ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 ਤੇ 20 ਅਕਤੂਬਰ 2024 ਨੂੰ

      ਇਸ ਵਾਰ ਦੀ  ਇਹ 6ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 19 (ਸ਼ਨੀਵਾਰ) ਤੇ 20 (ਐਂਤਵਾਰ) ਅਕਤੂਬਰ 2024 ਨੂੰ ਹੋ ਰਹੀ ਹੈ। ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ, ਭਾਰਤ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂੰ ਕਰਾਉਣ ਤੇ ਫਿਲਮੀ ਨਾਇਕਾਂ ਦੀ ਬਜਾਏ ਦੇਸ਼ ਲਈ ਕੁਰਬਾਨ ਹੋਣ ਵਾਲ਼ੇ ਸਮਾਜ ਦੇ ਅਸਲ ਨਾਇਕਾਂ ਦੇ ਰੁਬਰੂ ਕਰਵਾਉਣਾ ਹੈ। ਅਕਤੂਬਰ 2024 ਵਿੱਚ ਹੋਣ ਵਾਲੀ ਮਿਡਲ ਤੇ ਸੈਕੰਡਰੀ ਵਿਭਾਗਾਂ ਦੀ ਪ੍ਰੀਖਿਆ ਰਜਿਸਟ੍ਰੇਸ਼ਨ ਮਿਤੀ 30 ਸਤੰਬਰ ਹੈ। ਆਓ, ਇਸ ਵਾਸਤੇ ਨੇੜਲੀ ਤਰਕਸ਼ੀਲ ਇਕਾਈ ਨਾਲ ਸੰਪਰਕ ਕਰਕੇ ਵਿਦਿਅਰਥੀਆਂ ਤੇ ਸਮਾਜ ਦੇ ਚੰਗੇਰੇ ਭਵਿੱਖ ਲਈ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਦਾ ਹਿੱਸਾ ਬਣਾਈਏ। ਇਸ ਦੀ ਇਥੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।

ਵੱਲੋਂ;

ਤਰਕਸ਼ੀਲ ਸੁਸਾਇਟੀ ਪੰਜਾਬ

ਮੋਬਾ. 9501006626, 9872874620

ਨਵੇਂ ਫੌਜਦਾਰੀ ਕਾਨੂੰਨਾਂ ਵਿਰੁੱਧ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਵਿਆਪਕ ਵਿਰੋਧ ਦਾ ਫੈਸਲਾ

ਲੋਕ ਵਿਰੋਧੀ ਫੌਜਦਾਰੀ ਕਾਨੂੰਨਾਂ ਵਿਰੁੱਧ 21 ਜੁਲਾਈ ਨੂੰ ਜਲੰਧਰ ਵਿਖੇ ਸੂਬਾਈ ਸਾਂਝੀ ਕਨਵੈਨਸ਼ਨ ਦਾ ਸੱਦਾ

ਬਰਨਾਲਾ, 27 ਜੂਨ (ਹਰਚੰਦ ਭਿੰਡਰ): ਉੱਘੀ ਲੇਖਿਕਾ ਅਰੁੰਧਤੀ ਰੌਇ ਅਤੇ ਪ੍ਰੋ.ਸ਼ੇਖ ਸ਼ੌਕਤ ਹੁਸੈਨ ਵਿਰੁੱਧ ਕੇਸ ਦੀ ਤਿਆਰੀ ਅਤੇ ਨਵੇਂ ਲਾਗੂ ਹੋ ਰਹੇ ਫੌਜਦਾਰੀ ਕਾਨੂੰਨਾਂ ਖਿਲਾਫ਼ ਜਨਤਕ ਲਾਮਬੰਦੀ ਹਿਤ ਜਮਹੂਰੀ ਅਧਿਕਾਰ ਸਭਾ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੱਦੇ ਉੱਤੇ  ਤਰਕਸ਼ੀਲ ਭਵਨ ਬਰਨਾਲਾ ਵਿਖੇ ਪੰਜਾਬ

ਦੀਆਂ ਤਿੰਨ ਦਰਜਨ ਤੋਂ ਵਧੇਰੇ ਜਨਤਕ ਜਮਹੂਰੀ ਜਥੇਬੰਦੀਆਂ ਨੇ ਸੂਬਾ ਪੱਧਰੀ ਸਾਂਝੀ ਮੀਟਿੰਗ ਕੀਤੀ। ਇਸ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਜਮਹੂਰੀ

ਅਧਿਕਾਰ ਸਭਾ ਪੰਜਾਬ ਪ੍ਰੋ. ਜਗਮੋਹਨ ਸਿੰਘ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਥੇਬੰਦਕ ਮੁਖੀ ਰਜਿੰਦਰ ਭਦੌੜ ਨੇ ਕਿਹਾ ਕਿ ਨਿੱਠਵੀਂ ਚਰਚਾ ਪਿੱਛੋਂ ਫੈਸਲਾ ਕੀਤਾ ਗਿਆ ਕਿ ਅਰੁੰਧਿਤੀ ਰੌਇ ਤੇ ਪ੍ਰੋ.ਸ਼ੇਖ ਸ਼ੌਕਤ ਹੁਸੈਨ ਮਾਮਲੇ ਸਮੇਤ ਨਵੇਂ ਲਾਗੂ ਕੀਤੇ ਜਾ ਰਹੇ ਫੌਜਦਾਰੀ ਕਾਨੂੰਨਾਂ ਵਿਰੁੱਧ 1ਜੁਲਾਈ ਨੂੰ ਪੰਜਾਬ ਭਰ ਵਿੱਚ ਸਾਰੇ ਜ਼ਿਲ੍ਹਾ/ਤਹਿਸੀਲ ਪੱਧਰ ਉੱਤੇ ਵਿਰੋਧ ਪ੍ਰਦਰਸ਼ਨ ਕਰਦਿਆਂ ਉਕਤ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।

ਇਹ ਫੈਸਲਾ ਵੀ ਕੀਤਾ ਗਿਆ ਕਿ ਅਰੁੰਧਤੀ ਰੌਇ ਅਤੇ ਪ੍ਰੋ.ਸ਼ੌਕਤ ਹੁਸੈਨ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਯਤਨਾਂ ਨੂੰ ਪਿਛਲ ਮੋੜਾਂ ਦੇਣ ਲਈ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ 21 ਜੁਲਾਈ ਨੂੰ ਸੂਬਾ ਪੱਧਰੀ ਕਨਵੈਨਸ਼ਨ ਅਤੇ ਮੁਜ਼ਾਹਰਾ ਕੀਤਾ ਜਾਵੇਗਾ। ਅਗਲੇਰੇ ਸੰਘਰਸ਼ੀ ਕਦਮਾਂ ਸਬੰਧੀ ਇਸੇ ਤਰ੍ਹਾਂ ਸਾਂਝੇ ਮੰਚ 'ਤੇ ਇਕੱਠੇ ਹੋ ਕੇ ਲਗਾਤਾਰਤਾ 'ਚ ਸਮੇਂ ਸਮੇਂ ਵਿਉਂਤਬੰਦੀ ਉਲੀਕੀ ਜਾਵੇਗੀ। ਇਸ ਸਮੇਂ ਬੁਲਾਰਿਆਂ ਕਿਹਾ ਕਿ 26 ਜੂਨ 1975 ਨੂੰ  ਲੱਗੀ 'ਐਮਰਜੈਂਸੀ' ਐਲਾਨੀਆ ਸੀ ਪਰ ਹੁਣ 2014 ਤੋਂ ਅਣਐਲਾਨੀ ਐਮਰਜੈਂਸੀ ਦਾ ਦੌਰ ਚੱਲ ਰਿਹਾ ਜਿਹੜਾ ਕਿ ਦਿਨ-ਬ-ਦਿਨ ਘਟਣ ਦੀ  ਥਾਂ ਹੋਰ ਤਿੱਖਾ ਹੋ ਰਿਹਾ ਹੈ। ਡਾ. ਪਰਮਿੰਦਰ ਅਮ੍ਰਿਤਸਰ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਬਣਨ ਵਾਲੇ ਸੰਵੇਦਨਸ਼ੀਲ ਹਿੱਸਿਆਂ ਲੋਕ ਪੱਖੀ ਬੁੱਧੀਜੀਵੀਆਂ, ਚਿੰਤਕਾਂ, ਤਰਕਸ਼ੀਲਾਂ, ਸਾਹਿਤਕਾਰਾਂ, ਕਵੀਆਂ,ਕਲਾਕਾਰਾਂ, ਕਲਮਕਾਰਾਂ, ਰੰਗ ਕਰਮੀਆਂ ਤੇ ਜਮਹੂਰੀ ਜਥੇਬੰਦਕ ਆਗੂਆਂ/ਕਾਰਕੁਨਾਂ ਆਦਿ ਨੂੰ ਸੀਖਾਂ ਪਿੱਛੇ ਡੱਕ ਕੇ ਜ਼ਬਰੀ ਜ਼ੁਬਾਨਬੰਦੀ ਕਰਨ ਲਈ ਹਾਕਮ ਹਥਕੰਡੇ ਅਪਣਾਅ ਰਹੇ ਹਨ। ਕਿਹਾ ਕਿ ਲੋਕ ਲਹਿਰਾਂ ਦੀ ਉਸਾਰੀ ਕਰਕੇ ਇਸ ਲੋਕ ਵਿਰੋਧੀ ਸਰਕਾਰੀ ਵਰਤਾਰੇ ਦਾ ਡਟਵਾਂ ਵਿਰੋਧ ਸਮੇਂ ਦੀ ਅਣਸਰਦੀ ਲੋੜ ਹੈ। ਅਮੋਲਕ ਸਿੰਘ, ਹੇਮ ਰਾਜ ਸਟੈਨੋ, ਰਮਿੰਦਰ ਪਟਿਆਲਾ, ਮਨਜੀਤ ਧਨੇਰ, ਸੁਮੀਤ ਸਿੰਘ ਅਮ੍ਰਿਤਸਰ, ਪ੍ਰਿਤਪਾਲ ਬਠਿੰਡਾ, ਡਾ.ਅਰਵਿੰਦਰ ਕੌਰ ਕਾਕੜਾ, ਮੁਕੇਸ਼ ਮਲੌਦ, ਚਮਕੌਰ ਨੈਣੇਵਾਲ , ਜੁਗਰਾਜ ਸਿੰਘ ਟੱਲੇਵਾਲ, ਰਾਜੀਵ ਬਰਨਾਲਾ, ਬਲਬੀਰ ਚੰਦ ਲੌਂਗੋਵਾਲ ਤੇ ਭੋਲਾ ਸਿੰਘ ਸੰਘੇੜਾ ਆਦਿ ਨੇ ਵੀ ਵਿਚਾਰ ਰੱਖੇ।

ਮੀਟਿੰਗ ਦੌਰਾਨ ਜਮਹੂਰੀ ਅਧਿਕਾਰ ਸਭਾ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ, ਪੰਜਾਬ ਲੋਕ ਸੱਭਿਆਚਾਰਕ ਮੰਚ, ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ, ਪ੍ਰਗਤਸ਼ੀਲ ਲੇਖਕ ਸੰਘ, ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ, ਨੌਜਵਾਨ ਭਾਰਤ ਸਭਾ, ਮਜ਼ਦੂਰ ਮੁਕਤੀ ਮੋਰਚਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਪੰਜਾਬ, ਬੀਕੇਯੂ ਕਰਾਂਤੀਕਾਰੀ, ਬੀਕੇਯੂ ਏਕਤਾ ਉਗਰਾਹਾਂ, ਬੀਕੇਯੂ ਏਕਤਾ ਡਕੌਂਦਾ ਧਨੇਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਪਿੰਡ ਬਚਾਓ ਪੰਜਾਬ ਬਚਾਓ, ਮੋਲਡਰ ਐਂਡ ਸਟੀਲ ਵਰਕਰਜ਼਼ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ ਭੰਗਲ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ, ਇਸਤਰੀ ਜਾਗ੍ਰਿਤੀ ਮੰਚ, ਪੰਜਾਬ ਸਟੂਡੈਂਟਸ ਯੂਨੀਅਨ, ਇਨਕਲਾਬੀ ਕੇਂਦਰ ਪੰਜਾਬ,ਪੀਐਸਪੀਸੀਐਲ ਫੈਡਰੇਸ਼ਨ ਏਟਕ, ਦਲਿਤ ਤੇ ਮਜਦੂਰ ਮੁਕਤੀ ਮੋਰਚਾ, ਦੇਸ਼ਭਗਤ ਯਾਦਗਾਰ ਕਮੇਟੀ ਜਲੰਧਰ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਡੀਟੀਐੱਫ, ਨੌਜਵਾਨ ਭਾਰਤ ਸਭਾ, ਪੀਐੱਸਯੂ (ਲਲਕਾਰ), ਕਾਰਖਾਨਾ ਮਜ਼ਦੂਰ ਯੂਨੀਅਨ, ਟੈਕਨੀਕਲ ਹੌਜ਼ਰੀ ਕਾਮਗਾਰ ਯੂਨੀਅਨ (ਸਹਿਮਤੀ ਸਨੇਹਾ), ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ (ਸਹਿਮਤੀ ਸਨੇਹਾ), ਪੀਐੱਸਯੂ (ਸ਼ਹੀਦ ਰੰਧਾਵਾ), ਖੇਤੀਬਾੜੀ ਕਿਸਾਨ ਵਿਕਾਸ ਫਰੰਟ, ਪੀਐੱਸਪੀਸਐੱਲ ਪੈਨਸ਼ਨਰਜ਼ ਯੂਨੀਅਨ, ਨੌਜਵਾਨ ਭਾਰਤ ਸਭਾ, ਅਦਾਰਾ ਤਰਕਸ਼, ਵਰਗ ਚੇਤਨਾ ਮੰਚ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸ਼ੀਏਸ਼ਨ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਆਈਸਾ, ਬਾਬਾ ਜੀਵਨ ਸਿੰਘ ਸਟੂਡੈਂਟ ਲੀਗ, ਇਨਕਲਾਬੀ ਮਜ਼ਦੂਰ ਕੇਂਦਰ (ਸਹਿਮਤੀ), ਪੇਂਡੂ ਮਜ਼ਦੂਰ ਯੂਨੀਅਨ ਆਦਿ ਜਥੇਬੰਦੀਆਂ ਸ਼ਾਮਲ ਸਨ। ਜਦੋਂ ਕਿ ਸ਼ਹੀਦ ਭਗਤ ਵਿਚਾਰ ਮੰਚ(ਆਰਸੀਐਫ ਕਪੂਰਥਲਾ) ਤੇ ਇਨਕਲਾਬੀ ਮਜ਼ਦੂਰ ਕੇਂਦਰ ਨੇ ਸਹਿਮਤੀ ਭੇਜੀ।