂ ਦੇ ਗੁੰਮਰਾਹਕੁੰਨ ਇਸ਼ਤਿਹਾਰ ਨਾਜਾਇਜ ਤੌਰ ਤੇ ਲੱਗੇ ਹੋਏ ਹਨ ਜੋ ਭੋਲੀ-ਭਾਲੀ ਜਨਤਾ ਨੂੰ ਸਾਰੀਆਂ ਸਮੱਸਿਆਂਵਾਂ ਦਾ ਮਿੰਟਾਂ ਵਿੱਚ ਹੱਲ ਕਰਨ ਦੇ ਨਾਂ ਹੇਠ ਗੁੰਮਰਾਹ ਕਰ ਰਹੇ ਹਨ. ਉਹਨਾਂ ਕਿਹਾ ਇਹਨਾਂ ਤਾਂਤਰਿਕਾਂ ਦੇ ਪਰਚਿਆਂ ਤੇ ਸਿਰਫ ਮੋਬਾਈਲ ਨੰਬਰ ਹੀ ਲਿਖੇ ਹੁੰਦੇ ਹਨ, ਕੋਈ ਪਤਾ ਨਹੀਂ ਲਿਖਿਆ ਹੁੰਦਾ. ਜਦੋਂ ਕੋਈ ਵਿਅਕਤੀ ਇਹਨਾਂ ਨੂੰ ਫੋਨ ਕਰਦਾ ਹੈ ਤਾਂ ਇਹ ਬਿਨਾ ਮਿਲੇ ਹੀ ਉਹਨਾਂ ਤੋਂ ਪੂਜਾ ਕਰਨ ਦੇ ਨਾ ਹੇਠ ਬੈਂਕ ਖਾਤੇ ਵਿੱਚ ਪੈਸੇ ਜਮਾ ਕਰਵਾ ਲੈਂਦੇ ਹਨ. ਉਹਨਾਂ ਕਿਹਾ ਕਿ ਇਹ ਜੋਤਸ਼ੀ ਤਾਂਤਰਿਕ ਭੋਲੇ-ਭਾਲੇ ਵਿਅਕਤੀਆਂ ਨੂੰ ਇਸ ਤਰਾਂ ਆਪਣੀ ਗ੍ਰਿਫਤ ਵਿੱਚ ਕਰ ਲੈਂਦੇ ਹਨ ਕਿ ਕਈ ਵਾਰੀ ਤਾਂ ਉਹਨਾਂ ਤੋਂ ਬਿਨਾ ਮਿਲੇ ਹੀ ਤਿੰਨ-ਤਿੰਨ ਵਾਰ ਵੀ ਪੈਸੇ ਜਮਾਂ ਕਰਵਾ ਲੈਂਦੇ ਹਨ. ਇਸ ਤੋਂ ਬਾਅਦ ਇਹ ਸੰਬੰਧਤ ਵਿਅਕਤੀ ਦਾ ਫੋਨ ਚੁੱਕਣਾ ਬੰਦ ਕਰ ਦਿੰਦੇ ਹਨ ਅਤੇ ਲੁੱਟਿਆ ਗਿਆ ਵਿਅਕਤੀ ਸ਼ਰਮ ਦੇ ਮਾਰੇ ਕਿਸੇ ਕੋਲ ਕੋਈ ਸ਼ਿਕਾਇਤ ਨਹੀਂ ਕਰਦਾ. ਸ਼੍ਰੀ ਕ੍ਰਾਂਤੀ ਨੇ ਦਾਅਵਾ ਕੀਤਾ ਕਿ ਜੋਤਸ਼ੀਆਂ-ਤਾਂਤਰਿਕਾਂ ਦੇ ਇਹ ਇਸ਼ਤਿਹਾਰ ਡਰੱਗਜ ਐਂਡ ਮੈਜਿਕ ਰੈਮੀਡੀਜ (ਇਤਰਾਜਯੋਗ ਇਸ਼ਤਿਹਾਰਬਾਜੀ) ਐਕਟ-1954 ਦੇ ਖਿਲਾਫ ਹੈ ਜਿਸ ਅਧੀਨ ਕੋਈ ਅਜਿਹੀ ਇਸ਼ਤਿਹਾਰਬਾਜੀ ਨਹੀਂ ਕੀਤੀ ਜਾ ਸਕਦੀ.

ਉਹਨਾਂ  ਨੇ ਕਿਹਾ ਕਿ ਜੋਤਸ਼ੀਆਂ-ਤਾਂਤਰਿਕਾਂ ਜਾਂ ਕਿਸੇ ਵੀ ਬਾਬੇ, ਸੰਤ ਕੋਲ ਕੋਈ ਵੀ ਅਜਿਹੀ ਗੈਬੀ ਸ਼ਕਤੀ ਨਹੀਂ ਹੈ ਜੋ ਲੋਕਾਂ ਦੀਆਂ ਸਮੱਸਿਆਂ ਦਾ ਸਮਾਧਾਨ ਕਰ ਸਕੇ. ਇਹ ਅਨਸਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕੈਸ਼ ਕਰਦੇ ਹਨ ਅਤੇ ਉਹਨਾਂ ਦੀ ਆਰਥਿਕ ਅਤੇ ਮਾਨਸਿਕ ਲੁੱਟ ਕਰਦੇ ਹਨ. ਤਰਕਸ਼ੀਲ ਆਗੂ ਨੇ ਇਹ ਦਾਅਵਾ ਕੀਤਾ ਕਿ ਸੁਸਾਇਟੀ ਵੱਲੋਂ ਇਹਨਾਂ ਜੋਤਸ਼ੀਆਂ-ਤਾਂਤਰਿਕਾਂ ਨੂੰ ਖੁੱਲਾ ਚੈਲਿੰਜ ਹੈ ਕਿ ਉਹ ਗੈਬੀ ਸ਼ਕਤੀ ਨਾਲ ਸੁਸਾਇਟੀ ਦੀਆਂ 23 ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਕਰ ਦੇਵੇ ਤਾਂ ਸੁਸਾਇਟੀ ਵੱਲੋਂ ਉਹਨਾਂ ਨੂੰ 5 ਰੁਪਏ ਲੱਖ ਦਾ ਇਨਾਮ ਜਨਤਾ ਦੀ ਹਾਜਰੀ ਵਿੱਚ ਦਿੱਤਾ ਜਾਵੇਗਾ.