ਤਰਕਸ਼ੀਲਾਂ ਨੇ ਦਿੱਤਾ ਪੁਸਤਕਾਂ ਰਾਹੀਂ ਸਮਾਜ ਨੂੰ ਸੁਖਾਵੇਂ ਰੁਖ ਤੋਰਨ ਦਾ ਸੱਦਾ
ਦੀਵਾਲੀ ਮੌਕੇ ਲਗਾਈ ਪੁਸਤਕ ਪ੍ਰਦਰਸ਼ਨੀ
ਮੁਕਤਸਰ, 24 ਅਕਤੂਬਰ (ਬੂਟਾ ਸਿੰਘ ਵਾਕਫ਼): ਦੀਵਾਲੀ ਜਿਹੇ ਤਿਉਹਾਰਾਂ ਨੂੰ ਪਰ੍ਦੂਸ਼ਣ ਮੁਕਤ ਕਰਨ, ਚੰਗੇਰੀ ਸਿਹਤ, ਸੋਚ, ਜਿੰਦਗੀ ਤੇ ਸਮਾਜ ਲਈ ਸੰਵਾਦ ਛੇੜਣ ਦੇ ਮਨਸ਼ੇ ਨਾਲ ਤਰਕਸ਼ੀਲਾਂ ਵੱਲੋਂ ਦੀਵਾਲੀ ਤੇ ਪੁਸਤਕਾਂ ਨੂੰ ਹਰ ਦਰ ਤੇ ਪਹੁੰਚਾਉਣ ਲਈ ਸਥਾਨਕ ਰੈਡ ਕਰਾਸ ਭਵਨ ਸਾਹਮਣੇ ਪੁਸਤਕ ਪ੍ਰਦਰਸ਼ਨੀ
ਲਗਾਈ ਗਈ. ਤਰਕਸ਼ੀਲ ਸੁਸਾਇਟੀ ਪੰਜਾਬ(ਰਜਿ.) ਦੀ ਮੁਕਤਸਰ-ਲੱਖੇਵਾਲੀ ਇਕਾਈ ਦੇ ਆਗੂਆਂ ਦੀ ਪਹਿਲ ਕਦਮੀ ਤੇ ਤਿਉਹਾਰ ਵਾਲੇ ਦਿਨ ਸ਼ਹਿਰ ਆਏ ਲੋਕਾਂ ਨੂੰ ਪਟਾਕਿਆਂ ਦੀ ਥਾਂ ਪੁਸਤਕਾਂ ਖਰੀਦਣ ਦਾ ਸੁਨੇਹਾ ਦਿੱਤਾ ਗਿਆ. ਪ੍ਰਦਰਸ਼ਨੀ ਤੇ ਦਿਨ ਭਰ ਲੋਕਾਂ ਦੀ ਆਮਦ ਰਹੀ ਤੇ ਉਹਨਾਂ ਤਰਕਸ਼ੀਲਾਂ ਵੱਲੋਂ ਪੁਸਤਕ ਸਭਿਆਚਾਰ ਨਾਲ ਜਿੰਦਗੀ ਨੂੰ ਸੁਖਾਵੇਂ ਰੁਖ ਤੋਰਨ ਦਾ ਸੰਦੇਸ਼ ਵੀ ਗਹੁ ਨਾਲ ਸੁਣਿਆ. ਸੁਸਾਇਟੀ ਦੇ ਸੂਬਾਈ ਮੀਡੀਆ ਮੁਖੀ ਰਾਮ ਸਵਰਨ ਲੱਖੇਵਾਲੀ ਤੇ ਜੋਨ ਆਗੂ ਬੂਟਾ ਸਿੰਘ ਵਾਕਫ਼ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਮੇਲਿਆਂ ਤੇ ਤਿਉਹਾਰਾਂ ਤੇ ਲੋਕਾਂ ਨੂੰ ਪੁਸਤਕਾਂ ਨਾਲ ਜੋੜਨ ਲਈ ਜੁਟਾਏ ਜਾ ਰਹੇ ਯਤਨਾਂ ਨੂੰ ਹੁਣ ਬੂਰ ਪੈਣ ਲੱਗਾ ਹੈ. ਪਿੰਡਾਂ ਦੇ ਲੋਕ ਵੀ ਹੁਣ ਪੁਸਤਕਾਂ ਖਰੀਦਣ ਲਈ ਅਹੁਲਦੇ ਹਨ ਤੇ ਨੌਜਵਾਨਾਂ 'ਚ ਗਿਆਨ ਰਾਹੀਂ ਆਪਣਾ ਭਵਿੱਖ ਰੁਸ਼ਨਾਉਣ ਦੀ ਇੱਛਾ ਪਨਪਣ ਲੱਗੀ ਹੈ ਜਿਸ ਸਦਕਾ ਸਿਹਤ, ਵਿਗਿਆਨ, ਮਨੋਵਿਗਿਆਨ ਤੇ ਅਮਰ ਸ਼ਹੀਦਾਂ ਦੀਆਂ ਜੀਵਨੀਆਂ ਨਾਲ ਸਬੰਧਤ ਪੁਸਤਕਾਂ ਉਹਨਾਂ ਦੀ ਪਹਿਲੀ ਪਸੰਦ ਬਨਣ ਲੱਗੀਆਂ ਹਨ. ਆਗੂਆਂ ਨੇ ਦੱਸਿਆ ਕਿ ਪੁਸਤਕਾਂ ਹੁਣ ਉਹਨਾਂ ਲੋਕਾਂ ਕੋਲ ਪਹੁੰਚਣ ਲੱਗੀਆਂ ਹਨ ਜਿਨ੍ਹਾਂ ਲਈ ਲਿਖੀਆਂ ਜਾ ਰਹੀਆਂ ਹਨ. ਪ੍ਰਦਰਸ਼ਨੀ ਸਮੇਂ ਮੌਜੂਦ ਤਰਕਸ਼ੀਲ ਕਾਮੇ ਕੇ. ਸੀ. ਰੁਪਾਣਾ ਦਾ ਕਹਿਣਾ ਸੀ ਕਿ ਸੁਖਾਵੇਂ ਸਮਾਜ ਲਈ ਲਿਖੀਆਂ ਜਾ ਰਹੀਆਂ ਤਰਕਸ਼ੀਲ ਤੇ ਸਾਹਿਤਕ ਪੁਸਤਕਾਂ ਲੋਕਾਂ ਤੱਕ ਪਹੁੰਚਾ ਕੇ ਉਹ ਕਿਰਤ ਤੇ ਸਾਹਿਤ ਦੇ ਰਿਸ਼ਤੇ ਦੀ ਸਾਂਝ ਨੂੰ ਪਕੇਰਾ ਕਰਨ ਲਈ ਯਤਨਸ਼ੀਲ ਹਨ. ਦਿਨ ਭਰ ਲੱਗੀ ਪ੍ਰਦਰਸ਼ਨੀ ਚੋਂ ਤਰਕਸ਼ੀਲ ਲਹਿਰ ਦੀ ਪਲੇਠੀ ਪੁਸਤਕ ‘..ਤੇ ਦੇਵ ਪੁਰਸ਼ ਹਾਰ ਗਏ’, ਸ਼ਹੀਦ ਭਗਤ ਸਿੰਘ ਦੀ ‘ਜੇਲ਼ ਨੋਟ ਬੁੱਕ’, ‘ਤਕਨਾਲੋਜੀ ਦੀ ਸਿਆਸਤ’ ਤੇ ‘ਤਰਕ ਦੀ ਸਾਣ’ ਤੇ ਆਦਿ ਪੁਸਤਕਾਂ ਖਰੀਦਣ 'ਚ ਪਾਠਕਾਂ ਦੀ ਰੁਚੀ ਰਹੀ. ਪ੍ਰਦਰਸ਼ਨੀ ਮੌਕੇ ਗਿਆਨ ਵਿਗਿਆਨ ਤੇ ਚਿੰਤਨ ਦੀ ਆਵਾਜ਼ ‘ਤਰਕਸ਼ੀਲ ਮੈਗਜ਼ੀਨ’ ਦੇ ਚੰਦੇ ਵੀ ਭਰੇ ਗਏ. ਦੀਵਾਲੀ ਦੇ ਤਿਉਹਾਰ ਤੇ ਪੁਸਤਕਾਂ ਦੀ ਲੋਕਾਂ ਨਾਲ ਸਾਂਝ ਪੁਆਉਣ ਦੇ ਇਸ ਉੱਦਮ 'ਚ ਸ਼ਿਵਰਾਜ ਸਿੰਘ ਖੁੰਡੇ, ਜਸਵੰਤ ਸਿੰਘ ਤੇ ਪਰਮਿੰਦਰ ਸਿੰਘ ਨੇ ਵੀ ਭਰਵਾਂ ਸਹਿਯੋਗ ਦਿੱਤਾ. ਤਰਕਸ਼ੀਲਾਂ ਦੇ ਇਸ ਉੱਦਮ ਦੀ ਸਰਾਹਣਾ ਕਰਦਿਆਂ ਵਿਅੰਗ ਲੇਖਕ ਬਲਦੇਵ ਸਿੰਘ ਆਜ਼ਾਦ ਨੇ ਆਖਿਆ ਕਿ ਲੇਖਕਾਂ ਨੂੰ ਵੀ ਅਜਿਹੇ ਯਤਨਾਂ 'ਚ ਹੱਥ ਵਟਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਪੁਸਤਕਾਂ ਨਾਲ ਜੋੜ ਕੇ ਨਸ਼ਿਆਂ, ਅਗਿਆਨਤਾ ਤੇ ਗਲਤ ਕਦਰਾਂ ਕੀਮਤਾਂ ਨੂੰ ਮਾਤ ਦਿੱਤੀ ਜਾ ਸਕੇ.