ਦੀਵਾਲੀ ਰੌਸ਼ਨੀਆਂ ਦਾ ਤਿਓਹਾਰ ਹੈ, ਇਸ ਨੂੰ ਪਟਾਕਿਆਂ ਦਾ ਤਿਓਹਾਰ ਨਾ ਬਣਾਓ: ਗੁਰਮੀਤ ਖਰੜ

ਦੀਵਾਲ਼ੀ ਮੌਕੇ ‘‘ਤਰਕਸ਼ੀਲ ਕਿਤਾਬਾਂ ਦੀ ਸਟਾਲ਼ ਵੀ ਲਗਾਈ

 ਖਰੜ, 23 ਅਕਤੂਬਰ (ਕੁਲਵਿੰਦਰ ਨਗਾਰੀ): ਦੀਵਾਲੀ ਰੌਸ਼ਨੀਆਂ ਦਾ ਤਿਓਹਾਰ ਹੈ ਪਰ ਵਪਾਰੀ ਵਰਗ ਦੀ ਮੁਨਾਫਾਖੋਰ ਸੋਚ ਨੇ ਇਸ ਨੂੰ ਆਤਿਸ਼ਬਾਜੀ ਅਤੇ ਪਟਾਕਿਆਂ ਦਾ ਤਿਓਹਾਰ ਬਣਾ ਕੇ ਰੱਖ ਦਿੱਤਾ ਹੈ.ਬਿਨਾਂ ਸੋਚੇ-ਸਮਝੇ ਅਸੀਂ ਹਰ ਸਾਲ ਦੀਵਾਲ਼ੀ ਮੌਕੇ ਪਟਾਕਿਆਂ ਦੁਆਰਾਂ ਅਰਬਾਂ ਰੁਪਏ ਦੀ ਸੁਆਹ ਬਣਾ ਦਿੰਦੇ

ਹਾਂ, ਜਿਸ ਕਾਰਨ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਆਮ ਜਨਤਾ ਦਾ ਤਾਂ ਦੀਵਾਲ਼ੀ ਮੌਕੇ ਦੀਵਾਲ਼ਾ ਨਿਕਲ਼ ਜਾਂਦਾ ਹੈ. ਵੈਸੇ ਤਾਂ ਦੇਸ ਦੀ ਕਰੰਸੀ ਨੂੰ

     ਇਕਾਈ ਖਰੜ ਦੇ ਮੈਂਬਰਾਂ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਦਾ ਦ੍ਰਿਸ਼

ਜਲਾਉਣਾ ਅਪਰਾਧ ਹੈ ਪਰ ਕੀ ਪਟਾਕਿਆਂ ਨੂੰ  ਜਲ਼ਾਕੇ ਅਸੀਂ ਇੱਕ ਤਰਾਂ ਨਾਲ਼ ਨੋਟਾਂ ਨੂੰ ਹੀ ਅੱਗ ਨਹੀਂ ਲਗਾ ਰਹੇ ਹੁੰਦੇ ? ਇਹ ਸਵਾਲ ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਦੇ ਮੈਂਬਰਾਂ ਵੱਲੋਂ ਦੀਵਾਲ਼ੀ ਮੌਕੇ ਵਿਗਿਆਨਿਕ-ਸੋਚ ਦਾ ਸੁਨੇਹਾ ਦਿੰਦੀ ਤਰਕਸ਼ੀਲ ਕਿਤਾਬਾਂ ਦੀ ਸਟਾਲ ਮੌਕੇ ਪਟਾਕਿਆਂ ਦੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਲੋਕਾਂ ਨੂੰ ਆਮ ਹੀ ਕੀਤਾ ਜਾਂਦਾ ਰਿਹਾ.

‘‘ ...ਮੈਂ ਨਹੀਂ ਕਹਿੰਦਾ ਕਿ ਆਪਣੇ ਬੱਚਿਆਂ ਨੂੰ,

ਖਿਡੌਣੇ ਨਾ ਦਿਓ, ਮਿਠਾਈ ਨਾ ਦਿਓ,

ਸਕੂਲ ਦੀ ਵਰਦੀ, ਉਜਲੀ ਕਮੀਜ ਤੇ ਨਿੱਕਟਾਈ ਨਾ ਦਿਓ.

ਜਾਂ ਉਨ੍ਹਾਂ ਲਈ ਬੈਂਕ ਬੈਲੰਸ ਨਾ ਛੱਡ ਕੇ ਜਾਓ,

ਪਰ ਸਾਹ ਲੈ ਸਕਣ ਉਹ ਆਰਾਮ ਨਾਲ਼,

ਐਸੀ ਰੁਮਕਦੀ ਹਵਾ ਵੀ ਛੱਡ ਕੇ ਜਾਓ.

ਤਰਕਸ਼ੀਲ ਬੁੱਕ ਸਟਾਲ ਵਿੱਚ ਰੱਖੀ ਇੱਕ ਕਿਤਾਬ ਵਿੱਚੋਂ ਸੁਰਜੀਤ ਪਾਤਰ ਦੀ ਕਵਿਤਾ ਦੀਆਂ ਉਪਰੋਕਤ ਲਾਇਨਾਂ ਸੁਣਾਂਦਿਆਂ ਤਰਕਸ਼ੀਲ ਆਗੂ ਗੁਰਮੀਤ ਖਰੜ ਨੇ ਕਿਹਾ ਕਿ ਸਵਾਲ ਸਿਰਫ ਆਰਥਿਕ ਨੁਕਸਾਨ ਦਾ ਹੀ ਨਹੀਂ ਹੈ ਬਲਕਿ ਅਸੀਂ ਦੀਵਾਲ਼ੀ ਵਾਲੇ ਦਿਨ ਚੰਦ ਕੁ ਘੰਟਿਆਂ ਵਿੱਚ ਹੀ ਹਜਾਰਾਂ ਟਨ ਕਾਰਬਨ-ਮੋਨੋਆਕਸਾਇਡ ਵਰਗੀਆਂ ਹੋਰ ਬਹੁਤ ਸਾਰੀਆਂ ਗੈਸਾਂ ਵਾਯੂਮੰਡਲ ਵਿੱਚ ਧੱਕ ਦਿੰਦੇ ਹਾਂ ਜਿਸ ਦੇ ਸਿੱਟੇ ਵਜੋਂ ਸਿਰਫ ਸਾਨੂੰ ਹੀ ਚਮੜੀ ਰੋਗ, ਕੈਂਸਰ ਅਤੇ ਸਾਹ ਦੀਆਂ ਬੀਮਾਰੀਆਂ ਨਹੀਂ ਚਿੰਬੜਦੀਆਂ ਬਲਕਿ ਸਾਡੀਆਂ ਆਉਣ ਵਾਲ਼ੀਆਂ ਨਸਲਾਂ ਨੂੰ ਵੀ ਸਾਡੀਆਂ ਗਲਤੀਆਂ ਦੇ ਨਤੀਜੇ ਭੁਗਤਣੇ ਪੈਣਗੇ. ਇਸ ਮੌਕੇ ਇਕਾਈ ਮੁਖੀ ਕਰਮਜੀਤ ਸਕਰੁੱਲਾਂਪੁਰੀ ਨੇ ਕਿਹਾ ਕਿ ਸਾਡਾ ਦੇਸ ਪਹਿਲਾਂ ਹੀ ਊਰਜਾ ਸੰਕਟ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ ਜਿਸ ਕਾਰਨ ਜਰੂਰੀ ਕੰਮਾ ਵਾਸਤੇ ਵੀ ਬਿਜਲੀ ਦੀ ਪੂਰਤੀ ਨਹੀਂ ਹੋ ਰਹੀ. ਅਜਿਹੇ ਮੁਸ਼ਕਲ ਸਮੇਂ ਬਿਜਲੀ ਵਰਗੀ ਬੇਸਕੀਮਤੀ ਊਰਜਾ ਦੀ ਬਹੁਤ ਵੱਡੀ ਮਾਤਰਾ ਸਿਰਫ ਸਜਾਵਟੀ ਉਪਕਰਨਾਂ ਅਤੇ ਲਾਇਟਾਂ ਦੁਆਰਾ ਇਕੋ ਦਿਨ ਵਿੱਚ ਫੂਕ ਦੇਣੀ ਸਾਡੀ ਗੈਰ-ਸੰਜੀਦਾ ਸੋਚ ਦਾ ਪ੍ਰਗਟਾਵਾ ਹੈ.

ਕਿਤਾਬਾਂ ਖਰੀਦੋ, ਪਟਾਕੇ ਨਹੀਂ’ ਦਾ ਸੁਨੇਹਾ ਦਿੰਦੀ ਇਸ ਬੁੱਕ ਸਟਾਲ ਮੌਕੇ ਤਰਕਸ਼ੀਲ ਆਗੂਆਂ ਨੇ ਦਾਅਵਾ ਕੀਤਾ ਕਿ ਦੁਕਾਨਾਂ ਮੂਹਰੇ ਆਮ ਹੀ ਲਿਖ ਕੇ ਲਗਾਇਆ ਹੁੰਦਾ ਹੈ ਕਿ ਫੈਸ਼ਨ ਦੇ ਦੌਰ ਵਿੱਚ ਗਰੰਟੀ ਦੀ ਇੱਛਾ ਨਾ ਕਰੋ ਪਰ ਸਾਡੀ ਗਾਰੰਟੀ ਹੈ ਕਿ ਸਾਡੀ ਬੁੱਕ ਸਟਾਲ ਤੋਂ ਸਿਰਫ ਇੱਕ ਕਿਲੋ ਮਠਿਆਈ ਦੇ ਬਰਾਬਰ ਮੁੱਲ ਦੀਆਂ ਕਿਤਾਬਾਂ ਖਰੀਦ ਕੇ ਪੜ੍ਹਨ ਨਾਲ਼ ਸਾਰੀ ਜਿੰਦਗੀ ਵਾਸਤੇ ਮਾਨਸਿਕ ਰੋਗਾਂ ਤੋਂ ਛੁਟਕਾਰਾ ਮਿਲ ਜਾਵੇਗਾ. ਇਸ ਮੌਕੇ ਤਰਕਸ਼ੀਲ ਕਾਮਿਆਂ ਕੁਲਵਿੰਦਰ ਨਗਾਰੀ, ਬਿਕਰਮਜੀਤ ਸੋਨੀ, ਸੁਜਾਨ ਬਡਾਲ਼ਾ ਜਸ਼ਪਾਲ ਬਡਾਲ਼ਾ, ਨੇ ਸਰਗਰਮ ਭੂਮਿਕਾ ਨਿਭਾਈ.