ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਲਈ ਸਹਾਇਤਾ ਦੀ ਅਪੀਲ

         ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਨੇ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਪੀੜਤ ਲੋਕਾਂ ਲਈ ਰਾਹਤ ਸਮੱਗਰੀ ਪਹੁੰਚਾਈ ਹੈ ਤੇ ਹੋਰ ਵੀ ਉਹਨਾਂ ਦੀਆਂ ਲੋੜਾਂ ਅਨੁਸਾਰ ਪਹੁੰਚਾ ਰਹੀਆਂ ਹਨ। ਉਹਨਾਂ ਸਾਹਮਣੇ ਹੋਰ ਬਹੁਤ ਸਾਰੀਆਂ ਲੋੜਾਂ ਦਰਪੇਸ਼ ਹਨ। ਇਸ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ। ਉਹਨਾਂ ਦੀਆਂ ਲੋੜਾਂ ਵਿਚੋਂ ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ:) ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪਹਿਲੀ ਸ੍ਰੇਣੀ ਤੋਂ ਲੈ ਕੇ ਬਾਰਵੀਂ ਸ੍ਰੇਣੀ ਤੱਕ ਦੇ ਵਿਦਿਆਰਥੀਆਂ ਲਈ ਉਹਨਾਂ ਦੀ ਲੋੜ ਅਨੁਸਾਰ ਰਜਿਸਟਰ, ਕਾਪੀਆਂ, ਪੈਨ , ਪੈਨਸਲਾਂ ਆਦਿ ਸਟੇਸ਼ਨਰੀ ਦੇਣ ਦਾ ਫੈਸਲਾ ਕੀਤਾ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਰੀ ਟੀਮ ਕੁੱਝ ਸਮੇਂ ਤੋਂ ਇਸ ਕਾਰਜ ਲਈ ਸਹਾਇਤਾ ਰਾਸ਼ੀ ਇਕੱਠੀ ਕਰ ਰਹੀ ਹੈ। ਜਿਸ ਦੇ ਯਤਨਾਂ ਸਦਕਾ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਨੇ ਪਹਿਲੀ ਕਿਸ਼ਤ ਵਜੋਂ ਦਸ ਲੱਖ ਰੁਪਏ ਦੀ ਸਟੇਸ਼ਨਰੀ ਖਰੀਦ ਕੇ ਬੱਚਿਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਜਿਵੇਂ ਜਿਵੇਂ ਹੋਰ ਸਹਾਇਤਾ ਰਾਸ਼ੀ ਇਕੱਠੀ ਹੁੰਦੀ ਜਾਵੇਗੀ ਹੋਰ ਸਮੱਗਰੀ ਖਰੀਦ ਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਿੱਤੀ ਜਾਂਦੀ ਰਹੇਗੀ। ਸਹੀ ਵਿਦਿਆਰਥੀਆਂ ਦੀ ਸ਼ਨਾਖਤ ਕਰਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸੰਬੰਧਤ ਸੂਬਾ ਆਗੂਆਂ ਅਤੇ ਜੋਨ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਹਨ ਜੋ 30 ਸਤੰਬਰ 2025 ਤੱਕ ਵਿਦਿਆਰਥੀਆਂ ਦੀ ਸ੍ਰੇਣੀ ਵਾਇਜ਼ ਵੇਰਵੇ ਇਕੱਤਰ ਕਰਕੇ ਸੂਬਾ ਕਮੇਟੀ ਨੂੰ ਦੇਣਗੇ। ਉਸ ਅਨੁਸਾਰ ਕਿੱਟਾਂ ਬਣਾ ਕੇ ਵਿਦਿਆਰਥੀਆਂ ਨੂੰ ਸਮੱਗਰੀ ਦਿੱਤੀ ਜਾਵੇਗੀ।

          ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਾਰੇ ਮੈਂਬਰਾਂ, ਮੈਗਜ਼ੀਨ ਦੇ ਪਾਠਕਾਂ, ਹਮਦਰਦ ਸਾਥੀਆਂ ਅਤੇ ਹੋਰ ਉਹਨਾਂ ਸਾਰੇ ਸੱਜਣਾਂ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਉਹ ਆਪਣੀ ਆਪਣੀ ਸਮਰਥਾ ਅਨੁਸਾਰ ਇਸ ਜਰੂਰੀ ਕਾਰਜ਼ ਵਿੱਚ ਹਿੱਸਾ ਪਾਉਣ। ਸਹਾਇਤਾ ਰਾਸ਼ੀ ਸਿੱਧੀ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਦੇ ਖਾਤਾ ਨੰਬਰ 0044000100282234 IFSC ਕੋਡ PUNB0004400 ਪੰਜਾਬ ਨੈਸ਼ਨਲ ਬੈਂਕ ਬਰਨਾਲਾ ਰਾਹੀਂ ਵੀ ਭੇਜੀ ਜਾ ਸਕਦੀ ਹੈ। ਸਹਾਇਤਾ ਰਾਸ਼ੀ ਦੇ ਵੇਰਵੇ ਸੂਬਾ ਵਿਤ ਮੁਖੀ ਰਾਜੇਸ਼ ਅਕਲੀਆ ਨੂੰ ਮੋਬਾਈਲ ਨੰਬਰ 9815670725 ਦੇ ਵਟਸਐੱਪ ਤੇ ਜਾਂ ਕਿਸੇ ਵੀ ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਨੂੰ ਜਰੂਰ ਭੇਜਣ ਤਾਂ ਉਹ ਕਾਰਕੁੰਨ ਉਹ ਵੇਰਵੇ ਅੱਗੇ ਰਾਜ਼ੇਸ਼ ਅਕਲੀਆ ਨੂੰ ਭੇਜ ਸਕੇ। 

ਵੱਲੋਂ :- ਸੂਬਾ ਕਮੇਟੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਮੁੱਖ ਦਫਤਰ, ਤਰਕਸ਼ੀਲ ਭਵਨ, ਤਰਕਸ਼ੀਲ ਚੌਂਕ, ਬਰਨਾਲਾ (ਪੰਜਾਬ)

ਬਰਨਾਲਾ ਵਿਖੇ ਹੋਈ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾਈ ਇਕੱਤਰਤਾ

ਤਰਕਸ਼ੀਲ ਸੁਸਾਇਟੀ ਪੰਜਾਬ ਨੇ ਕੀਤੀ ਧਰਮ ਨੂੰ ਰਾਜਨੀਤੀ ਤੋਂ ਵੱਖ ਕਰਨ ਮੰਗ

ਬਰਨਾਲਾ 7 ਅਪ੍ਰੈਲ (ਸੁਮੀਤ ਅੰਮ੍ਰਿਤਸਰ ); ਤਰਕਸ਼ੀਲ ਸੁਸਾਇਟੀ ਪੰਜਾਬ ਦੀ ਦੋ ਰੋਜ਼ਾ ਸੂਬਾਈ ਸਾਲਾਨਾ ਇਕੱਤਰਤਾ ਦੇ ਦੂਸਰੇ ਦਿਨ ਹੋਏ ਦੋ ਸ਼ੈਸ਼ਨਾਂ ਵਿੱਚ ਤਰਕਸ਼ੀਲ ਕਾਰਕੁਨਾਂ ਵਿਚ ਚਿੰਤਨ, ਅਧਿਐਨ ਅਤੇ ਸਵੈ ਚਿੰਤਨ ਕਰਨ ਦੀ ਲੋੜ ਸਬੰਧੀ ਅਤੇ ਸਮਾਜ ਵਿਚ ਦਿਨੋਂ ਦਿਨ ਵੱਧ ਰਹੇ ਮਾਨਸਿਕ ਰੋਗਾਂ

ਦੇ ਕਾਰਣ ਤੇ ਇਲਾਜ ਵਿਸਥਾਰ ਵਿਚ ਚਰਚਾ ਕੀਤੀ ਗਈ। ਪਹਿਲੇ ਸੈਸ਼ਨ ਵਿਚ ਤਰਕਸ਼ੀਲ ਕਾਰਕੁਨਾਂ ਵਿਚ ਸਮਰਪਣ ਭਾਵਨਾ, ਚਿੰਤਨ, ਅਧਿਐਨ ਅਤੇ ਸਵੈ ਚਿੰਤਨ ਦੀ ਭਾਵਨਾ ਵਿਕਸਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਲੋਕ ਪੱਖੀ ਸਮਾਜਿਕ ਤਬਦੀਲੀ ਲਈ ਤਰਕਸ਼ੀਲ ਕਾਰਕੁਨਾਂ ਵਿਚ ਸਮਰਪਣ ਅਤੇ ਚਿੰਤਨ ਦੀ ਭਾਵਨਾ ਪੈਦਾ ਕਰਨ ਲਈ ਵਿਗਿਆਨਕ ਸਾਹਿਤ ਦੇ ਇਲਾਵਾ ਵਿਰੋਧੀ ਵਿਚਾਰਧਾਰਾ ਦੇ ਸਾਹਿਤ ਦਾ ਅਧਿਐਨ ਕਰਨ ਦੀ ਵੀ ਲੋੜ ਹੈ ਤਾਂ ਕਿ ਵਿਰੋਧੀਆਂ ਵਲੋਂ ਫੈਲਾਏ ਜਾਂਦੇ ਗੁੰਮਰਾਹਕੁੰਨ ਫ਼ਿਰਕੂ ਪ੍ਰਚਾਰ ਦਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਜਵਾਬ ਦਿੱਤਾ ਜਾ ਸਕੇ। ਇਸ ਮੌਕੇ ਤਰਕਸ਼ੀਲ ਸੁਸਾਇਟੀ ਨੂੰ ਨਿਰਸਵਾਰਥ ਸੇਵਾਵਾਂ ਦੇਣ ਕਰਕੇ ਡਾ. ਸਟਾਲਿਨਜੀਤ ਅਤੇ ਸੀ.ਏ. ਪ੍ਰਦੀਪ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ।

           ਦੂਸਰੇ ਸ਼ੈਸ਼ਨ ਵਿੱਚ ਮਾਨਸਿਕ ਰੋਗਾਂ ਦੇ ਮਾਹਿਰ ਤੇ ਮੁੱਖ ਬੁਲਾਰੇ ਡਾ.ਰਾਜ ਕੁਮਾਰ ਬਾਂਸਲ ਨੇ ਮਾਨਸਿਕ ਰੋਗਾਂ ਦੀਆਂ ਵੱਖ ਵੱਖ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਨਸਿਕ ਰੋਗਾਂ ਦਾ ਜਿਆਦਾਤਰ ਸੰਬੰਧ ਸਿੱਧੇ ਜਾਂ ਅਸਿੱਧੇ ਤੌਰ ਤੇ ਕਿਸੇ ਵਿਅਕਤੀ ਦੀਆਂ ਆਰਥਿਕ,ਪਰਿਵਾਰਕ, ਵਿਹਾਰਕ, ਮਨੋਵਿਗਿਆਨਕ ਅਤੇ ਸਮਾਜਿਕ ਹਾਲਤਾਂ ਨਾਲ ਜੁੜਿਆ ਹੁੰਦਾ ਹੈ। ਮਾਨਸਿਕ ਰੋਗਾਂ, ਖ਼ੁਦਕਸ਼ੀਆਂ, ਅੰਧ ਵਿਸ਼ਵਾਸਾਂ,ਵਹਿਮਾਂ ਭਰਮਾਂ ਵਿਰੁੱਧ ਲੜਾਈ ਨੂੰ ਤਦ ਤਕ ਨਹੀਂ ਜਿੱਤਿਆ ਜਾ ਸਕਦਾ। ਜਦ ਤਕ ਉਨਾਂ ਸਾਮਰਾਜ ਪੱਖੀ ਤੇ ਲੋਕ ਵਿਰੋਧੀ ਆਰਥਿਕ, ਸਮਾਜਿਕ, ਸਿਆਸੀ ਹਾਲਤਾਂ ਅਤੇ ਭ੍ਰਿਸ਼ਟ ਰਾਜ ਪ੍ਰਬੰਧ ਨੂੰ  ਬਦਲਿਆ ਨਹੀਂ ਜਾਂਦਾ। ਜਿਹੜਾ ਇਨਾਂ ਅਜਿਹੀਆਂ ਹਾਲਤਾਂ ਨੂੰ ਪੈਦਾ ਕਰਨ ਲਈ ਜ਼ਿੰਮੇਵਾਰ ਹੈ। ਉਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਵਲੋਂ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਮਾਨਸਿਕ ਉਲਝਣਾਂ ਦੇ ਹਜ਼ਾਰਾਂ ਕੇਸ ਹੱਲ ਕਰਨ ਦੀ ਪ੍ਰਸੰਸਾ ਕਰਦਿਆਂ ਲੋਕਾਂ ਨੂੰ ਇਨ੍ਹਾਂ ਦਾ ਇਲਾਜ ਦੰਭੀ ਬਾਬਿਆਂ ਤੇ ਡੇਰੇਦਾਰਾਂ ਕੋਲ ਜਾਣ ਦੀ ਥਾਂ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਕੋਲ ਕਰਵਾਉਣ ਦੀ ਲੋੜ ਉਤੇ ਜ਼ੋਰ ਦਿੱਤਾ।

           ਸਮਾਰੋਹ ਵਿੱਚ ਪਾਸ ਕੀਤੇ ਮਤਿਆਂ ਵਿਚ ਭਾਰਤ ਵਿਚ ਧਰਮ ਅਤੇ ਰਾਜਨੀਤੀ ਨੂੰ ਵੱਖ ਕਰਨ, ਫ਼ਿਰਕੂ ਨਫ਼ਰਤੀ ਭਾਸ਼ਣ ਕਰਨ ਉਤੇ ਸਖ਼ਤ ਪਾਬੰਦੀ ਲਗਾਉਣ, ਤਰਕਸ਼ੀਲ ਆਗੂਆਂ ਅਤੇ ਸਮਾਜਿਕ ਕਾਰਕੁਨਾਂ ਉਤੇ ਧਾਰਾ 295 ਅਤੇ 295ਏ ਹੇਠ ਦਰਜ ਝੂਠੇ ਅਤੇ ਨਜਾਇਜ਼ ਕੇਸਾਂ ਨੂੰ ਤੁਰੰਤ ਬਿਨਾਂ ਸ਼ਰਤ ਰੱਦ ਕਰਨ ਦੀ ਮੰਗ ਕਰਦਿਆਂ ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਬਣਾਉਣ ਸਮੇਤ ਕੌਮੀ ਸਿੱਖਿਆ ਨੀਤੀ 2020 ਸਮੇਤ ਸਿੱਖਿਆ ਦਾ ਭਗਵਾਂਕਰਨ, ਨਿੱਜੀਕਰਨ ਅਤੇ ਵਪਾਰੀਕਰਨ ਦੀ ਨੀਤੀ ਰੱਦ ਕਰਕੇ ਅਤੇ ਵਿਗਿਆਨਕ ਪਾਠਕ੍ਰਮਾਂ ਨੂੰ ਬਹਾਲ ਕਰਨ ਦੇ ਮਤੇ ਰਾਜ ਭਰ ਤੋਂ ਆਏ ਤਰਕਸ਼ੀਲ ਡੈਲੀਗੇਟਾਂ ਨੇ ਸਰਵਸੰਮਤੀ ਨਾਲ ਪਾਸ ਕੀਤੇ।

         ਦੋਹਾਂ ਸ਼ੈਸ਼ਨਾਂ ਵਿੱਚ ਹੋਈ ਮੁੱਲਵਾਨ ਚਰਚਾ ਵਿੱਚ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ, ਰਾਜਪਾਲ ਸਿੰਘ, ਬਲਬੀਰ ਲੌਂਗੋਵਾਲ, ਸੁਮੀਤ ਅੰਮ੍ਰਿਤਸਰ, ਅਜੀਤ ਪ੍ਰਦੇਸੀ, ਜਸਵੰਤ ਮੋਹਾਲੀ, ਜਸਵਿੰਦਰ ਫਗਵਾੜਾ, ਜੋਗਿੰਦਰ ਕੁੱਲੇਵਾਲ, ਰਾਮ ਸਵਰਨ ਲੱਖੇਵਾਲੀ, ਸੰਦੀਪ ਧਾਰੀਵਾਲ ਭੋਜਾਂ, ਸੱਤਪਾਲ ਸਲੋਹ, ਗੁਰਪ੍ਰੀਤ ਸ਼ਹਿਣਾ, ਰਾਜੇਸ਼ ਅਕਲੀਆ, ਭੂਰਾ ਸਿੰਘ ਮਹਿਮਾ, ਕੁਲਵੰਤ ਕੌਰ ਪਟਿਆਲਾ, ਪਰਮਵੇਦ ਸੰਗਰੂਰ, ਪ੍ਰਿੰਸੀਪਲ ਗੁਰਮੀਤ ਖਰੜ, ਕੁਲਜੀਤ ਫਾਜ਼ਿਲਕਾ, ਬਲਰਾਜ ਮੌੜ ਆਦਿ ਤਰਕਸ਼ੀਲ ਆਗੂਆਂ ਨੇ ਭਾਗ ਲਿਆ।

powered by social2s